ਸਰਕਾਰੀ ਸਕੀਮਾਂ ਦੇ ਲਾਭ ਦਾ ਝਾਂਸਾ ਦੇ ਕੇ ਪਿੰਡ ਵਾਸੀਆਂ ਨਾਲ ਮਾਰੀ ਠੱਗੀ

08/17/2017 10:50:08 AM


ਫਰੀਦਕੋਟ(ਹਾਲੀ) - ਜ਼ਿਲੇ ਦੇ ਕੁਝ ਪਿੰਡਾਂ ਵਿਚ ਸ਼ਾਤਰ ਦਿਮਾਗ ਨੌਜਵਾਨਾਂ ਵੱਲੋਂ ਲੋਕਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਦਿਵਾਉਣ ਦਾ ਝਾਂਸਾ ਦੇ ਕੇ ਉਨ੍ਹਾਂ ਤੋਂ ਲੱਖਾਂ ਰੁਪਏ ਬਟੋਰੇ ਜਾ ਰਹੇ ਹਨ। 
ਜਾਣਕਾਰੀ ਅਨੁਸਾਰ ਦੋ ਨੌਜਵਾਨਾਂ ਨੇ ਜ਼ਿਲੇ ਦੇ ਪਿੰਡ ਮੋਰਾਂਵਾਲੀ, ਨੰਗਲ ਤੇ ਦੀਪ ਸਿੰਘ ਵਾਲਾ ਵਿਚ ਜਾ ਕੇ ਆਪਣੇ ਲੈਪਟਾਪ ਰਾਹੀਂ ਲੋਕਾਂ ਦੇ ਫ਼ਾਰਮ ਭਰਨ ਦਾ ਡਰਾਮਾ ਕਰ ਕੇ ਹਰੇਕ ਵਿਅਕਤੀ ਤੋਂ ਪ੍ਰਤੀ ਫ਼ਾਰਮ 200 ਰੁਪਏ ਦੇ ਹਿਸਾਬ ਨਾਲ ਇਕੱਠੇ ਕਰ ਲਏ। ਅੱਜ ਜਦੋਂ ਇਹ ਨੌਜਵਾਨ ਪਿੰਡ ਨੰਗਲ ਵਿਚ ਲੋਕਾਂ ਦੇ ਫ਼ਾਰਮ ਭਰਨ ਗਏ ਤਾਂ ਪਿੰਡ ਵਾਸੀ ਬਲਕਰਨ ਸਿੰਘ, ਗੁਰਪਾਲ ਸਿੰਘ, ਅਮਨਦੀਪ ਸਿੰਘ ਤੇ ਅਰਸ਼ਦੀਪ ਸਿੰਘ ਨੇ ਇਨ੍ਹਾਂ ਵਿਅਕਤੀਆਂ ਨੂੰ ਘੇਰ ਲਿਆ ਅਤੇ ਉਨ੍ਹਾਂ ਤੋਂ ਪੂਰੇ ਮਾਮਲੇ ਦੀ ਪੜਤਾਲ ਕੀਤੀ। ਪੜਤਾਲ ਦੌਰਾਨ ਪਤਾ ਲੱਗਾ ਕਿ ਇਹ ਵਿਅਕਤੀ ਅਣਅਧਿਕਾਰਤ ਤੌਰ 'ਤੇ ਪਿੰਡਾਂ ਵਿਚ ਜਾ ਕੇ ਫ਼ਰਜ਼ੀ ਫ਼ਾਰਮ ਭਰ ਕੇ ਲੋਕਾਂ ਤੋਂ 200-200 ਰੁਪਏ ਲੈ ਰਹੇ ਸਨ, ਜਦਕਿ ਇਨ੍ਹਾਂ ਵਿਅਕਤੀਆਂ ਵੱਲੋਂ ਭਰੇ ਗਏ ਫ਼ਾਰਮਾਂ ਵਾਲੀ ਕੋਈ ਵੀ ਸਕੀਮ ਪੰਜਾਬ ਸਰਕਾਰ ਵੱਲੋਂ ਨਹੀਂ ਚਲਾਈ ਜਾ ਰਹੀ। ਪਿੰਡ ਵਾਸੀਆਂ ਨੇ ਮੌਕੇ 'ਤੇ ਪੁਲਸ ਨੂੰ ਵੀ ਬੁਲਾ ਲਿਆ ਤੇ ਸ਼ਾਤਰ ਦਿਮਾਗ ਨੌਜਵਾਨਾਂ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ।  ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਪੁਲਸ ਨੇ ਫੜੇ ਨੌਜਵਾਨਾਂ ਨੂੰ ਥੋੜ੍ਹੇ ਸਮੇਂ ਬਾਅਦ ਹੀ ਰਿਹਾਅ ਕਰ ਦਿੱਤਾ ਤੇ ਉਨ੍ਹਾਂ ਖਿਲਾਫ਼ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ। ਜ਼ਿਲਾ ਪੁਲਸ ਮੁਖੀ ਡਾ. ਨਾਨਕ ਸਿੰਘ ਨੇ ਕਿਹਾ ਕਿ ਪੁਲਸ ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ। 
ਵਧੀਕ ਡਿਪਟੀ ਕਮਿਸ਼ਨਰ ਮਧੂਮੀਤ ਕੌਰ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਨੇ ਪਿੰਡਾਂ ਵਿਚ ਜਾ ਕੇ ਸਰਕਾਰੀ ਸਕੀਮਾਂ ਦੇ ਫ਼ਾਰਮ ਭਰਨ ਲਈ ਕਿਸੇ ਨੂੰ ਵੀ ਅਧਿਕਾਰਤ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਪਿੰਡਾਂ ਦੀਆਂ ਪੰਚਾਇਤਾਂ ਨੂੰ ਮਸ਼ਵਰਾ ਦਿੱਤਾ ਗਿਆ ਹੈ ਕਿ ਜੇਕਰ ਸ਼ਾਤਰ ਦਿਮਾਗ ਅਜਿਹਾ ਕਰਨ ਪਿੰਡ ਵਿਚ ਆਉਂਦੇ ਹਨ ਤਾਂ ਉਸ ਦੀ ਸੂਚਨਾ ਤੁਰੰਤ ਪ੍ਰਸ਼ਾਸਨ ਨੂੰ ਦਿੱਤੀ ਜਾਵੇ।


Related News