25 ਸਾਲ ਬਾਅਦ ਭਾਜਪਾ ਹੱਥੋਂ ਗਈ ਮੀਤ ਪ੍ਰਧਾਨ ਦੀ ਕੁਰਸੀ

09/22/2017 6:38:16 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) : ਸਥਾਨਕ ਨਗਰ ਕੌਂਸਲ ਵਿਖੇ ਸ਼ੁੱਕਰਵਾਰ ਨਗਰ ਕੌਂਸਲ ਦੇ ਮੀਤ ਪ੍ਰਧਾਨ ਦੀ ਹੋਈ ਚੋਣ ਵਿਚ ਕਾਂਗਰਸ ਹਮਾਇਤੀ ਬਾਗੀ ਧੜੇ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਵਰਨਣਯੋਗ ਹੈ ਕਿ 25 ਸਾਲ ਤੋਂ ਨਗਰ ਕੌਂਸਲ ਦੇ ਮੀਤ ਪ੍ਰਧਾਨ ਦੇ ਅਹੁਦੇ 'ਤੇ ਭਾਰਤੀ ਜਨਤਾ ਪਾਰਟੀ ਹੀ ਬਿਰਾਜਮਾਨ ਸੀ ਅਤੇ 25 ਸਾਲ ਬਾਅਦ ਮੀਤ ਪ੍ਰਧਾਨਗੀ ਦੀ ਜਿੱਤ ਕਾਂਗਰਸ ਨੇ ਪ੍ਰਾਪਤ ਕੀਤੀ ਹੈ। ਜਦਕਿ ਅਕਾਲੀ-ਭਾਜਪਾ ਦੀ ਹਮਾਇਤ ਪ੍ਰਾਪਤ ਉਮੀਦਵਾਰ ਨੂੰ ਹਾਰ ਮਿਲੀ। ਇਸ ਦੌਰਾਨ ਭਾਵੇਂ ਅਕਾਲੀ ਦਲ ਵੱਲੋਂ ਐਨ ਮੌਕੇ ਦਲਿਤ ਕਾਰਡ ਖੇਡਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਉਹ ਵੀ ਕਿਸੇ ਕੰਮ ਨਾ ਆਇਆ। ਨਗਰ ਕੌਂਲ ਦੀ ਸ਼ੁੱਕਰਵਾਰ ਹੋਈ ਮੀਟਿੰਗ ਦੌਰਾਨ ਅਕਾਲੀ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਸਮੇਤ 29 ਕੌਂਸਲਰ ਪਹੁੰਚੇ। ਡਿਪਟੀ ਕਮਿਸ਼ਨਰ ਸੁਮਿਤ ਜਾਰੰਗਲ ਵੱਲੋਂ ਮੀਟਿੰਗ ਲਈ ਕਨਵੀਨਰ ਲਾਏ ਗਏ ਤਹਿਸੀਲਦਾਰ ਇਕਬਾਲ ਸਿੰਘ ਦੀ ਅਗਵਾਈ ਵਿਚ ਮੀਟਿੰਗ ਦੀ ਸ਼ੁਰੂਆਤ ਹੋਈ। ਇਸ ਦੌਰਾਨ ਕਮਿਸ਼ਨਰ ਗੋਪਾਲ ਸਿੰਘ, ਕਾਰਜ ਸਾਧਕ ਅਫ਼ਸਰ ਰਜਨੀਸ਼ ਕੁਮਾਰ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ।
ਐਕਟ ਤੋਂ ਪਾਸੇ ਹੋ ਅਕਾਲੀ ਵਿਧਾਇਕ ਨੇ ਕੀਤੀ ਵੋਟਿੰਗ ਦੀ ਮੰਗ
ਤਹਿਸੀਲਦਾਰ ਅਤੇ ਮੀਟਿੰਗ ਦੇ ਕਨਵੀਨਰ ਇਕਬਾਲ ਸਿੰਘ ਨੇ ਜਿਵੇਂ ਹੀ ਚੋਣ ਮੀਟਿੰਗ ਦਾ ਸਿਲਸਿਲਾ ਸ਼ੁਰੂ ਕੀਤਾ ਤਾਂ ਉਨ੍ਹਾਂ ਉਮੀਦਵਾਰ ਪੇਸ਼ ਕਰਨ ਲਈ ਕਿਹਾ ਤਾਂ ਸਭ ਤੋਂ ਪਹਿਲਾ ਅਕਾਲੀ ਕੌਂਸਲਰ ਸੁਭਾਸ਼ ਚੰਦਰ ਕਾਲੀ ਖੁੰਗਰ ਨੇ ਵਾਰਡ ਨੰਬਰ 9 ਤੋਂ ਕਾਂਗਰਸ ਦੇ ਕੌਂਸਲਰ ਯਾਦਵਿੰਦਰ ਸਿੰਘ ਯਾਦੂ ਦਾ ਨਾਮ ਪੇਸ਼ ਕੀਤਾ, ਇਸ ਦੀ ਤਾਈਦ ਵੀ ਅਕਾਲੀ ਕੌਂਸਲਰ ਗੁਰਮੀਤ ਸਿੰਘ ਜੀਤਾ ਨੇ ਕੀਤੀ। ਇਸ ਉਪਰੰਤ ਭਾਜਪਾ ਕੌਂਸਲਰ ਸਤਪਾਲ ਪਠੇਲਾ ਨੇ ਭਾਜਪਾ ਦੀ ਕੌਂਸਲਰ ਰਪਿੰਦਰ ਬੱਤਰਾ ਦਾ ਨਾਮ ਪੇਸ਼ ਕੀਤਾ ਅਤੇ ਰਵਿੰਦਰ ਕਟਾਰੀਆ ਨੇ ਉਸਦੀ ਤਾਈਦ ਕੀਤੀ। ਇਸ ਦੌਰਾਨ ਹੀ ਅਕਾਲੀ ਕੌਂਸਲਰ ਪਰਮਿੰਦਰ ਸਿੰਘ ਪਾਸ਼ਾ ਨੇ ਦਲਿਤ ਕਾਰਡ ਖੇਡਦਿਆ ਬਾਗੀ ਖੇਮੇ ਵਿਚ ਹਾਜ਼ਰ ਭਾਜਪਾ ਕੌਂਸਲਰ ਸਿਮਰਜੀਤ ਕੌਰ ਦਾ ਨਾਮ ਪੇਸ਼ ਕਰ ਦਿੱਤਾ, ਜਿਸ ਦੀ ਤਾਈਦ ਰਾਮ ਸਿੰਘ ਪੱਪੀ ਨੇ ਕਰ ਦਿੱਤੀ ਪਰ ਗੱਲ ਉਦੋਂ ਹਾਸੋਹੀਣੀ ਹੋ ਗਈ ਜਦ ਸਿਮਰਜੀਤ ਕੌਰ ਨੇ ਖੁਦ ਕਹਿ ਦਿੱਤਾ ਕਿ 'ਮੈਂ ਉਮੀਦਵਾਰ ਹੀ ਨਹੀਂ ਹਾਂ'। ਇਸ ਉਪਰੰਤ ਜਦ ਐਕਟ ਮੁਤਾਬਿਕ ਤਹਿਸੀਲਦਾਰ ਇਕਬਾਲ ਸਿੰਘ ਨੇ ਉਮੀਦਵਾਰਾਂ ਨੂੰ ਹਮਾਇਤ ਵਿਚ ਹੱਥ ਖੜ੍ਹੇ ਕਰਨ ਲਈ ਕਿਹਾ ਤਾਂ ਵਿਧਾਇਕ ਰੋਜ਼ੀ ਬਰਕੰਦੀ ਨੇ ਕਿਹਾ ਕਿ ਵੋਟਿੰਗ ਕਰਵਾਈ ਜਾਵੇ। ਇਸ 'ਤੇ ਤਹਿਸੀਲਦਾਰ ਨੇ ਐਕਟ ਵਿਚ ਹੱਥ ਖੜ੍ਹੇ ਕਰਨ ਦੇ ਪ੍ਰਾਵਧਾਨ ਬਾਰੇ ਦੱਸਿਆ ਤਾਂ ਮੀਟਿੰਗ ਵਿਚ ਵੋਟਿੰਗ ਲਈ ਰੌਲਾ ਪਾ ਰਹੇ ਕੁਝ ਅਕਾਲੀ-ਭਾਜਪਾ ਕੌਂਸਲਰ ਚੁੱਪ ਕਰ ਗਏ। ਹੱਥ ਖੜ੍ਹੇ ਕਰਕੇ ਹੋਈ ਵੋਟਿੰਗ ਦੌਰਾਨ ਕਾਂਗਰਸ ਦੇ ਕੌਂਸਲਰ ਯਾਦਵਿੰਦਰ ਸਿੰਘ ਯਾਦੂ ਨੂੰ 19 ਵੋਟਾਂ ਮਿਲੀਆਂ ਜਦਕਿ ਭਾਜਪਾ ਦੀ ਕੌਂਸਲਰ ਨੂੰ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਦੀ ਵੋਟ ਸਮੇਤ ਮਹਿਜ਼ 10 ਵੋਟਾਂ ਹੀ ਮਿਲੀਆ।
ਇਸ ਤਰ੍ਹਾਂ ਯਾਦਵਿੰਦਰ ਸਿੰਘ ਯਾਦੂ ਇਸ ਦੌਰਾਨ ਮੀਤ ਪ੍ਰਧਾਨ ਚੁਣੇ ਗਏ। ਵਰਨਣਯੋਗ ਹੈ ਕਿ ਕਾਂਗਰਸੀ ਕੌਂਸਲਰ ਯਾਦਵਿੰਦਰ ਸਿੰਘ ਯਾਦੂ ਨੇ ਆਪਣੀ ਕੌਂਸ਼ਲ ਚੋਣ ਵਿਚ ਨਜਦੀਕੀ ਉਮੀਦਵਾਰ ਹਰਦੀਪ ਸਿੰਘ ਤੱਬੀ ਨੂੰ ਵਾਰਡ ਨੰਬਰ 9 ਤੋਂ ਮਹਿਜ 1 ਵੋਟ ਤੇ ਹਰਾਇਆ ਸੀ।


Related News