ਬੀ. ਐੱਸ. ਐੱਨ. ਐੱਲ. ਦੀਆਂ ਸਮੂਹ ਯੂਨੀਅਨਾਂ ਨੇ ਸ਼ੁਰੂ ਕੀਤੀ ਹੜਤਾਲ

12/13/2017 7:03:37 AM

ਰੂਪਨਗਰ, (ਵਿਜੇ)- ਬੀ. ਐੱਸ. ਐੱਨ. ਐੱਲ. ਦੀਆਂ ਸਮੂਹ ਯੂਨੀਅਨਾਂ ਅਤੇ ਐਸੋਸੀਏਸ਼ਨਾਂ ਨੇ ਸਾਂਝੇ ਮੋਰਚੇ ਦੇ ਸੱਦੇ 'ਤੇ ਅੱਜ ਜ਼ਿਲਾ ਹੈੱਡਕੁਆਰਟਰ ਸਥਿਤ ਜੀ. ਐੱਮ. ਦਫਤਰ ਦੇ ਸਾਹਮਣੇ ਦੋ ਰੋਜ਼ਾ ਹੜਤਾਲ ਸ਼ੁਰੂ ਕਰ ਦਿੱਤੀ। ਇਸ ਮੌਕੇ ਸਮੂਹ ਬੁਲਾਰਿਆਂ ਨੇ ਕਿਹਾ ਕਿ ਵਿਭਾਗ ਦੇ ਕਰਮਚਾਰੀਆਂ ਦੀਆਂ ਮੰਗਾਂ ਨੂੰ ਅਣਦੇਖਿਆ ਕੀਤਾ ਜਾ ਰਿਹਾ ਹੈ ਜਿਸ ਕਾਰਨ ਉਹ ਹੜਤਾਲ ਕਰਨ ਲਈ ਮਜਬੂਰ ਹੋਏ ਹਨ। ਉਨ੍ਹਾਂ ਮੰਗ ਕਰਦੇ ਕਿਹਾ ਕਿ ਤੀਜੇ ਤਨਖਾਹ ਕਮਿਸ਼ਨ 1 ਜਨਵਰੀ 2017 ਤੋਂ 15 ਫੀਸਦੀ ਫਿਟਮੈਂਟ ਨੂੰ ਲਾਗੂ ਕੀਤਾ ਜਾਵੇ, ਸਾਰੇ ਭੱਤਿਆਂ 'ਚ ਸੋਧ ਕੀਤੀ ਜਾਵੇ, ਸਹਾਇਕ ਟਾਵਰ ਕੰਪਨੀ ਦਾ ਗਠਨ ਬੰਦ ਕੀਤਾ ਜਾਵੇ। ਯੂਨੀਅਨਾਂ ਨੇ ਚਿਤਾਵਨੀ ਦਿੰਦੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ। ਹੜਤਾਲ ਦੌਰਾਨ ਕਾਮਰੇਡ ਗੁਰਨੈਬ ਸਿੰਘ, ਜਗਤਾਰ ਸਿੰਘ, ਸਰਵਣ ਕੁਮਾਰ, ਤਰਲੋਚਨ ਸਿੰਘ, ਰਾਕੇਸ਼ ਕੁਮਾਰ ਤੇ ਸੰਦੀਪ ਕੁਮਾਰ ਨੇ ਸੰਬੋਧਨ ਕੀਤਾ।
ਬੰਗਾ, (ਚਮਨ/ਅਰੋੜਾ)- ਅੱਜ ਬੰਗਾ ਦੇ ਸਮੂਹ ਭਾਰਤ ਸੰਚਾਰ ਨਿਗਮ ਲਿਮ. ਦੇ ਮੁਲਾਜ਼ਮਾਂ ਵੱਲੋਂ ਕੇਂਦਰ ਦੀ ਸਰਕਾਰ ਵਿਰੁੱਧ ਵਿਭਾਗ ਦੇ ਰਿਟਾਇਰਡ ਤੇ 11 ਹੋਰ ਵੱਖ-ਵੱਖ ਯੂਨੀਅਨਾਂ ਤੇ ਐਸੋਸੀਏਸ਼ਨਾਂ ਦੇ ਸੱਦੇ 'ਤੇ 2 ਦਿਨਾ ਦੇਸ਼ ਵਿਆਪੀ ਹੜਤਾਲ ਕੀਤੀ ਗਈ । ਹੜਤਾਲ ਦੇ ਪਹਿਲੇ ਦਿਨ ਜਿਥੇ ਵਿਭਾਗ ਦੇ ਸਮੂਹ ਮੁਲਾਜ਼ਮਾਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਉਥੇ ਹੀ ਸਮੂਹ ਮੁਲਾਜ਼ਮ ਜਥੇਬੰਦੀ ਨੂੰ ਸੰਬੋਧਨ ਕਰਦਿਆਂ ਸੈਕਟਰੀ ਜੁਝਾਰ ਸਿੰਘ ਨੈਸ਼ਨਲ ਫੈੱਡਰੇਸ਼ਨ ਟੈਲੀਫੋਨ ਇੰਪਲਾਈਜ਼ ਯੂਨੀਅਨ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਮੁਲਾਜ਼ਮਾਂ ਨਾਲ ਕੀਤਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ।
ਇਸ ਮੌਕੇ ਤਰਸੇਮ ਲਾਲ ਐੱਸ. ਡੀ .ਓ., ਜਸਵਿੰਦਰ ਸਿੰਘ (ਗਰੁੱਪ) ਪ੍ਰਧਾਨ ਤੇ ਪ੍ਰਧਾਨ ਮਨੋਹਰ ਲਾਲ ਨੇ ਵੀ ਆਪਣੇ ਵਿਚਾਰ ਮੁਲਾਜ਼ਮਾਂ ਨਾਲ ਸਾਂਝੇ ਕੀਤੇ । ਇਸ ਮੌਕੇ ਜਿਥੇ ਸਮੂਹ ਮੁਲਾਜ਼ਮਾਂ ਨੇ ਕੇਂਦਰ ਸਰਕਾਰ ਖਿਲਾਫ ਡਟ ਕੇ ਨਾਅਰੇਬਾਜ਼ੀ ਕੀਤੀ ਉਥੇ ਹੀ ਧਰਨਾ ਤੇ ਗੇਟ ਰੈਲੀ ਵੀ ਕੀਤੀ । ਇਸ ਮੌਕੇ ਤਿਲਕ ਰਾਜ, ਮਨੋਹਰ ਲਾਲ, ਇਕਬਾਲ ਸਿੰਘ, ਤਰਸੇਮ ਲਾਲ, ਜਸਬੀਰ ਸਿੰਘ, ਦਰਸ਼ਨ ਲਾਲ, ਤਰਸੇਮ ਰਾਮ, ਜਗਦੀਸ਼ ਚੰਦਰ, ਜੁਗਿੰਦਰ ਰਾਮ, ਲਛਮਣ ਦਾਸ, ਨਾਥ ਰਾਮ ਤੇ ਹੋਰ ਹਾਜ਼ਰ ਸਨ ।


Related News