ਬਜਰੰਗ ਦਲ ਦੇ ਵਿਭਾਗ ਮੁਖੀ ਦੇ ਘਰ ''ਤੇ ਹਮਲਾ

06/25/2017 1:28:58 AM

ਬਰਨਾਲਾ(ਵਿਵੇਕ ਸਿੰਧਵਾਨੀ, ਰਵੀ)- ਸ਼ਹਿਰ 'ਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਬਜਰੰਗ ਦਲ ਦੇ ਵਿਭਾਗ ਮੁਖੀ ਨੀਲਮਣੀ ਸਮਾਧੀਆ, ਜੋ ਕਿ ਜ਼ਿਲਾ ਲੁਧਿਆਣਾ, ਜਗਰਾਓਂ, ਸੰਗਰੂਰ ਅਤੇ ਬਰਨਾਲਾ ਦੇ ਇੰਚਾਰਜ ਹਨ, ਦੇ ਘਰ ਦੇਰ ਰਾਤ 6 ਨਕਾਬਪੋਸ਼ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਪਹਿਲਾਂ ਤਾਂ ਉਕਤ ਨਕਾਬਪੋਸ਼ਾਂ ਵੱਲੋਂ ਘਰ ਦਾ ਗੇਟ ਖੜਕਾਇਆ ਗਿਆ। ਗੇਟ ਨਾ ਖੁੱਲ੍ਹਣ 'ਤੇ ਉਨ੍ਹਾਂ ਗੇਟ 'ਤੇ ਡਾਂਗਾਂ ਅਤੇ ਕ੍ਰਿਪਾਨਾਂ ਨਾਲ ਹਮਲਾ ਕਰ ਦਿੱਤਾ। ਇਸ ਉਪਰੰਤ ਉਨ੍ਹਾਂ ਨੇ ਬਾਹਰ ਖੜ੍ਹੇ ਮੋਟਰਸਾਈਕਲ ਦੀ ਵੀ ਭੰਨ-ਤੋੜ ਕੀਤੀ। ਘਟਨਾ ਦੀ ਸੂਚਨਾ ਮਿਲਦਿਆਂ ਸਾਰ ਐੈੱਸ. ਐੈੱਸ. ਪੀ. ਬਲਜੋਤ ਸਿੰਘ ਰਾਠੌੜ ਅਤੇ ਡੀ. ਐੈੱਸ. ਪੀ. ਰਾਜੇਸ਼ ਛਿੱਬਰ ਭਾਰੀ ਪੁਲਸ ਫੋਰਸ ਲੈ ਕੇ ਰਾਤ ਨੂੰ ਹੀ ਘਟਨਾ ਸਥਾਨ 'ਤੇ ਪਹੁੰਚ ਗਏ। ਜਦੋਂ ਇਸ ਦੀ ਸੂਚਨਾ ਪੰਜਾਬ ਦੇ ਹਿੰਦੂ ਸੰਗਠਨਾਂ ਦੇ ਆਗੂਆਂ ਨੂੰ ਲੱਗੀ ਤਾਂ ਉਨ੍ਹਾਂ ਨੇ ਵੀ ਬਰਨਾਲੇ ਆਉਣਾ ਸ਼ੁਰੂ ਕਰ ਦਿੱਤਾ। ਆਲੇ-ਦੁਆਲੇ ਦੇ ਹਿੰਦੂ ਸੰਗਠਨਾਂ ਦੇ ਆਗੂ ਵੀ ਨੀਲਮਣੀ ਦੇ ਘਰ ਪੁੱਜਣੇ ਸ਼ੁਰੂ ਹੋ ਗਏ। ਰੋਸ 'ਚ ਆਏ ਹਿੰਦੂ ਸੰਗਠਨਾਂ ਦੇ ਆਗੂਆਂ ਨੇ ਨਾਅਰੇਬਾਜ਼ੀ ਵੀ ਕੀਤੀ।
ਸਾਡੇ 3 ਆਗੂਆਂ ਨੂੰ ਵਿਦੇਸ਼ੀ ਤਾਕਤਾਂ ਨੇ ਮਰਵਾਇਆ
ਲੁਧਿਆਣਾ ਤੋਂ ਆਏ ਧਰਮ ਪ੍ਰਚਾਰ ਵਿਭਾਗ ਦੇ ਇੰਚਾਰਜ ਗੁਰਮੁਖ ਸਿੰਘ ਨਾਮਧਾਰੀ ਨੇ ਕਿਹਾ ਕਿ ਇਨ੍ਹਾਂ ਵਿਦੇਸ਼ੀ ਤਾਕਤਾਂ ਵੱਲੋਂ ਹੀ ਪਿਛਲੇ ਮਹੀਨਿਆਂ 'ਚ ਸਾਡੇ 3 ਹਿੰਦੂ ਆਗੂਆਂ ਨੂੰ ਮਰਵਾਇਆ ਗਿਆ। ਜਲੰਧਰ 'ਚ ਆਰ.ਐੈੱਸ.ਐੈੱਸ. ਦੇ ਆਗੂ ਗਗਨੇਜਾ ਦੀ ਹੱਤਿਆ ਕੀਤੀ ਗਈ। ਖੰਨਾ 'ਚ ਦੁਰਗਾ ਗੁਪਤਾ ਦੀ ਅਤੇ ਲੁਧਿਆਣਾ 'ਚ ਅਮਿਤ ਨੂੰ ਵੀ ਇਨ੍ਹਾਂ ਤਾਕਤਾਂ ਵੱਲੋਂ ਮਰਵਾਇਆ ਗਿਆ। ਹੁਣ ਇਨ੍ਹਾਂ ਤਾਕਤਾਂ ਦੀ ਨੀਲਮਣੀ ਸਮਾਧੀਆ ਨੂੰ ਵੀ ਮਾਰਨ ਦੀ ਸਾਜ਼ਿਸ਼ ਸੀ।
ਹਿੰਦੂ ਸੰਗਠਨਾਂ ਨੇ ਦਿੱਤਾ ਐੈੱਸ. ਐੈੱਸ. ਪੀ. ਨੂੰ 5 ਦਿਨਾਂ ਦਾ ਅਲਟੀਮੇਟਮ
Êਪੰਜਾਬ ਭਰ ਤੋਂ ਆਇਆ ਇਕ ਹਿੰਦੂ ਸੰਗਠਨਾਂ ਦਾ ਵਫਦ ਐੈੱਸ.ਐੈੱਸ.ਪੀ. ਬਰਨਾਲਾ ਬਲਜੋਤ ਸਿੰਘ ਰਾਠੌੜ ਨੂੰ ਮਿਲਿਆ ਅਤੇ ਅਲਟੀਮੇਟਮ ਦਿੱਤਾ ਕਿ ਜੇਕਰ ਹਮਲਾਵਰਾਂ ਨੂੰ 5 ਦਿਨਾਂ ਦੇ ਅੰਦਰ-ਅੰਦਰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਪੰਜਾਬ ਭਰ ਦੇ ਹਿੰਦੂ ਸੰਗਠਨਾਂ ਦੇ ਆਗੂ ਬਰਨਾਲਾ ਵਿਖੇ ਡੇਰਾ ਲਗਾਉਣਗੇ ਅਤੇ ਪੰਜਾਬ ਪੱਧਰ 'ਤੇ ਸੰਘਰਸ਼ ਛੇੜਿਆ ਜਾਵੇਗਾ।  ਇਸ ਮੌਕੇ ਭਾਜਪਾ ਦੇ ਜ਼ਿਲਾ ਪ੍ਰਧਾਨ ਗੁਰਮੀਤ ਸਿੰਘ ਹੰਡਿਆਇਆ, ਸਟੇਟ ਆਗੂ ਧੀਰਜ ਕੁਮਾਰ ਦੱਦਾਹੂਰ, ਮਾਰਕੀਟ ਕਮੇਟੀ ਦੇ ਸਾਬਕਾ ਉਪ ਚੇਅਰਮੈਨ ਸੋਮਨਾਥ ਸਹੌਰੀਆ, ਵਿਸ਼ਵ ਹਿੰਦੂ ਪ੍ਰੀਸ਼ਦ ਦੇ ਪ੍ਰਧਾਨ ਰਾਜ ਧੂਰਕੋਟ, ਆਰ.ਐੱਸ.ਐੱਸ. ਦੇ ਅਰੁਣ ਸਿੰਗਲਾ, ਸੁਭਾਸ਼ ਸਿੰਗਲਾ, ਕ੍ਰਾਂਤੀਕਾਰੀ ਵਪਾਰ ਮੰਡਲ ਦੇ ਪ੍ਰਧਾਨ ਨੀਰਜ ਜਿੰਦਲ ਅਤੇ ਭਾਰੀ ਗਿਣਤੀ 'ਚ ਹਿੰਦੂ ਸੰਗਠਨਾਂ ਦੇ ਆਗੂ ਹਾਜ਼ਰ ਸਨ।
ਹਮਲਾਵਰਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ : ਐੈੱਸ. ਐੈੱਸ. ਪੀ.
ਜਦੋਂ ਇਸ ਸਬੰਧ 'ਚ ਐੈੱਸ.ਐੈੱਸ.ਪੀ. ਬਲਜੋਤ ਸਿੰਘ ਰਾਠੌੜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਲਦੀ ਹੀ ਹਮਲਾਵਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।   ਨੀਲਮਣੀ ਸਮਾਧੀਆ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਹਮਲਾਵਰਾਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਨੀਲਮਣੀ ਸਮਾਧੀਆ ਨੇ ਨਿੱਜੀ ਤੌਰ 'ਤੇ ਕੋਈ ਸੁਰੱਖਿਆ ਦੀ ਮੰਗ ਨਹੀਂ ਕੀਤੀ ਪਰ ਸਾਡੇ ਵੱਲੋਂ ਉਨ੍ਹਾਂ ਦੇ ਘਰ ਦੇ ਆਲੇ-ਦੁਆਲੇ ਪੂਰੀ ਨਜ਼ਰ ਰੱਖੀ ਜਾਵੇਗੀ।
ਜਾਨੋਂ ਮਾਰਨ ਦੀਆਂ ਦਿੱਤੀਆਂ ਧਮਕੀਆਂ
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਨੀਲਮਣੀ ਸਮਾਧੀਆ ਨੇ ਦੱਸਿਆ ਕਿ ਰਾਤ ਕਰੀਬ 3.10 'ਤੇ ਮੇਰੇ ਘਰ ਦਾ ਦਰਵਾਜ਼ਾ ਖੜਕਿਆ। ਜਦੋਂ ਮੈਂ ਗੇਟ ਦੇ ਮੋਘੇ ਰਾਹੀਂ ਬਾਹਰ ਝਾਕਿਆ ਤਾਂ ਦੋ ਨਕਾਬਪੋਸ਼ ਵਿਅਕਤੀ, ਜਿਨ੍ਹਾਂ ਦੇ ਹੱਥ 'ਚ ਕ੍ਰਿਪਾਨਾਂ ਅਤੇ ਡਾਂਗਾਂ ਸਨ, ਗੇਟ ਦੇ ਬਾਹਰ ਖੜ੍ਹੇ ਸਨ। ਇਹ ਦ੍ਰਿਸ਼ ਦੇਖ ਕੇ ਮੈਂ ਆਪਣੇ ਘਰ ਦਾ ਦਰਵਾਜ਼ਾ ਨਹੀਂ ਖੋਲ੍ਹਿਆ। ਦਰਵਾਜ਼ਾ ਨਾ ਖੋਲ੍ਹਣ 'ਤੇ ਉਨ੍ਹਾਂ ਨੇ ਗੇਟ ਉਪਰ ਕ੍ਰਿਪਾਨਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਉਪਰੰਤ ਮੇਰਾ ਬਾਹਰ ਖੜ੍ਹਾ ਮੋਟਰਸਾਈਕਲ ਵੀ ਭੰਨ ਦਿੱਤਾ ਅਤੇ ਧਮਕੀਆਂ ਦਿੱਤੀਆਂ। ਜਦੋਂ ਮੈਂ ਗੇਟ ਖੋਲ੍ਹ ਕੇ ਬਾਹਰ ਝਾਕਿਆ ਤਾਂ 6 ਵਿਅਕਤੀ, ਜਿਨ੍ਹਾਂ ਕੋਲ ਇਕ ਮੋਟਰਸਾਈਕਲ ਅਤੇ ਐਕਟਿਵਾ ਸੀ, ਫਰਾਰ ਹੋ ਗਏ।
ਧਰਮ ਪਰਿਵਰਤਨ ਕਰਵਾਉਣ ਵਾਲੀਆਂ ਤਾਕਤਾਂ ਨੇ ਕਰਵਾਇਆ ਹਮਲਾ
ਲੁਧਿਆਣਾ ਤੋਂ ਆਏ ਹਿੰਦੂ ਸੰਗਠਨਾਂ ਦੇ ਆਗੂ ਦਿਆ ਸ਼ੰਕਰ ਨੇ ਕਿਹਾ ਕਿ ਇਹ ਹਮਲਾ ਵਿਦੇਸ਼ੀ ਤਾਕਤਾਂ ਵੱਲੋਂ ਕਰਵਾਇਆ ਗਿਆ ਹੈ। ਵਿਦੇਸ਼ੀ ਤਾਕਤਾਂ ਭਾਰਤ ਅਤੇ ਪੰਜਾਬ 'ਚ ਆ ਕੇ ਗਰੀਬ ਲੋਕਾਂ ਨੂੰ ਪੈਸੇ ਦਾ ਲਾਲਚ ਦੇ ਕੇ ਉਨ੍ਹਾਂ ਦਾ ਧਰਮ ਪਰਿਵਰਤਨ ਕਰਾਉਂਦੀਆਂ ਹਨ ਅਤੇ ਸਾਡੇ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਜਾਂਦਾ ਹੈ। ਨੀਲਮਣੀ ਸਮਾਧੀਆ ਵੀ ਇਸ ਮੁਹਿੰਮ ਨਾਲ ਜੁੜੇ ਹੋਏ ਹਨ।  5 ਜ਼ਿਲਿਆਂ ਦਾ ਕੰਮ ਉਹ ਵੇਖਦੇ ਹਨ ਅਤੇ ਉਨ੍ਹਾਂ ਦੇ ਕੰਮ ਨੂੰ ਵੇਖਦਿਆਂ ਹੀ ਵਿਦੇਸ਼ੀ ਤਾਕਤਾਂ ਨੇ ਉਨ੍ਹਾਂ 'ਤੇ ਹਮਲਾ ਕਰਵਾਇਆ ਹੈ।


Related News