ਬੀਬੀ ਜਗੀਰ ਕੌਰ ਦਾ ਸਰਬੱਤ ਖਾਲਸਾ ਦੇ ਅਹੁਦੇਦਾਰਾਂ ''ਤੇ ਵੱਡਾ ਹਮਲਾ, ਦਿੱਤੀ ਸਖਤ ਪ੍ਰਤੀਕਿਰਿਆ

10/13/2017 4:20:09 PM

ਜਲੰਧਰ ( ਸੁਨੀਲ ਮਹਾਜਨ) — ਆਮ ਆਦਮੀ ਪਾਰਟੀ ਤੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਤੇ ਸਰਬਤ ਖਾਲਸਾ ਦੇ ਅਹੁਦੇਦਾਰ ਵਲੋਂ ਬੀਬੀ ਜਗੀਰ ਕੌਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤਲਬ ਕਰਨ ਦੇ ਮਾਮਲੇ 'ਚ ਸਖਤ ਪ੍ਰਤਿਕਿਰਿਆ ਦਿੰਦੇ ਹੋਏ ਅੱਜ ਬੀਬੀ ਜਗੀਰ ਕੌਰ ਨੇ ਜਲੰਧਰ ਸਥਿਤ ਪ੍ਰੈੱਸ ਕਲੱਬ 'ਚ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਕੁਝ ਗਲਤ ਤੇ ਅਜਿਹੇ ਲੋਕ ਜੋ ਖੁਦ ਸਿੱਖ ਰਹਿਤ ਮਰਿਆਦਾ ਦੀ ਪਾਲਣਾ ਨਹੀਂ ਕਰਦੇ ਹਨ ਉਨ੍ਹਾਂ ਨੂੰ ਮਾਨਸਿਕ ਤੌਰ 'ਤੇ ਪਰੇਸ਼ਾਨ ਤੇ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਬੀਬੀ ਜਗੀਰ ਕੌਰ ਨੇ ਸਪਸ਼ੱਟ ਤੌਰ 'ਤੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਆਪਣੇ ਪਰਿਵਾਰਕ ਮਾਮਲਿਆਂ ਨੂੰ ਸਿਆਸਤ 'ਚ ਸ਼ਾਮਲ ਨਹੀਂ ਕੀਤਾ ਹੈ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਤੇ ਐੱਸ. ਜੀ. ਪੀ. ਸੀ. 'ਚ ਪੂਰੀ ਇਮਾਨਦਾਰੀ ਨਾਲ ਤੇ ਲੋਕਾਂ ਦੇ ਪਿਆਰ ਸਦਕਾ ਕੰਮ ਕੀਤਾ ਹੈ। ਤਖਤ ਸ੍ਰੀ ਪਟਨਾ ਸਾਹਿਬ 'ਚ ਔਰਤਾਂ ਵਲੋਂ ਕੀਰਤਨ ਕੀਤੇ ਜਾਣ ਵਾਲੇ ਮਾਮਲੇ 'ਚ ਉਨ੍ਹਾਂ ਨੇ ਇਸ ਗੱਲ ਨੂੰ ਇਕ ਚੰਗਾ ਕਦਮ ਦਸਦੇ ਹੋਏ ਕਿਹਾ ਕਿ ਇਹ ਬਹੁਤ ਚੰਗੀ ਗੱਲ ਹੈ ਕਿ ਔਰਤਾਂ ਨੇ ਉਥੇ ਕੀਰਤਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਸ ਸਮੇਂ ਉਹ ਖੁਦ ਐੱਸ. ਜੀ. ਪੀ. ਸੀ. ਪ੍ਰਧਾਨ ਸੀ ਤਾਂ ਉਨ੍ਹਾਂ ਨੇ ਵੀ ਔਰਤਾਂ ਵਲੋਂ ਕੀਰਤਨ ਕੀਤੇ ਜਾਣ ਨੂੰ ਸਹੀ ਕਿਹਾ ਸੀ ਤੇ ਅੱਜ ਵੀ ਉਹ ਇਸ ਗੱਲ ਨੂੰ ਗਲਤ ਨਹੀਂ ਮੰਨਦੀ। ਉਨ੍ਹਾਂ ਦੇ ਮੁਤਾਬਕ ਜੋ ਵੀ ਔਰਤਾਂ ਦਾ ਜੱਥਾ ਕੀਰਤਨ ਕਰਨਾ ਚਾਹੁੰਦਾ ਹੈ ਉਹ ਸਿੱਖ ਮਰਿਆਦਾ ਤੇ ਗੁਰਬਾਨੀ ਕੀਰਤਨ ਕਰਨ 'ਚ ਨਿਪੁੰਨ ਹੋਣਾ ਚਾਹੀਦਾ ਹੈ।


Related News