ਚਿੱਟਾ ਹਾਥੀ ਸਾਬਤ ਹੋ ਰਿਹੈ ਲੱਖਾਂ ਦੀ ਲਾਗਤ ਨਾਲ ਬਣਿਆ ''ਰੈਣ ਬਸੇਰਾ''

12/13/2017 1:25:37 AM

ਮੋਗਾ,   (ਪਵਨ ਗਰੋਵਰ, ਗੋਪੀ ਰਾਉੂਕੇ)-  ਇਕ ਪਾਸੇ ਜਿਥੇ ਮੋਗਾ ਦੇ ਰੇਲਵੇ ਸਟੇਸ਼ਨ ਅਤੇ ਬੱਸ ਅੱਡੇ 'ਤੇ ਕਿਸੇ ਕਾਰਨ ਕਰ ਕੇ ਰਾਤ ਪੈਣ ਵੇਲੇ ਯਾਤਰੀ ਮਜਬੂਰੀਵੱਸ 'ਨੀਲੇ ਅੰਬਰ' ਥੱਲੇ ਰਾਤ ਕੱਟਦੇ ਹਨ, ਉਥੇ ਦੂਜੇ ਪਾਸੇ ਕੇਂਦਰ ਸਰਕਾਰ ਦੇ ਫੰਡਾਂ ਨਾਲ ਮੋਗਾ ਵਿਖੇ ਨਗਰ ਨਿਗਮ ਵੱਲੋਂ ਲੱਖਾਂ ਰੁਪਏ ਦੀ ਲਾਗਤ ਨਾਲ ਬਣਾਇਆ ਰੈਣ ਬਸੇਰਾ ਪਿਛਲੇ ਲਗਭਗ ਇਕ ਵਰ੍ਹੇ ਤੋਂ ਉਦਘਾਟਨ ਨਾ ਹੋਣ ਕਾਰਨ ਆਪਣੀਆਂ ਸੇਵਾਵਾਂ ਸ਼ੁਰੂ ਨਹੀਂ ਕਰ ਸਕਿਆ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪਿਛਲੇ ਕਾਫ਼ੀ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਨਿਗਮ ਕੌਂਸਲਰਾਂ ਤੇ ਸ਼ਹਿਰ ਦੀਆਂ ਸਮਾਜਿਕ ਜਥੇਬੰਦੀਆਂ ਨਾਲ ਸਬੰਧ ਰੱਖਣ ਵਾਲੇ ਆਗੂਆਂ ਵੱਲੋਂ ਨਗਰ ਨਿਗਮ ਮੋਗਾ ਮੂਹਰੇ ਇਸ ਰੈਣ ਬਸੇਰੇ ਨੂੰ ਲੋਕਾਂ ਦੀ ਸੇਵਾ ਲਈ ਸ਼ੁਰੂ ਕਰਨ ਦਾ ਮਾਮਲਾ ਤਾਂ ਉਠਾਇਆ ਜਾ ਰਿਹਾ ਹੈ ਪਰ ਹਾਲੇ ਤੱਕ ਨਗਰ ਨਿਗਮ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ ਹੈ, ਜਿਸ ਕਰਕੇ ਇਹ ਇਮਾਰਤ 'ਚਿੱਟਾ ਹਾਥੀ' ਸਾਬਤ ਹੋਣ ਲੱਗੀ ਹੈ। 
ਇਥੇ ਹੀ ਬਸ ਨਹੀਂ ਲੋੜ ਅਨੁਸਾਰ ਸੰਭਾਲ ਨਾ ਹੋਣ ਕਰਕੇ ਰੈਣ ਬਸੇਰੇ ਦੀ ਇਮਾਰਤ ਵੀ ਖਰਾਬ ਹੋਣ ਲੱਗੀ ਹੈ। 'ਜਗ ਬਾਣੀ' ਦੀ ਟੀਮ ਵੱਲੋਂ ਸ਼ਹਿਰ ਦੇ ਐਨ ਵਿਚਕਾਰ ਸ਼ਹੀਦੀ ਪਾਰਕ ਨੇੜੇ ਬਣੇ ਇਸ ਰੈਣ ਬਸੇਰੇ ਦਾ ਦੌਰਾ ਕੀਤਾ ਗਿਆ ਤਾਂ ਇਸ ਦੀ ਇਮਾਰਤ ਨੂੰ 'ਜਿੰਦਰਾ' ਲੱਗਾ ਹੋਇਆ ਸੀ। ਇਸ ਦੇ ਨੇੜੇ ਰਹਿਣ ਵਾਲੇ ਲੋਕਾਂ ਤੋਂ ਮਿਲੇ ਵੇਰਵਿਆਂ ਅਨੁਸਾਰ ਪਹਿਲਾਂ ਤਾਂ ਲੰਮਾ ਸਮਾਂ ਇਸ ਪ੍ਰਾਜੈਕਟ ਦਾ ਕੰਮ ਚੱਲਦਾ ਰਿਹਾ ਪਰ ਹੁਣ ਇਸ ਦੀ ਇਮਾਰਤ ਤਾਂ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਗਈ ਹੈ ਪਰ ਨਿਗਮ ਦੇ ਅਧਿਕਾਰੀਆਂ ਨੇ ਕਦੇ ਵੀ ਇਸ ਦੇ ਜਿੰਦਰੇ ਨੂੰ ਖੋਲ੍ਹਿਆ ਨਹੀਂ, ਜਿਸ ਕਰਕੇ ਰੈਣ ਬਸੇਰੇ ਦੇ ਸਾਰੇ ਕਮਰਿਆਂ ਤੇ ਆਸੇ-ਪਾਸੇ ਧੂੜ-ਮਿੱਟੀ ਜੰਮ ਕੇ ਰਹਿ ਗਈ ਹੈ। ਦੂਜੇ ਪਾਸੇ ਇਸ ਮਾਮਲੇ ਸਬੰਧੀ ਜਦੋਂ ਨਗਰ ਨਿਗਮ ਮੋਗਾ ਦੇ ਮੇਅਰ ਅਕਸ਼ਿਤ ਜੈਨ ਨਾਲ ਸੰਪਰਕ ਕਰਨ ਦਾ ਵਾਰ-ਵਾਰ ਯਤਨ ਕੀਤਾ ਤਾਂ ਉਨ੍ਹਾਂ ਦੇ ਫੋਨ ਨਾ ਚੁੱਕਣ ਕਾਰਨ ਸੰਪਰਕ ਸਥਾਪਿਤ ਨਹੀਂ ਹੋ ਸਕਿਆ। 


Related News