ਭਾਰਤੀ ਕਿਸਾਨ ਯੂਨੀਅਨ ਵੱਲੋਂ ਸਰਕਾਰ ਖਿਲਾਫ ਨਾਅਰੇਬਾਜ਼ੀ

10/16/2017 2:25:42 AM

ਮੋਗਾ,  (ਪਵਨ ਗਰੋਵਰ/ਗੋਪੀ ਰਾਊਕੇ)-  ਭਾਰਤੀ ਕਿਸਾਨ ਯੂਨੀਅਨ ਨੇ ਮੋਗਾ ਦੇ ਬਹੋਨਾ ਚੌਕ 'ਚ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਧਰਨਾ ਦਿੱਤਾ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ, ਜ਼ਿਲਾ ਜਨਰਲ ਸਕੱਤਰ ਗੁਰਮੀਤ ਸਿੰਘ ਕਿਸ਼ਨਪੁਰਾ ਨੇ ਕਿਹਾ ਕਿ ਇਹ ਉਨ੍ਹਾਂ ਵੱਲੋਂ ਲਾਇਆ ਗਿਆ ਧਰਨਾ ਸਰਕਾਰ ਲਈ ਸੰਕੇਤਕ ਹੈ।  ਧਰਨੇ ਅਤੇ ਮੀਟਿੰਗ ਦੇ ਦੋ ਅਹਿਮ ਮੁੱਦੇ ਹਨ, ਪਹਿਲਾ ਮੁੱਦਾ ਪਰਾਲੀ ਸਾੜਨ ਨਾਲ ਹੈ ਕਿਉਂਕਿ ਪੰਜਾਬ ਸਰਕਾਰ ਡੰਡੇ ਦੇ ਜ਼ੋਰ 'ਤੇ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕ ਰਹੀ ਹੈ ਪਰ ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਅਨੁਸਾਰ ਕਿਸੇ ਵੀ ਇਕ ਕਿਸਾਨ ਨੂੰ ਪਰਾਲੀ ਨੂੰ ਖੇਤਾਂ 'ਚ ਨਸ਼ਟ ਕਰਨ ਲਈ ਕੋਈ ਸੰਦ ਜਾਂ ਮਸ਼ੀਨਰੀ ਨਹੀਂ ਦਿੱਤੀ ਗਈ। 
ਦੂਸਰਾ ਮੁੱਦਾ ਬੁੱਘੀਪੁਰਾ ਦੀ ਜ਼ਮੀਨ ਐਕਵਾਇਰ ਕਰਨ ਸਬੰਧੀ ਹੈ। ਉਨ੍ਹਾਂ ਕਿਹਾ ਕਿ ਜਲੰਧਰ-ਬਰਨਾਲਾ ਰੋਡ ਨੰਬਰ ਐੱਲ. ਐੱਚ.-71, ਜੋ ਕਿ ਇਕ ਨਿੱਜੀ ਕੰਪਨੀ ਵੱਲੋਂ ਚੌੜਾ ਕੀਤਾ ਜਾ ਰਿਹਾ ਹੈ। ਸੜਕ 'ਤੇ ਸਥਿਤ ਕਿਸਾਨ ਸੁਖਪਾਲ ਸਿੰਘ, ਕੁਲਵੰਤ ਸਿੰਘ ਅਤੇ ਲੱਖਾ ਰਾਮ ਦੀ ਜ਼ਮੀਨ 'ਤੇ ਕਬਜ਼ਾ ਕਰਨ ਉਪਰੰਤ ਕੰਪਨੀ ਵੱਲੋਂ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ। 
ਉਨ੍ਹਾਂ ਕਿਹਾ ਕਿ ਉਹ ਕੁਝ ਦਿਨ ਪਹਿਲਾਂ ਇਸ ਸਬੰਧੀ ਡਿਪਟੀ ਕਮਿਸ਼ਨਰ ਮੋਗਾ ਨੂੰ ਮਿਲੇ ਸਨ ਪਰ ਪੀੜਤਾਂ ਦੀ ਕੋਈ ਸੁਣਵਾਈ ਨਹੀਂ ਹੋਈ। ਹੁਣ ਸਾਨੂੰ ਡਿਪਟੀ ਕਮਿਸ਼ਨਰ ਨੇ 16 ਅਕਤੂਬਰ ਨੂੰ ਮਿਲਣ ਦਾ ਸਮਾਂ ਦਿੱਤਾ ਹੈ, ਜੇਕਰ ਫਿਰ ਵੀ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਕਿਸਾਨ, ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕਰ ਕੇ ਵੱਡਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। 
ਇਸ ਸਮੇਂ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ, ਜ਼ਿਲਾ ਜਨਰਲ ਸਕੱਤਰ ਗੁਰਮੀਤ ਸਿੰਘ ਕਿਸ਼ਨਪੁਰਾ, ਬਲਾਕ ਪ੍ਰਧਾਨ ਗੁਰਭਿੰਦਰ ਸਿੰਘ ਕੋਕਰੀ ਤੋਂ ਇਲਾਵਾ ਵੱਡੀ ਗਿਣਤੀ ਕਿਸਾਨ ਆਗੂ ਮੌਜੂਦ ਸਨ। 


Related News