ਬੇਸਬਾਲ ਦੇ ਕੌਮਾਂਤਰੀ ਖਿਡਾਰੀ ਮਨਦੀਪ ਸਿੰਘ ਦਾ ਤਲਵੰਡੀ ਭਾਈ ਪੁੱਜਣ ''ਤੇ ਕੀਤਾ ਨਿੱਘਾ ਸਵਾਗਤ

10/18/2017 5:53:31 PM

ਤਲਵੰਡੀ ਭਾਈ(ਗੁਲਾਟੀ)— ਪਿੰਡ ਛੱਜਾਂਵਾਲੀ ਦੇ ਬੇਸਬਾਲ ਦੇ ਅੰਤਰ ਰਾਸ਼ਟਰੀ ਖਿਡਾਰੀ ਮਨਦੀਪ ਸਿੰਘ ਦਾ ਬੁੱਧਵਾਰ ਤਲਵੰਡੀ ਭਾਈ ਪੁੱਜਣ 'ਤੇ ਸਾਬਕਾ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਜਥੇਦਾਰ ਇੰਦਰਜੀਤ ਸਿੰਘ ਜੀਰਾ ਅਤੇ ਇਲਾਕਾਂ ਨਿਵਾਸੀਆਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਸਹਿਰ ਵਿੱਚ ਕੱਢੇ ਗਏ ਰੋਡ ਸ਼ੋਅ ਦੌਰਾਨ ਮਨਦੀਪ ਸਿੰਘ ਦਾ ਥਾਂ-ਥਾਂ 'ਤੇ ਫੁੱਲਾਂ ਦੇ ਹਾਰਾਂ ਅਤੇ ਸਿਰੋਪਾਇਆਂ ਰਾਹੀ ਸਵਾਗਤ ਕੀਤਾ ਗਿਆ। ਇਹ ਰੋਡ ਸ਼ੋਅ ਮੋਗਾ-ਫਿਰੋਜਪੁਰ ਚੌਕ ਤੋਂ ਹੁੰਦਾ ਹੋਇਆ ਨਵਾਂ ਬੱਸ ਸਟੈਂਡ, ਪੁਰਾਣਾ ਬੱਸ ਸਟੈਂਡ, ਦਫਤਰ ਨਗਰ ਕੌਸਲ ਰੋਡ ਤੋਂ ਹੁੰਦਾ ਹੋਇਆ ਅਖੀਰ ਪਿੰਡ ਛੱਜਾਂਵਾਲੀ ਵਿਖੇ ਜਾਕੇ ਸਮਾਪਤ ਹੋਇਆ। ਇਸ ਮੌਕੇ ਮਨਦੀਪ ਸਿੰਘ ਨੇ ਦੱਸਿਆਂ ਕਿ ਉਹ ਮਲੇਸ਼ੀਆਂ ਵਿੱਚ ਹੋਏ ਬੇਸਬਾਲ ਦੇ ਏਸ਼ੀਆ ਕੱਪ ਜੋ 9 ਅਤੇ 10 ਅਕਤੂਬਰ ਨੂੰ ਹੋਇਆ ਸੀ। ਉਸ 'ਚ ਕਾਂਸੀ ਤਗਮਾ ਜਿੱਤ ਕੇ ਵਾਪਸ ਆਪਣੇ ਪਿੰਡ ਛੱਜਾਂਵਾਲੀ ਪਰਤ ਰਿਹਾ ਹੈ, ਜਿਸ ਦਾ ਸਿਹਰਾ ਉਸਨੇ ਆਪਣੇ ਸਕੂਲ ਐੱਸ. ਐੱਸ. ਮੈਮੋ. ਸੀਨੀਅਰ, ਸੈਕੰਡਰੀ ਸਕੂਲ ਕੱਸੂਆਣਾ ਦੇ ਮੁਖੀ ਕੰਵਲਜੀਤ ਸਿੰਘ, ਕੋਚ ਜਸਪ੍ਰੀਤ ਸਿੰਘ, ਗੁਰਵਿੰਦਰ ਸਿੰਘ ਅਤੇ ਆਪਣੇ ਮਾਪਿਆਂ ਨੂੰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਉਹ ਪਿਛਲੇ ਪੰਜ ਸਾਲਾਂ ਤੋਂ ਇਸ ਗੇਮ ਵਿੱਚ ਹੈ,ਪਿਛਲੇ ਸਮੇਂ ਦੌਰਾਨ ਵੱਖ-ਵੱਖ ਸੂਬਿਆਂ ਵਿੱਚ ਹੋਏ ਮੁਕਾਬਲਿਆਂ ਵਿੱਚ ਵੀ ਉਸਨੇ ਮਾਣ-ਸਨਮਾਨ ਹਾਸਲ ਕੀਤਾ। ਇਸ ਮੌਕੇ ਜਥੇਦਾਰ ਜੀਰਾ ਨੇ ਮਨਦੀਪ ਸਿੰਘ ਨੂੰ ਇਸ ਜਿੱਤ 'ਤੇ ਵਧਾਈ ਦਿੰਦਿਆ ਕਿਹਾ ਕਿ ਬੇਸਬਾਲ ਗੇਮ ਵਿੱਚ ਜਿੱਤ ਦਰਜ ਕਰਕੇ ਮਨਦੀਪ ਨੇ ਦੇਸ, ਸੂਬੇ ਅਤੇ ਆਪਣੇ ਇਲਾਕੇ ਦਾ ਨਾਂ ਰੌਸ਼ਨ ਕੀਤਾ। ਇਸ ਮੌਕੇ ਸਾਬਕਾ ਸਰਪੰਚ ਮਸਤਾਨ ਸਿੰਘ, ਪ੍ਰਿੰਸੀਪਲ ਕੰਵਲਜੀਤ ਸਿੰਘ, ਜੀਤ ਸਿੰਘ ਪੀਹੇਵਾਲੀ, ਪਾਲ ਸਿੰਘ ਠੇਕੇਦਾਰ ਆਦਿ ਇਲਾਕਾਂ ਨਿਵਾਸੀ ਮੋਜੂਦ ਸਨ।


Related News