ਐਡਵੋਕੇਟ ਅਤੇ ਇੰਡੀਅਲ ਆਇਲ ਕਰਮਚਾਰੀ ਦੇ ਘਰ ''ਚ ਵੱਡੀ ਚੋਰੀ (ਵੀਡੀਓ)

05/30/2017 12:19:36 PM

ਦੀਨਾਨਗਰ/ਗੁਰਦਾਸਪੁਰ , (ਕਪੂਰ, ਵਿਨੋਦ, ਦੀਪਕ) — ਦੀਨਾਨਗਰ ਦੀ ਸ਼ੰਕਰ ਕਾਲੋਨੀ ਵਿਚ ਚੋਰਾਂ ਵੱਲੋਂ ਦੋ ਘਰਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ 100 ਤੋਲੇ ਸੋਨੇ ਦੇ ਗਹਿਣੇ ਅਤੇ 25 ਹਜ਼ਾਰ ਨਕਦੀ ਉਡਾਉਣ ਦਾ ਸਮਾਚਾਰ ਮਿਲਿਆ ਹੈ। ਦੋਵੇਂ ਘਟਨਾਵਾਂ ਵਿਚ ਚੋਰਾਂ ਵੱਲੋਂ ਬਾਰੀਆਂ ਦੀਆਂ ਗਰਿੱਲਾਂ ਪੁੱਟ ਕੇ ਅੰਦਰ ਦਾਖਲ ਹੋਣ ਮਗਰੋਂ ਘਰ ਅੰਦਰ ਸੌਂ ਰਹੇ ਮੈਂਬਰਾਂ ਦੇ ਕਮਰਿਆਂ ਨੂੰ ਬਾਹਰੋਂ ਕੁੰਡੀਆਂ ਲਾ ਕੇ ਬੰਦ ਕਰਨ ਦੀ ਗੱਲ ਸਾਹਮਣੇ ਆਈ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਦੀਨਾਨਗਰ ਪੁਲਸ ਅਤੇ ਫਿੰਗਰ ਪ੍ਰਿੰਟ ਮਾਹਿਰਾਂ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ। 
ਜਾਣਕਾਰੀ ਦਿੰਦਿਆਂ ਸ਼ੰਕਰ ਕਾਲੋਨੀ ਵਾਸੀ ਇੰਡੀਅਨ ਆਇਲ ਦੇ ਕਰਮਚਾਰੀ ਹਰੀ ਸ਼ਰਮਾ ਨੇ ਦੱਸਿਆ ਕਿ ਬੀਤੀ ਰਾਤ ਉਹ ਅਤੇ ਉਸ ਦੀ ਪਤਨੀ ਘਰ ਦੇ ਦੂਸਰੇ ਕਮਰੇ ਅੰਦਰ ਸੁੱਤੀ ਹੋਈ ਸੀ ਪਰ ਜਦੋਂ ਸਵੇਰੇ ਉਸ ਦੀ ਪਤਨੀ ਦੀ ਅੱਖ ਖੁੱਲ੍ਹੀ ਤਾਂ ਬਾਹਰੋਂ ਦਰਵਾਜ਼ੇ ਦੀ ਕੁੰਡੀ ਲੱਗੀ ਹੋਣ ਦੀ ਗੱਲ ਪਤਾ ਲੱਗੀ ਤਾਂ ਉਸ ਨੇ ਪੌੜੀਆਂ ਦੇ ਰਸਤਿਓਂ ਕੋਠੇ ਉਪਰੋਂ ਮੁੱਖ ਦਰਵਾਜ਼ੇ 'ਤੇ ਪਹੁੰਚ ਕੇ ਵੇਖਿਆ ਤਾਂ ਘਰ ਦੇ ਇਕ ਕਮਰੇ ਦੀ ਗਰਿੱਲ ਉੱਖੜੀ ਹੋਈ ਸੀ, ਜਿਸ 'ਤੇ ਉਨ੍ਹਾਂ ਨੇ ਅੰਦਰ ਜਾ ਕੇ ਜਾਂਚ ਕੀਤੀ ਤਾਂ ਅਲਮਾਰੀ 'ਚ ਰੱਖੇ 90 ਤੋਲੇ ਸੋਨੇ ਦੇ ਗਹਿਣੇ ਅਤੇ 15 ਹਜ਼ਾਰ ਰੁਪਏ ਨਕਦੀ ਚੋਰੀ ਹੋ ਚੁੱਕੀ ਸੀ। 
ਦੂਸਰੀ ਘਟਨਾ ਵਿਚ ਹਰੀ ਸ਼ਰਮਾ ਦੇ ਗੁਆਂਢ ਵਿਚ ਹੀ ਰਹਿੰਦੇ ਐਡਵੋਕੇਟ ਕੰਵਰ ਸਵਰਾਜ ਦੇ ਘਰ ਵੀ ਚੋਰਾਂ ਨੇ ਦਾਖਲ ਹੋ ਕੇ 10 ਤੋਲੇ ਸੋਨੇ ਦੇ ਗਹਿਣੇ ਅਤੇ 10 ਹਜ਼ਾਰ ਰੁਪਏ ਨਕਦੀ 'ਤੇ ਹੱਥ ਸਾਫ ਕਰ ਦਿੱਤਾ।


Related News