ਕਾਂਗਰਸ ਪਾਰਟੀ ਦਾ ਸਾਥ ਦੇਣ ''ਤੇ ਭਾਜਪਾ ਆਗੂ ਅਮਿਤ ਤਨੇਜਾ ਕੋਲੋਂ ਪਾਰਟੀ ਨੇ ਮੰਗਿਆ ਸਪੱਸ਼ਟੀਕਰਨ

12/12/2017 3:33:41 PM

ਜਲੰਧਰ (ਰਵਿੰਦਰ ਸ਼ਰਮਾ)— ਕਾਂਗਰਸੀ ਉਮੀਦਵਾਰ ਨਾਲ ਭਾਜਪਾ ਆਗੂ ਅਮਿਤ ਤਨੇਜਾ ਵੱਲੋਂ ਨਾਮਜ਼ਦਗੀ ਫਾਈਲ ਦਾਖਲ ਕਰਵਾਉਣ ਦਾ ਮਾਮਲਾ ਤੂਲ ਫੜਦਾ ਨਜ਼ਰ ਆ ਰਿਹਾ ਹੈ। ਜਗ ਬਾਣੀ 'ਚ ਖਬਰ ਛਪਣ ਤੋਂ ਬਾਅਦ ਜ਼ਿਲਾ ਪ੍ਰਧਾਨ ਰਮੇਸ਼ ਸ਼ਰਮਾ ਨੇ ਭਾਜਪਾ ਸੂਬਾ ਸੋਸ਼ਲ ਮੀਡੀਆ ਹੈੱਡ ਅਮਿਤ ਤਨੇਜਾ ਕੋਲੋਂ ਇਸ ਮਾਮਲੇ 'ਚ ਸਪੱਸ਼ਟੀਕਰਨ ਮੰਗਿਆ ਹੈ। ਸਪੱਸ਼ਟੀਕਰਨ ਦੇ ਜਵਾਬ ਤੋਂ ਬਾਅਦ ਮਾਮਲਾ ਨਵਾਂ ਰੰਗ ਲੈਂਦਾ ਨਜ਼ਰ ਆ ਰਿਹਾ ਹੈ। ਜ਼ਿਲਾ ਭਾਜਪਾ ਪ੍ਰਧਾਨ ਰਮੇਸ਼ ਸ਼ਰਮਾ ਦਾ ਕਹਿਣਾ ਹੈ ਕਿ ਅਮਿਤ ਤਨੇਜਾ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਉਹ ਰਿਟਰਨਿੰਗ ਅਧਿਕਾਰੀ ਕੋਲ ਕਿਸੇ ਕਾਂਗਰਸੀ ਆਗੂ ਨਹੀਂ, ਸਗੋਂ ਭਾਜਪਾ ਆਗੂ ਦੇ ਨਾਲ ਗਏ ਸਨ। ਜਿਸ ਫਾਈਲ ਦੀ ਗੱਲ ਕੀਤੀ ਜਾ ਰਹੀ ਹੈ, ਉਹ ਕਾਂਗਰਸੀ ਆਗੂ ਦੀ ਫਾਈਲ ਨਹੀਂ ਸੀ, ਸਗੋਂ ਭਾਜਪਾ ਆਗੂ ਦੀ ਫਾਈਲ ਸੀ। ਕਾਂਗਰਸੀ ਆਗੂਆਂ ਕੋਲ ਤਾਂ ਆਪਣੀ ਫਾਈਲ ਹੀ ਨਹੀਂ ਸੀ, ਸਿਰਫ ਫੋਟੋਆਂ ਖਿੱਚਵਾਉਣ ਦੇ ਚੱਕਰ 'ਚ ਕਾਂਗਰਸੀਆਂ ਨੇ ਭਾਜਪਾ ਉਮੀਦਵਾਰ ਦੀ ਫਾਈਲ ਆਪਣੇ ਹੱਥਾਂ ਵਿਚ ਲੈ ਲਈ ਸੀ ਅਤੇ ਅਮਿਤ ਤਨੇਜਾ ਤਾਂ ਕਾਂਗਰਸੀਆਂ ਕੋਲੋਂ ਉਸ ਫਾਈਲ ਨੂੰ ਖੋਹ ਰਹੇ ਸਨ। ਜ਼ਿਲਾ ਭਾਜਪਾ ਪ੍ਰਧਾਨ ਵੱਲੋਂ ਅਮਿਤ ਤਨੇਜਾ ਦੇ ਆਏ ਸਪੱਸ਼ਟੀਕਰਨ ਤੋਂ ਬਾਅਦ ਕਾਂਗਰਸੀ ਆਗੂ ਹਰਸਿਮਰਨਜੀਤ ਬੰਟੀ ਦਾ ਕਹਿਣਾ ਹੈ ਕਿ ਉਹ ਫਾਈਲ ਮੇਰੀ ਹੀ ਸੀ, ਨਾ ਕਿ ਕਿਸੇ ਭਾਜਪਾ ਆਗੂ ਦੀ। ਉਥੇ ਇਸ ਮਾਮਲੇ ਵਿਚ ਭਾਜਪਾ ਦੇ ਸੂਬਾ ਸੰਗਠਨ ਜਨਰਲ ਸਕੱਤਰ ਦਿਨੇਸ਼ ਕੁਮਾਰ ਦਾ ਕਹਿਣਾ ਹੈ ਕਿ ਮਾਮਲਾ ਬੇਹੱਦ ਗੰਭੀਰ ਹੈ ਅਤੇ ਜਾਂਚ ਕੀਤੀ ਜਾਵੇਗੀ ਅਤੇ ਜੇਕਰ ਅਜਿਹਾ ਹੈ ਤਾਂ ਸਖਤ ਨੋਟਿਸ ਲਿਆ ਜਾਵੇਗਾ। 


Related News