ਇਸ ਵਾਰ ਰਾਮ ਰਹੀਮ ਦੇ ਡੇਰਾ ਪ੍ਰੇਮੀ ਮਨਾਉਣਗੇ ਕਾਲੀ ਦਿਵਾਲੀ

10/18/2017 12:04:59 PM


ਸਾਦਿਕ (ਪਰਮਜੀਤ) - ਡੇਰਾ ਸੱਚਾ ਸੌਦਾ ਸਰਸਾ ਦੇ ਗੱਦੀ ਨਸ਼ੀਨ ਗੁਰਮੀਤ ਰਾਮ ਰਹੀਮ ਸਿੰਘ ਦੇ ਜੇਲ ਜਾਣ ਤੋਂ ਬਾਅਦ ਡੇਰਾ ਪ੍ਰੇਮੀ ਗਹਰੇ ਸਦਮੇ 'ਚ ਹਨ। ਪੰਚਕੂਲਾ ਵਿਖੇ 25 ਅਗਸਤ ਨੂੰ ਵਾਪਰੀਆਂ ਘਟਨਾਵਾਂ ਅਤੇ 28 ਅਗਸਤ ਨੂੰ ਡੇਰਾ ਮੁਖੀ ਨੂੰ ਸਜ਼ਾ ਸੁਣਾਏ ਜਾਣ, ਡੇਰਾ ਪ੍ਰੇਮੀਆਂ ਦੀ ਪੁਲਸ ਵੱਲੋਂ ਫੜਾ ਫੜਾਈ ਤੋਂ ਲੈ ਕੇ ਅੱਜ ਤੱਕ ਡੇਰਾ ਪ੍ਰੇਮੀਆਂ ਵਿਚ ਰੋਸ ਦੀ ਲਹਿਰ ਚੱਲ ਰਹੀ ਹੈ ਤੇ ਪ੍ਰੇਮੀ ਇਸ ਫੈਸਲੇ ਨੂੰ ਸਿਆਸਤ ਤੋਂ ਪ੍ਰੇਰਿਤ ਦੱਸ ਰਹੇ ਹਨ। ਡੇਰਾ ਪ੍ਰੇਮੀਆਂ ਵੱਲੋਂ ਆਸ ਲਗਾਈਆਂ ਜਾ ਰਹੀਆਂ ਹਨ ਕਿ ਰਾਮ ਰਹੀਮ ਜਲਦੀ ਹੀ ਬਾਹਰ ਆਉਣਗੇ। ਕੱਲ ਨੂੰ ਦਿਵਾਲੀ ਦਾ ਤਿਉਹਾਰ ਹੈ ਤੇ ਲੋਕਾਂ ਨੇ ਜਿਥੇ ਘਰਾਂ ਤੇ ਦੁਕਾਨਾਂ 'ਚ ਸਫਾਈ ਅਤੇ ਰੰਗ ਕਰਕੇ ਸੁੰਦਰ ਬਣਾ ਲਿਆ ਤੇ ਦਿਵਾਲੀ ਮਨਾਉਣ ਦੀ ਤਿਆਰੀ ਕਰ ਲਈ ਹੈ ਉਥੇ ਹੀ ਡੇਰਾ ਪ੍ਰੇਮੀਆਂ ਵੱਲੋਂ ਪੰਚਕੂਲਾ ਦੀਆਂ ਵਾਪਰੀਆਂ ਘਟਨਾਵਾਂ ਨੂੰ ਲੈ ਕੇ ਰੋਸ ਵਜੋਂ ਕਾਲੀ ਦਿਵਾਲੀ ਮਨਾਉਣ ਲਈ ਸ਼ੋਸ਼ਲ ਮੀਡੀਆ ਤੇ ਪ੍ਰਚਾਰ ਕੀਤਾ ਜਾ ਰਿਹਾ ਹੈ। ਵਾਇਰਲ ਹੋਈਆਂ ਤਸਵੀਰਾਂ ਤੇ ਮੈਸੇਜ਼ ਵਿਚ ਲਿਖਿਆ ਜਾ ਰਿਹਾ ਹੈ ਕਿ 25 ਅਗਸਤ 2017 ਪੰਚਕੂਲਾ ਵਾਲਾ ਹੱਤਿਆਕਾਂਡ ਦੇ ਵਿਰੋਧ ਵਿਚ ਪ੍ਰੇਮੀਆਂ ਵੱਲੋਂ ਕਾਲੀ ਦਿਵਾਲੀ ਮਨਾਈ ਜਾਵੇਗੀ ਤੇ ਡੇਰਾ ਮੁਖੀ ਸੰਤ ਗੁਰਮੀਤ ਰਾਮ ਸਿੰਘ ਜੀ ਇੰਸਾਂ ਬੇਕਸੂਰ ਹਨ ਤੇ ਉਹ ਜਲਦੀ ਹੀ ਜੇਲ ਤੋਂ ਬਾਹਰ ਆ ਕੇ ਪ੍ਰੇਮੀਆਂ ਨੂੰ ਦਰਸ਼ਨ ਦੇਣਗੇ। ਜਿਸ ਦਿਨ ਗੁਰੂ ਜੀ ਬਾਹਰ ਆਉਣਗੇ ਸਾਡੀ ਤਾਂ ਉਸ ਦਿਨ ਦਿਵਾਲੀ ਹੋਵੇਗੀ ਤੇ ਉਸ ਸਮੇਂ ਘਿਓ ਦੇ ਦੀਵੇ ਬਾਲ ਕੇ ਦਿਵਾਲੀ ਮਨਾਈ ਜਾਵੇਗੀ। ਬਜ਼ਾਰ ਵਿਚ ਨੋਟਬੰਦੀ ਤੇ ਜੀ. ਐਸ. ਟੀ ਕਾਰਨ ਹਾਲ ਬੁਰਾ ਹੈ ਫਿਰ ਹਾਈਕੋਰਟ ਦੇ ਹੁਕਮਾਂ ਅਨੁਸਾਰ ਪਟਾਖਿਆਂ ਤੇ ਪਾਬੰਦੀ ਤੇ ਉਪਰੋਂ ਡੇਰਾ ਪ੍ਰੇਮੀਆਂ ਵੱਲੋਂ ਲਏ ਗਏ ਇਸ ਫੈਸਲੇ ਨੇ ਦੁਕਾਨਦਾਰਾਂ ਦੇ ਹੋਸ਼ ਉਡਾਏ ਹੋਏ ਹਨ। ਬਜ਼ਾਰਾਂ ਵਿਚ ਤਿਉਹਾਰਾਂ ਵਾਲੀਆਂ ਰੌਣਕਾਂ ਹੁਣ ਗਾਇਬ ਹਨ।
 


Related News