ਸਿਵਲ ਹਸਪਤਾਲ ਦਾ ਬਲੱਡ ਬੈਂਕ ਖੂਨ ਤੋਂ ਸੱਖਣਾ

12/11/2017 1:18:42 PM

ਮਾਲੇਰਕੋਟਲਾ (ਯਾਸੀਨ)- ਸਰਕਾਰ ਦੀਆਂ ਲੋਕ ਵਿਰੋਧੀ ਸਕੀਮਾਂ ਕਾਰਨ ਸਿਵਲ ਹਸਪਤਾਲ ਮਾਲੇਰਕੋਟਲਾ 'ਚ ਚੱਲਦੇ ਬਲੱਡ ਬੈਂਕ ਵਿਖੇ ਖੂਨ ਦੀਆਂ ਬੋਤਲਾਂ ਨਾਂਹ ਦੇ ਬਰਾਬਰ ਰਹਿ ਗਈਆਂ ਹਨ। ਉਕਤ ਹਸਪਤਾਲ, ਜਿਥੋਂ ਖੂਨ ਦੀ ਸਪਲਾਈ ਇਥੇ ਦਾਖਲ ਮਰੀਜ਼ਾਂ ਤੋਂ ਇਲਾਵਾ ਆਲੇ-ਦੁਆਲੇ ਦੇ ਕਈ ਛੋਟੇ ਸ਼ਹਿਰਾਂ ਤੇ ਕਸਬਿਆਂ ਦੇ ਨਾਲ-ਨਾਲ ਵੱਡੀ ਗਿਣਤੀ 'ਚ ਪ੍ਰਾਈਵੇਟ ਹਸਪਤਾਲਾਂ ਨੂੰ ਕੀਤੀ ਜਾਂਦੀ ਹੈ, ਦੇ ਬਲੱਡ ਬੈਂਕ 'ਚ ਖੂਨ ਦੀ ਆਮਦ ਬਹੁਤ ਘੱਟ ਜਾਣ ਕਾਰਨ ਹਾਲਾਤ ਨਾਜ਼ੁਕ ਬਣੇ ਹੋਏ ਹਨ।
ਬਲੱਡ ਬੈਂਕ ਦੀ ਇੰਚਾਰਜ ਡਾ. ਜੋਤੀ ਕਪੂਰ ਅਨੁਸਾਰ ਇਕ ਮਹੀਨੇ 'ਚ ਖੂਨ ਦੀ ਲਾਗਤ 250-300 ਯੂਨਿਟ ਹੈ, ਜਦਕਿ ਪ੍ਰਤੀ ਮਹੀਨਾ 2 ਤੋਂ 3 ਖੂਨ ਦਾਨ ਕੈਂਪ ਲੱਗਦੇ ਹਨ। ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਨੂੰ ਖੂਨ ਦਾਨ ਕਰਨ ਲਈ ਪ੍ਰੇਰਿਤ ਕਰਨ ਲਈ ਕੋਈ ਖਾਸ ਮੁਹਿੰਮ ਨਹੀਂ ਚਲਾਈ ਜਾਂਦੀ। ਸਾਲ 'ਚ 2 ਖਾਸ ਦਿਨਾਂ ਜਾਂ ਖੂਨ ਦਾਨ ਕੈਂਪ ਮੌਕੇ ਹੀ ਲੋਕਾਂ ਨੂੰ ਖੂਨ ਦਾਨ ਦੀ ਅਹਿਮੀਅਤ ਤੋਂ ਜਾਣੂ ਕਰਵਾਇਆ ਜਾਂਦਾ ਹੈ।
ਡਾ. ਕਪੂਰ ਅਨੁਸਾਰ ਜ਼ਿਆਦਾ ਗਰਮੀ ਤੇ ਠੰਡ 'ਚ ਖੂਨ ਦਾਨ ਕੈਂਪ ਬਹੁਤ ਘੱਟ ਲੱਗਦੇ ਹਨ ਤੇ ਜੇਕਰ ਕੈਂਪ ਅਜਿਹੇ ਮੌਸਮਾਂ 'ਚ ਲੱਗਦੇ ਵੀ ਹਨ ਤਾਂ ਉਨ੍ਹਾਂ 'ਚ ਦਾਨੀ ਬਹੁਤ ਘੱਟ ਪਹੁੰਚਦੇ ਹਨ। ਹਸਪਤਾਲ 'ਚ ਸਿਰਫ 12-15 ਯੂਨਿਟ ਖੂਨ ਦੇ ਬਚੇ ਹਨ, ਜੋ ਐਮਰਜੈਂਸੀ ਲਈ ਵਰਤੇ ਜਾ ਸਕਦੇ ਹਨ। ਦੱਸਣਯੋਗ ਹੈ ਕਿ ਜ਼ਿਲਾ ਸੰਗਰੂਰ 'ਚ ਮਾਲੇਰਕੋਟਲਾ ਤੋਂ ਬਾਅਦ ਦੂਜਾ ਬਲੱਡ ਬੈਂਕ ਸੰਗਰੂਰ ਦੇ ਸਿਵਲ ਹਸਪਤਾਲ 'ਚ ਹੈ, ਜੋ ਇਥੋਂ 35 ਕਿਲੋਮੀਟਰ ਦੂਰ ਹੈ।
ਜਦੋਂ ਇਸ ਸੰਬੰਧੀ ਐੱਸ. ਐੱਮ. ਓ. ਸੰਗਰੂਰ ਨਾਲ ਫੋਨ 'ਤੇ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ।


Related News