ਕੁੜੀ ਨਾਲ ਲਾਵਾਂ ਲੈ ਕੇ ਭੁੱਲਿਆ ਆਸਟ੍ਰੇਲੀਆਈ ਲਾੜਾ, ਇਸ ਤ੍ਹਰਾਂ ਮਾਰੀ ਲੱਖਾਂ ਦੀ ਠੱਗੀ

10/20/2017 7:39:27 PM

ਮੋਗਾ (ਅਜ਼ਾਦ) : ਜੁਝਾਰ ਨਗਰ ਮੋਗਾ ਨਿਵਾਸੀ ਇਕ ਵਿਅਕਤੀ ਦੀ ਲੜਕੀ ਨੂੰ ਵਿਆਹ ਕਰਵਾ ਕੇ ਆਸਟਰੇਲੀਆ ਲੈ ਕੇ ਜਾਣ ਦਾ ਝਾਂਸਾ ਦੇ ਕੇ ਆਸਟ੍ਰੇਲੀਆ ਰਹਿੰਦੇ ਪਟਿਆਲਾ ਨਿਵਾਸੀ ਇਕ ਨੌਜਵਾਨ ਲੜਕੇ ਵਲੋਂ ਆਪਣੇ ਪਰਿਵਾਰ ਵਾਲਿਆਂ ਅਤੇ ਹੋਰਾਂ ਨਾਲ ਕਥਿਤ ਮਿਲੀਭੁਗਤ ਕਰਕੇ 10 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਜਾਂਚ ਤੋਂ ਬਾਅਦ ਐੱਨ. ਆਰ. ਆਈ. ਨੌਜਵਾਨ ਸਮੇਤ ਚਾਰ ਵਿਰੁੱਧ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ ਹੈ।
ਕੀ ਹੈ ਮਾਮਲਾ
ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਗੁਰਮੀਤ ਸਿੰਘ ਨੇ ਕਿਹਾ ਕਿ ਉਹ ਸਰਾਫਾ ਬਾਜ਼ਾਰ 'ਚ ਦੁਕਾਨ ਕਰਦਾ ਹੈ। ਬੀਤੀ 5 ਜਨਵਰੀ 2017 ਨੂੰ ਮੇਰੀ ਬੇਟੀ ਦੀ ਸਹੇਲੀ ਜਸਮੀਤ ਕੌਰ ਆਪਣੇ ਪਿਤਾ ਗੁਰਚਰਨ ਸਿੰਘ ਨਿਵਾਸੀ ਨਿਊ ਦਸਮੇਸ਼ ਨਗਰ ਮੋਗਾ ਅਤੇ ਪਰਿਵਾਰਕ ਮੈਂਬਰਾਂ ਨੂੰ ਨਾਲ ਲੈ ਕੇ ਉਨਾਂ ਦੇ ਘਰ ਆਈ ਅਤੇ ਕਿਹਾ ਕਿ ਉਸਦਾ ਦਿਓਰ ਅਮਰਦਵਿੰਦਰ ਸਿੰਘ ਸਿਡਨੀ (ਆਸਟ੍ਰੇਲੀਆ) 'ਚ ਪੱਕਾ ਹੈ ਅਤੇ ਉਨ੍ਹਾਂ ਮੇਰੀ ਬੇਟੀ ਦਾ ਉਸਦੇ ਨਾਲ ਰਿਸ਼ਤਾ ਕਰਨ ਦੀ ਗੱਲ ਕਹੀ ਅਤੇ ਕਿਹਾ ਕਿ 10 ਲੱਖ ਰੁਪਏ ਖਰਚਾ ਆਵੇਗਾ ਅਤੇ ਉਹ ਉਸ ਨੂੰ ਜਲਦ ਵਿਆਹ ਕਰਵਾਉਣ ਤੋਂ ਬਾਅਦ ਆਸਟਰੇਲੀਆ ਲੈ ਜਾਵੇਗਾ। ਸਾਡੀ ਇਕ ਦੂਸਰੇ ਨਾਲ ਜਾਣ ਪਛਾਣ ਹੋਣ ਕਾਰਨ ਅਸੀਂ ਹਾਂ ਕਰ ਦਿੱਤੀ ਅਤੇ ਉਨ੍ਹਾਂ ਨੂੰ 6 ਜਨਵਰੀ 2017 ਨੂੰ ਪਰਿਵਾਰ ਦੇ ਹੋਰ ਮੈਂਬਰਾਂ ਦੀ ਹਾਜ਼ਰੀ ਵਿਚ 10 ਲੱਖ ਰੁਪਏ ਨਕਦ ਦਿੱਤੇ ਅਤੇ 8 ਜਨਵਰੀ ਨੂੰ ਗਾਰਡਨ ਰਿਜ਼ੋਰਟ ਪਟਿਆਲਾ 'ਚ ਸ਼ਗਨ ਦੀ ਰਸਮ ਅਦਾ ਕੀਤੀ ਗਈ ਅਤੇ 14 ਜਨਵਰੀ 2017 ਨੂੰ ਮਾਘੀ ਰਿਜ਼ੋਰਟ ਮੋਗਾ 'ਚ ਮੇਰੀ ਲੜਕੀ ਦਾ ਵਿਆਹ ਅਮਰਦਵਿੰਦਰ ਸਿੰਘ ਨਾਲ ਧਾਰਮਿਕ ਰੀਤੀ ਰਿਵਾਜ਼ਾਂ ਅਨੁਸਾਰ ਹੋਇਆ, ਜਿਸ 'ਤੇ ਅਸੀਂ ਪੰਜ-ਛੇ ਲੱਖ ਰੁਪਏ ਖਰਚਾ ਅਤੇ ਸੋਨੇ ਦੇ ਗਹਿਣੇ ਵੀ ਦਿੱਤੇ।
ਵਿਆਹ ਤੋਂ ਬਾਅਦ 4 ਫਰਵਰੀ 2017 ਨੂੰ ਮੇਰੀ ਬੇਟੀ ਆਪਣੇ ਸਹੁਰੇ ਪਰਿਵਾਰ ਦੇ ਮੈਂਬਰਾਂ ਨਾਲ ਪਟਿਆਲਾ 'ਚ ਰਹੀ ਅਤੇ ਇਸ ਦੇ ਬਾਅਦ ਉਸਦਾ ਪਤੀ ਆਸਟ੍ਰੇਲੀਆ ਚਲਾ ਗਿਆ। ਮੇਰੀ ਬੇਟੀ ਦੇ ਪਤੀ ਅਮਰਦਵਿੰਦਰ ਸਿੰਘ ਨੇ ਆਸਟ੍ਰੇਲੀਆ ਪਹੁੰਚ ਕੇ ਗੱਲਬਾਤ ਹੀ ਕਰਨੀ ਬੰਦ ਕਰ ਦਿੱਤੀ, ਜਿਸ 'ਤੇ ਗੁਰਚਰਨ ਸਿੰਘ ਨੂੰ ਨਾਲ ਲੈ ਕੇ ਆਪਣੀ ਬੇਟੀ ਦੇ ਸਹੁਰੇ ਘਰ ਪਟਿਆਲਾ ਪੁੱਜੇ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਆਪਣੀ ਬੇਟੀ ਨੂੰ ਆਸਟ੍ਰੇਲੀਆ ਭੇਜਣਾ ਚਾਹੁੰਦੇ ਹੋ ਤਾਂ 10 ਲੱਖ ਰੁਪਏ ਸਾਨੂੰ ਹੋਰ ਦਿਓ, ਜਿਸ 'ਤੇ ਅਸੀਂ ਇਨਕਾਰ ਕਰ ਦਿੱਤਾ ਅਤੇ ਇਸ ਤਰ੍ਹਾਂ ਕਥਿਤ ਦੋਸ਼ੀਆਂ ਨੇ ਮਿਲੀਭੁਗਤ ਕਰਕੇ ਸਾਡੇ ਨਾਲ ਧੋਖਾਧੜੀ ਕੀਤੀ ਹੈ।
ਕੀ ਹੋਈ ਪੁਲਸ ਕਾਰਵਾਈ
ਜ਼ਿਲਾ ਪੁਲਸ ਮੁਖੀ ਮੋਗਾ ਨੇ ਇਸ ਮਾਮਲੇ ਦੀ ਜਾਂਚ ਡੀ. ਐੱਸ. ਪੀ. ਸਿਟੀ ਮੋਗਾ ਅਤੇ ਵੂਮੈਨ ਸੈੱਲ ਮੋਗਾ ਨੂੰ ਕਰਨ ਦਾ ਹੁਕਮ ਦਿੱਤਾ। ਜਾਂਚ ਤੋਂ ਬਾਅਦ ਸ਼ਿਕਾਇਤ ਕਰਤਾ ਦੇ ਦੋਸ਼ ਸਹੀ ਪਾਏ ਜਾਣ 'ਤੇ ਥਾਣਾ ਸਿਟੀ ਸਾਊਥ ਮੋਗਾ ਵਿਚ ਅਮਰਦਵਿੰਦਰ ਸਿੰਘ, ਉਸਦੇ ਪਿਤਾ ਸਵਰਨ ਸਿੰਘ, ਮਾਤਾ ਨਰਿੰਦਰ ਕੌਰ ਸਾਰੇ ਨਿਵਾਸੀ ਸ਼ੇਰਾਂ ਵਾਲਾ ਗੇਟ ਪਟਿਆਲਾ ਅਤੇ ਗੁਰਚਰਨ ਸਿੰਘ ਨਿਵਾਸੀ ਨਿਊ ਦਸ਼ਮੇਸ਼ ਨਗਰ ਮੋਗਾ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਕੁਲਦੀਪ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ, ਜਿਨ੍ਹਾਂ ਦੇ ਜਲਦੀ ਕਾਬੂ ਆ ਜਾਣ ਦੀ ਸੰਭਾਵਨਾ ਹੈ।


Related News