ਭਾਰਤੀ ਕਿਸਾਨ ਯੂਨੀਅਨ ਨੇ ਦਿੱਤਾ ਥਾਣੇ ਅੱਗੇ ਧਰਨਾ

10/17/2017 1:32:24 AM

ਬੱਧਨੀ ਕਲਾਂ,  (ਬੱਬੀ)- ਪਿੰਡ ਰਾਮਾਂ ਵਿਖੇ ਇਕ ਕਿਸਾਨ ਆਗੂ, ਜੋ ਕਿ ਭਾਰਤੀ ਕਿਸਾਨ ਯੂਨੀਅਨ ਦੀ ਪਿੰਡ ਇਕਾਈ ਦਾ ਪ੍ਰਧਾਨ ਹੈ, ਦੀ ਪਿੰਡ ਦੇ ਹੀ ਇਕ ਅਕਾਲੀ ਆਗੂ ਵੱਲੋਂ ਕੁੱਟਮਾਰ ਕਰਵਾਉਣ ਦੇ ਮਾਮਲੇ 'ਚ ਅੱਜ ਥਾਣਾ ਬੱਧਨੀ ਕਲਾਂ ਦੇ ਮੇਨ ਗੇਟ ਅੱਗੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਵੱਲੋਂ ਧਰਨਾ ਦਿੱਤਾ ਗਿਆ।  ਕਰੀਬ ਦੋ ਘੰਟੇ ਲੱਗੇ ਇਸ ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲਾ ਪ੍ਰਧਾਨ ਅਮਰਜੀਤ ਸਿੰਘ ਸੈਦੋਕੇ, ਮੀਤ ਪ੍ਰਧਾਨ ਤਰਲੋਕ ਸਿੰਘ ਹਿੰਮਤਪੁਰਾ, ਬਲਾਕ ਪ੍ਰਧਾਨ ਗੁਰਚਰਨ ਸਿੰਘ ਰਾਮਾਂ ਅਤੇ ਨੌਜਵਾਨ ਭਾਰਤ ਸਭਾ ਦੇ ਕਰਮ ਸਿੰਘ ਰਾਮਾਂ ਨੇ ਕਿਹਾ ਕਿ ਪਿੰਡ ਰਾਮਾਂ ਵਿਖੇ ਪਸ਼ੂ ਹਸਪਤਾਲ ਨੂੰ ਜਾਂਦੀ ਗਲੀ ਨੂੰ ਪੱਕਾ ਕਰਵਾਉਣ ਲਈ ਪਿਛਲੇ ਇਕ ਸਾਲ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ, ਜਿਸ ਤਹਿਤ ਜਥੇਬੰਦੀ ਇਹ ਮੰਗ ਕਰਦੀ ਆ ਰਹੀ ਹੈ ਕਿ ਗਲੀ ਨੂੰ ਪੁੱਟਣ, ਭਰਤ ਪਾਉਣ ਅਤੇ ਇੱਟਾਂ ਦੀ ਚਿਣਾਈ ਕਰਵਾਉਣ ਦਾ ਸਾਰਾ ਖਰਚ ਪੰਚਾਇਤ ਵੱਲੋਂ ਸਰਕਾਰੀ ਗ੍ਰਾਂਟ 'ਚੋਂ ਕੀਤਾ ਜਾਵੇ ਪਰ ਪੰਚਾਇਤ ਅਤੇ ਬੀ. ਡੀ. ਪੀ. ਓ. ਦਫਤਰ ਵੱਲੋਂ ਸਾਡੀ ਇਹ ਮੰਗ ਅਣਸੁਣੀ ਕੀਤੀ ਜਾਂਦੀ ਰਹੀ ਹੈ। 
ਪਿਛਲੇ ਦਿਨੀਂ ਇਸ ਗੱਲ ਤੋਂ ਅੱਕ ਕੇ ਇਕ ਅਕਾਲੀ ਆਗੂ ਵੱਲੋਂ ਪਿੰਡ ਦੀ ਇਕਾਈ ਦੇ ਪ੍ਰਧਾਨ ਹਰਨੇਕ ਸਿੰਘ 'ਤੇ ਹਮਲਾ ਕਰਵਾ ਕੇ ਉਸ ਸਮੇਂ ਜ਼ਖ਼ਮੀ ਕਰ ਦਿੱਤਾ ਗਿਆ, ਜਦੋਂ ਉਹ ਖੇਤਾਂ 'ਚੋਂ ਗੇੜਾ ਮਾਰ ਕੇ ਪੈਦਲ ਘਰ ਆ ਰਿਹਾ ਸੀ। ਆਗੂਆਂ ਨੇ ਕਿਹਾ ਕਿ ਬੱਧਨੀ ਕਲਾਂ ਪੁਲਸ ਵੱਲੋਂ ਭਾਵੇਂ ਪਰਚਾ ਤਾਂ ਦਰਜ ਕਰ ਲਿਆ ਗਿਆ ਪਰ ਉਸ ਦੀ ਗ੍ਰਿਫਤਾਰੀ ਅੱਜ ਤੱਕ ਨਹੀਂ ਕੀਤੀ ਗਈ ਸਗੋਂ ਹਰਨੇਕ ਸਿੰਘ 'ਤੇ ਵੀ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਬੁਲਾਰਿਆਂ ਨੇ ਉਕਤ ਆਗੂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਅਤੇ ਹਰਨੇਕ ਸਿੰਘ ਖਿਲਾਫ ਦਰਜ ਕੀਤਾ ਝੂਠਾ ਮੁਕੱਦਮਾ ਰੱਦ ਕਰਨ ਦੀ ਮੰਗ ਕੀਤੀ। 


Related News