ਸਰਕਾਰਾਂ ਵਲੋਂ ਕੀਤੀ ਬਰਬਾਦੀ ਦੇਖ ਕੇ ਮਹਾਨ ਸ਼ਹੀਦਾਂ ਦੀਆਂ ਰੂਹਾਂ ਤੜਫਦੀਆਂ ਹੋਣਗੀਆਂ : ਭਗਵੰਤ ਮਾਨ

08/17/2017 9:47:18 PM

ਈਸੜੂ/ਖੰਨਾ (ਬੈਨੀਪਾਲ/ ਬਿਪਨ/ ਕਮਲ)-ਗੋਆ ਦੀ ਆਜ਼ਾਦੀ 'ਚ ਅਹਿਮ ਰੋਲ ਅਦਾ ਕਰਨ ਵਾਲੇ ਪਿੰਡ ਈਸੜੂ ਦੇ ਸਪੂਤ ਸ਼ਹੀਦ ਕਰਨੈਲ ਸਿੰਘ ਅਤੇ ਕਿਸਾਨ ਆਗੂ ਸ਼ਹੀਦ ਭੁਪਿੰਦਰ ਸਿੰਘ ਦੇ ਸ਼ਹੀਦੀ ਦਿਵਸ ਮੌਕੇ 'ਆਪ' ਅਤੇ ਲੋਕ ਇਨਸਾਫ ਪਾਰਟੀ ਦੀ ਸਾਂਝੀ ਰਿਕਾਡਤੋੜ ਇਕੱਠ ਵਾਲੀ ਸ਼ਹੀਦੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਪੰਜਾਬ ਕਨਵੀਨਰ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਭਾਰਤ ਛੱਡੋ ਅੰਦੋਲਨ 'ਤੇ ਸੰਸਦ 'ਚ ਚਰਚਾ ਦੌਰਾਨ ਆਜ਼ਾਦੀ ਲਈ 90 ਫੀਸਦੀ ਤੋਂ ਵੱਧ ਸ਼ਹੀਦੀਆਂ ਦੇਣ ਵਾਲੇ ਪੰਜਾਬੀਆਂ ਨੂੰ ਨਜ਼ਰਅੰਦਾਜ਼ ਕਰ ਕੇ ਸਾਡੇ ਸ਼ਹੀਦਾਂ ਦਾ ਅਪਮਾਨ ਕੀਤਾ ਹੈ।
ਦੇਸ਼ ਦੀਆਂ ਸਰਕਾਰਾਂ ਵਲੋਂ ਕੀਤੀ ਬਰਬਾਦੀ ਦੇਖ ਕੇ ਅੱਜ ਸਾਡੇ ਮਹਾਨ ਸ਼ਹੀਦਾਂ ਦੀਆਂ ਰੂਹਾਂ ਤੜਫਦੀਆਂ ਹੋਣਗੀਆਂ ਕਿ ਮੌਕੇ ਦੇ ਹਾਕਮ ਇਹ ਕਾਲੇ ਅੰਗਰੇਜ਼ ਤਾਂ ਉਸ ਵਕਤ ਦੇ ਗੋਰੇ ਅੰਗਰੇਜ਼ਾਂ ਨਾਲੋਂ ਵੀ ਦੇਸ਼ ਲਈ ਜ਼ਿਆਦਾ ਖਤਰਨਾਕ ਸਾਬਤ ਹੋ ਚੁੱਕੇ ਹਨ। 
ਕਾਂਗਰਸ ਸਰਕਾਰ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਦੌਰਾਨ ਜੋ ਵਾਅਦੇ ਕੀਤੇ ਸਨ ਹੁਣ ਉਹ ਕੀਤੇ ਵਾਅਦਿਆਂ ਤੋਂ ਭੱਜ ਕੇ ਪੰਜਾਬ ਦੇ ਲੋਕਾਂ ਨਾਲ ਵੱਡਾ ਧੋਖਾ ਕਰ ਰਹੇ ਹਨ ਪਰ ਅਸੀਂ ਵਿਰੋਧੀ ਧਿਰ 'ਚ ਹੁੰਦਿਆਂ, ਇਨ੍ਹਾਂ ਨੂੰ ਕੀਤੇ ਵਾਅਦਿਆਂ ਤੋਂ ਭੱਜਣ ਨਹੀਂ ਦੇਵਾਂਗੇ।
ਕੇਂਦਰ ਸਰਕਾਰ 'ਤੇ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਸੁਆਮੀਨਾਥਨ ਰਿਪੋਰਟ ਲਾਗੂ ਨਾ ਕਰ ਕੇ ਕਿਸਾਨਾਂ ਨਾਲ ਧੋਖਾ ਕੀਤਾ ਗਿਆ ਹੈ ਜਿਸ ਕਰ ਕੇ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋਇਆ ਪਿਆ ਹੈ। 
ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਦੇਸ਼ ਦੀ ਆਮ ਜਨਤਾ ਲਈ ਆਜ਼ਾਦੀ ਦਾ ਅੱਜ ਕੋਈ ਖਾਸ ਮਹੱਤਵ ਨਹੀਂ ਰਹਿ ਗਿਆ, ਪੰਜਾਬੀਆਂ ਵਲੋਂ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਦੇਣ ਦੇ ਬਾਵਜੂਦ ਸਮੇਂ ਦੀਆਂ ਰਵਾਇਤੀ ਸਰਕਾਰਾਂ ਵਲੋਂ ਪੰਜਾਬ ਨੂੰ ਪੂਰੀ ਤਰ੍ਹਾਂ ਬਰਬਾਦ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ।      
ਇਸ ਸਮੇਂ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ, ਸੂਬਾ ਉਪ ਪ੍ਰਧਾਨ ਅਮਨ ਅਰੋੜਾ, ਸੰਸਦੀ ਸਾਧੂ ਸਿੰਘ, ਵਿਧਾਇਕ ਜਗਤਾਰ ਸਿੰਘ ਰਾਏਕੋਟ, ਵਿਧਾਇਕ ਸਰਬਜੀਤ ਕੌਰ ਮਾਣੂਕੇ, ਵਿਧਾਇਕ ਪ੍ਰੋ. ਬਲਜਿੰਦਰ ਕੌਰ ਤਲਵੰਡੀ ਸਾਬੋ, ਵਿਧਾਇਕ ਅਮਰਜੀਤ ਸਿੰਘ ਰੋਪੜ, ਵਿਧਾਇਕ ਪਿਰਮਲ ਸਿੰਘ ਖਾਲਸਾ, ਵਿਧਾਇਕ ਕੁਲਤਾਰ ਸਿੰਘ ਸੰਧਵਾ, ਵਿਧਾਇਕ ਹਰਪਾਲ ਸਿੰਘ ਚੀਮਾ, ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਆਦਿ ਹਾਜ਼ਰ ਸਨ ।


Related News