ਅਬੋਹਰ ''ਚ ਹੋਏ ਖੂਨੀ ਤਕਰਾਰ ''ਚ ਗਈ ਇਕ ਹੋਰ ਦੀ ਜਾਨ, ਪੁਲਸ ਦੀ ਕਾਰਜਪ੍ਰਣਾਲੀ ''ਤੇ ਉੱਠੇ ਸਵਾਲ (ਤਸਵੀਰਾਂ)

08/18/2017 7:46:13 PM

ਅਬੋਹਰ (ਰਹੇਜਾ) : ਬੀਤੀ ਰਾਤ ਹਨੂਮਾਨਗੜ੍ਹ ਰੋੜ 'ਤੇ ਸਥਿਤ ਪੈਰਾਡਾਈਜ਼ ਪਲਾਜ਼ਾ ਦੇ ਬਾਹਰ ਹੋਈ ਖੂਨੀ ਝੜਪ ਵਿਚ ਥਾਣਾ ਨੰਬਰ 2 ਦੀ ਪੁਲਸ ਨੇ ਵਿਸ਼ੂ ਕਮਲ ਕੰਬੋਜ ਸਣੇ 4 ਅਤੇ 4 ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।  ਪੁਲਸ ਨੂੰ ਦਿੱਤੇ ਬਿਆਨਾਂ ਵਿਚ ਵਿਸ਼ੂ ਕਮਲ ਕੰਬੋਜ ਵਾਸੀ ਪਿੰਡ ਬੱਲੂਆਣਾ ਨੇ ਦੱਸਿਆ ਕਿ ਬੀਤੀ ਰਾਤ ਪੌਣੇ ਸੱਤ ਵਜੇ ਉਹ ਪੈਰਾਡਾਈਜ਼ ਮਾਲ 'ਚ ਸਥਿਤ ਆਪਣੀ ਇਲੈਕਟ੍ਰੋਨਿਕਸ ਦੀ ਦੁਕਾਨ ਦੇ ਬਾਹਰ ਬੈਠਾ ਸੀ ਕਿ ਜਗਮਨਦੀਪ ਸਿੰਘ ਉਰਫ ਮਿੰਕੂ ਪੁੱਤਰ ਗੁਰਦੇਵ ਸਿੰਘ, ਗੁਰਮੀਤ ਸਿੰਘ ਪੁੱਤਰ ਬਿੱਕਰ ਸਿੰਘ ਵਾਸੀ ਪਿੰਡ ਕੁੰਡਲ, ਸੁਰਿੰਦਰ ਭਾਂਬੂ ਪੁੱਤਰ ਰਾਧਾ ਕ੍ਰਿਸ਼ਨ ਗਲੀ ਨੰਬਰ 1 ਬਸੰਤ ਨਗਰੀ, ਬਲਦੇਵ ਸਿੰਘ ਪੁੱਤਰ ਮਹਿੰਦਰ ਸਿੰਘ ਗਲੀ ਨੰਬਰ 6 ਨੇ 4 ਹੋਰ ਅਣਪਛਾਤੇ ਲੋਕਾਂ ਸਣੇ ਉਸ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਦਰਜ ਦਿੱਤਾ, ਜਿਸ ਨਾਲ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਅਤੇ ਆਤਮ ਰੱਖਿਆ ਕਰਕੇ ਅਪਣੀ ਜਾਨ ਬਚਾਈ।
ਘਟਨਾ 'ਚ ਦੋ ਨੌਜਵਾਨਾਂ ਦੀ ਮੌਤ
ਘਟਨਾ ਤੋਂ ਬਾਅਦ ਗੰਭੀਰ ਰੂਪ ਨਾਲ ਜ਼ਖਮੀ ਹੋਏ ਗੁਰਮੀਤ ਸਿੰਘ ਪੁੱਤਰ ਬਿੱਕਰ ਸਿੰਘ ਦੀ ਬੀਤੀ ਦੇਰ ਸ਼ਾਮ ਸ਼੍ਰੀਗੰਗਾਨਗਰ 'ਚ ਇਲਾਜ ਦੇ ਦੌਰਾਨ ਮੌਤ ਹੋ ਗਈ, ਜਦਕਿ ਬਸੰਤ ਨਗਰੀ ਵਾਸੀ ਸੁਰਿੰਦਰ ਭਾਂਬੂ ਨੇ ਵੀ ਸ਼ੁੱਕਰਵਾਰ ਸਵੇਰੇ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ। ਦੋਵਾਂ ਲਾਸ਼ਾਂ ਨੂੰ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿਚ ਪੋਸਟਮਾਟਰਮ ਲਈ ਰਖਵਾਇਆ ਗਿਆ ਹੈ, ਜਦਕਿ ਬਾਕੀ 2 ਦਾ ਸ਼੍ਰੀਗੰਗਾਨਗਰ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।
ਪੁਲਸ ਦੀ ਲਾਪਰਵਾਹੀ ਨਾਲ ਉਜੜੇ 5 ਪਰਿਵਾਰ
ਪੈਰਾਡਾਈਜ਼ ਮਾਲ ਦੇ ਬਾਹਰ ਹੋਈ ਇਹ ਘਟਨਾ ਪੁਲਸ ਦੀ ਲਾਪਰਵਾਹੀ ਦਾ ਨਤੀਜਾ ਹੈ। ਜਿੱਥੇ ਇਕ ਪਾਸੇ ਮੁੱਖ ਮੰਤਰੀ ਗੈਂਗਵਾਰਾਂ ਨੂੰ ਖਤਮ ਕਰਨ ਲਈ ਐੱਸ. ਆਈ. ਟੀ. ਗਠਿਤ ਕੀਤੀ ਹੈ, ਉਥੇ ਅਬੋਹਰ ਨੇ ਕਈ ਮਾਮਲਿਆਂ 'ਚ ਨਾਮਜ਼ਦ ਪਿੰਡ ਕੁੰਡਲ ਦੇ ਸਰਪੰਚ ਜਗਮਨਦੀਪ ਸਿੰਘ ਮਿੰਕੂ ਸਣੇ ਉਸਦੇ ਸਾਥੀਆਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਪੁਲਸ ਦੀ ਢਿੱਲੀ ਕਾਰਜਪ੍ਰਣਾਲੀ ਨਾਲ ਜਗਮਨਦੀਪ ਸਿੰਘ ਅਤੇ ਉਸਦੇ ਸਾਥੀਆਂ ਦੇ ਹੌਂਸਲੇ ਇਨ੍ਹੇ ਬੁਲੰਦ ਹੋ ਗਏ ਕਿ ਉਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦੇ ਦਿੱਤਾ। ਪੁਲਸ ਹੁਣ ਸੱਪ ਨਿਕਲ ਜਾਣ ਤੋਂ ਬਾਅਦ ਲਾਠੀ ਕੁੱਟਣ ਵਾਲੀ ਕਹਾਵਤ ਦੀ ਕਾਰਵਾਈ ਕਰਨ ਦੀ ਗੱਲ ਕਰ ਰਹੀ ਹੈ। ਜੇਕਰ ਪੁਲਸ ਨੇ ਹਮਲਾਵਰਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦੀ ਤਾਂ ਪਰਿਵਾਰ ਉਜੜਨ ਨਾਲੋਂ ਬਚ ਜਾਂਦੇ।
ਡੀਆਈਜੀ ਪਹੁੰਚੇ ਘਟਨਾ ਵਾਲੀ ਥਾਂ 'ਤੇ
ਘਟਨਾ ਦੇ 20 ਘੰਟੇ ਬੀਤ ਜਾਣ ਦੇ ਬਾਅਦ ਡੀਆਈਜੀ ਫਿਰੋਜ਼ਪੁਰ ਰੇਂਜ ਰਾਜਿੰਦਰ ਸਿੰਘ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ। ਉਨ੍ਹਾਂ ਨਾਲ ਐੱਸਐੱਸਪੀ ਫਾਜ਼ਿਲਕਾ ਬਲਿਰਾਮ ਕੇਤਨ ਪਾਟਿਲ, ਐੱਸ. ਪੀ ਅਬੋਹਰ ਅਮਰਜੀਤ ਸਿੰਘ, ਡੀਐੱਸਪੀ ਅਬੋਹਰ, ਐੱਸਐੱਚਓ ਸਿਟੀ-2 ਸਣੇ ਭਾਰੀ ਪੁਲਸ ਬਲ ਤਾਇਨਾਤ ਸੀ। ਪੱਤਰਕਾਰਾਂ ਨੇ ਡੀਆਈਜੀ ਨਾਲ ਗੱਲ ਕਰਨੀ ਚਾਹੀ ਪਰ ਉਨ੍ਹਾਂ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।


Related News