ਬਰਗਾੜੀ ਸਮੇਤ ਸਿੱਖ ਮਸਲਿਆਂ ਦੇ ਹੱਲ ਲਈ ਸਰਬੱਤ ਖਾਲਸਾ ਜਥੇਦਾਰਾਂ ਵੱਲੋਂ ਇੱਕ ਵਫਦ ਪੰਜਾਬ ਸਰਕਾਰ ਨੂੰ ਜਲਦੀ ਹੀ ਮਿਲੇਗਾ

06/26/2017 12:55:22 PM

ਤਲਵੰਡੀ ਸਾਬੋ (ਮੁਨੀਸ਼)—  ਬਰਗਾੜੀ, ਬਹਿਬਲ ਕਲਾਂ ਅਤੇ ਹੋਰ ਸਿੱਖ ਮਸਲਿਆਂ ਦੇ ਹੱਲ ਲਈ ਸਰਬੱਤ ਖਾਲਸਾ ਜਥੇਦਾਰਾਂ ਵੱਲੋਂ ਸੰਤਾਂ, ਮਹਾਂਪੁਰਸ਼ਾਂ ਅਤੇ ਪੰਥਕ ਜਥੇਬੰਦੀਆਂ ਦੇ ਆਗੂਆਂ ਦਾ ਇੱਕ 21 ਮੈਂਬਰੀ ਵਫਦ ਜਲਦੀ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰੇਗਾ । ਉਕਤ ਜਾਣਕਾਰੀ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਖਾਲਸਾ ਦਾਦੂਵਾਲ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਵੱਲੋਂ ਸਰਬੱਤ ਖਾਲਸਾ ਕੰਟਰੋਲ ਰੂਮ ਤੋਂ ਜਾਰੀ ਇੱਕ ਸਾਂਝੇ ਪ੍ਰੈੱਸ ਬਿਆਨ ਰਾਹੀ ਦਿੱਤੀ ਗਈ।
ਤਿੰਨੇ ਜਥੇਦਾਰ ਸਾਹਿਬਾਨ ਵੱਲੋਂ ਜਾਰੀ ਸਾਂਝੇ ਪ੍ਰੈੱਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਿੱਖ ਆਗੂਆਂ ਦਾ ਇੱਕ ਵਫਦ ਐਲਾਨ ਕਰ ਦਿੱਤਾ ਗਿਆ ਹੈ ਜੋ ਜਲਦੀ ਹੀ ਮੁੱਖ ਮੰਤਰੀ ਪੰਜਾਬ ਨਾਲ ਸਿੱਖ ਮਸਲਿਆਂ ਦੇ ਹੱਲ ਸਬੰਧੀ ਗੱਲਬਾਤ ਕਰੇਗਾ । ਇਨ੍ਹਾਂ ਮਸਲਿਆਂ ਵਿੱਚ ਬਰਗਾੜੀ ਸਮੇਤ ਹੋਰਨਾਂ ਥਾਵਾਂ ਤੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਬਦੀ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰਕੇ ਸਜਾਵਾਂ ਦੇਣਾ ਅਤੇ ਅਜੇ ਤੱਕ ਵਾਪਰ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਕੋਈ ਠੋਸ ਨੀਤੀ ਬਣਾਉਣਾ, ਬਹਿਬਲ ਕਲਾਂ ਗੋਲੀਕਾਂਡ ਤੇ ਦੋਸ਼ੀ ਪੁਲਿਸ ਅਧਿਕਾਰੀਆਂ ਖਿਲਾਫ ਕਾਰਵਾਈ ਕਰਨਾ, ਸਜਾਵਾਂ ਪੂਰੀਆਂ ਕਰਨ ਦੇ ਬਾਵਜੂਦ ਅਜੇ ਤੱਕ ਜੇਲਾਂ ਵਿੱਚ ਬੰਦ ਕੈਦੀਆਂ ਨੂੰ ਰਿਹਾਅ ਕਰਵਾਉਣਾ ਅਤੇ ਸਰਬੱਤ ਖਾਲਸਾ ਵੱਲੋਂ ਥਾਪੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਦਿੱਲੀ ਦੀ ਜੇਲ 'ਚੋਂ ਪੰਜਾਬ ਤਬਦੀਲ ਕਰਵਾਉਣਾ, ਸ਼੍ਰੋਮਣੀ ਕਮੇਟੀ ਚੋਣਾ ਤੁਰੰਤ ਕਰਵਾਉਣਾ, ਬੇਕਸੂਰ ਸਿੱਖ ਨੌਜਵਾਨਾਂ ਦੀ ਫੜੋਫੜੀ ਕਰਕੇ ਉਨ੍ਹਾਂ 'ਤੇ ਹੋ ਰਿਹਾ ਤਸ਼ੱਦਦ ਬੰਦ ਕਰਵਾਉਣਾ, ਬਾਦਲ ਸਰਕਾਰ ਦੌਰਾਨ ਸਿੱਖਾਂ 'ਤੇ ਦਰਜ ਕੀਤੇ ਝੂਠੇ ਦੇਸ਼ ਧ੍ਰੋਹ ਵਰਗੇ ਕੇਸਾਂ ਨੂੰ ਰੱਦ ਕਰਵਾਉਣਾ ਸ਼ਾਮਲ ਹਨ।
ਜਥੇਦਾਰ ਸਾਹਿਬਾਨ ਦੇ ਪ੍ਰੈੱਸ ਬਿਆਨ ਅਨੁਸਾਰ ਮੁੱਖ ਮੰਤਰੀ ਨਾਲ ਮੁਲਾਕਾਤ ਲਈ ਐਲਾਨੇ 21 ਮੈਂਬਰੀ ਵਫਦ 'ਚ ਬਾਬਾ ਪ੍ਰਦੀਪ ਸਿੰਘ ਚਾਂਦਪੁਰਾ, ਭਾਈ ਮੋਹਕਮ ਸਿੰਘ, ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਭਾਈ ਗੁਰਦੀਪ ਸਿੰਘ ਬਠਿੰਡਾ, ਪ੍ਰੋ.ਮਹਿੰਦਰਪਾਲ ਸਿੰਘ, ਬਾਬਾ ਫੌਜਾ ਸਿੰਘ ਸੁਭਾਨੇ ਵਾਲੇ, ਬਾਬਾ ਦਰਸ਼ਨ ਸਿੰਘ ਢੱਕੀ ਵਾਲੇ, ਭਾਈ ਸਤਨਾਮ ਸਿੰਘ ਮਨਾਵਾਂ, ਭਾਈ ਬੂਟਾ ਸਿੰਘ ਰਣਸੀਂਹ, ਐਡਵੋਕੇਟ ਅਮਰ ਸਿੰਘ ਚਾਹਲ, ਭਾਈ ਪਰਮਜੀਤ ਸਿੰਘ ਸਹੌਲੀ, ਬਾਬਾ ਕਸ਼ਮੀਰ ਸਿੰਘ ਅਲੋਹਰਾਂ ਵਾਲੇ, ਬਾਬਾ ਹਰਬੰਸ ਸਿੰਘ ਊਨਾ ਵਾਲੇ, ਬਾਬਾ ਦਰਸ਼ਨ ਸਿੰਘ ਪੰਜਗਰਾਂਈ ਨਿਰਮਲੇ, ਭਾਈ ਸੁਰਜੀਤ ਸਿੰਘ ਕਾਲਾਬੂਲਾ ਅੰਤ੍ਰਿਗ ਮੈਂਬਰ ਸ਼੍ਰੋਮਣੀ ਕਮੇਟੀ, ਭਾਈ ਗੁਰਪ੍ਰੀਤ ਸਿੰਘ ਰੰਧਾਵਾਂ ਮੈਂਬਰ ਸ਼੍ਰੋਮਣੀ ਕਮੇਟੀ, ਬਾਬਾ ਸੁਖਵਿੰਦਰ ਸਿੰਘ ਰਤਵਾੜੇ ਵਾਲੇ, ਭਾਈ ਕੁਸ਼ਲਪਾਲ ਸਿੰਘ ਮਾਨ, ਮਾਸਟਰ ਜੌਹਰ ਸਿੰਘ ਸਾਬਕਾ ਵਿਧਾਇਕ, ਭਾਈ ਗੁਰਨਾਮ ਸਿੰਘ ਸਿੱਧੂ, ਬਾਬਾ ਧਰਮ ਦਾਸ ਬਹੋਨਾ ਉਦਾਸੀ ਨੂੰ ਸ਼ਾਮਲ ਕੀਤਾ ਗਿਆ ਹੈ। 


Related News