ਪਤਨੀ ਦੇ ਚੱਕਰ ''ਚ ਐੱਸ. ਐੱਸ. ਪੀ. ਦਫਤਰ ਪੁੱਜਾ ਪਤੀ, ਕਰਨ ਲੱਗਾ ਸੀ ਵੱਡੀ ਅਣਹੋਣੀ

12/12/2017 5:06:43 PM

ਬਟਾਲਾ — ਪੁਲਸ ਜ਼ਿਲਾ ਬਟਾਲਾ ਦੇ ਐੱਸ.ਐੱਸ. ਪੀ. ਦਫਤਰ ਦੇ ਬਾਹਰ ਤਾਇਨਾਤ ਪੁਲਸ ਕਰਮੀਆਂ ਦੇ ਲਈ ਉਸ ਸਮੇਂ ਵੱਡੀ ਮੁਸ਼ਕਲ ਖੜੀ ਹੋ ਗਈ, ਜਦ ਉਥੇ ਇਕ ਨੌਜਵਾਨ ਨੇ ਆਪਣੇ ਹੱਥਾਂ 'ਚ ਜਲਣਸ਼ੀਲ ਪਦਾਰਥ ਦੀ ਕੇਨ ਲੈ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਮੌਕੇ 'ਤੇ ਹੀ ਪੁਲਸ ਨੇ ਮੁਸਤੈਦੀ ਦਿਖਾਉਂਦੇ ਹੋਏ ਨੌਜਵਾਨ ਤੇ ਉਸ ਦੇ ਭਰਾ ਨੂੰ ਮੌਕੇ 'ਤੇ ਕਾਬੂ ਕਰ ਲਿਆ। ਇਸ ਮੌਕੇ ਨੌਜਵਾਨ ਤੇ ਉਸ ਦੇ ਭਰਾ ਨੇ ਪੁਲਸ ਦੇ ਨਾਲ ਹੱਥੋਪਾਈ ਵੀ ਕੀਤੀ। ਪੁਲਸ ਨੇ ਦੋਨਾਂ ਭਰਾਵਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਜਾਣਕਾਰੀ ਦੇ ਅਨੁਸਾਰ ਪੁਲਸ ਜ਼ਿਲਾ ਬਟਾਲਾ ਦੇ ਐੱਸ. ਐੱਸ. ਪੀ. ਦਫਤਰ ਦੇ ਸਾਹਮਣੇ ਮਨਦੀਪ ਸਿੰਘ ਆਪਣੇ ਭਰਾ ਦੇ ਨਾਲ ਮੋਟਰਸਾਈਕਲ 'ਤੇ ਜਲਣਸ਼ੀਲ ਪਦਾਰਥ ਦੀ ਕੇਨ ਲੈ ਕੇ ਪਹੁੰਚਿਆ ਤੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਨ ਲੱਗਾ। ਇਸ ਦੌਰਾਨ ਉਹ ਤਾਇਨਾਤ ਪੁਲਸ ਮੁਲਾਜ਼ਮਾਂ ਨੇ ਉਸ ਨੂੰ ਕਾਬੂ ਕਰ ਲਿਆ ਤੇ ਉਥੇ ਇਸੇ ਦੌਰਾਨ ਪੁਲਸ, ਮਨਦੀਪ ਤੇ ਉਸ ਦੇ ਭਰਾ ਗੁਰਪ੍ਰੀਤ ਸਿੰਘ ਦੇ ਵਿਚਾਲੇ ਜੰਮ ਕੇ ਕੁੱਟਮਾਰ ਹੋਈ। ਆਖਿਰ ਪੁਲਸ ਨੇ ਦੋਨਾਂ ਭਰਾਵਾਂ ਨੂੰ ਪੁਲਸ ਹਿਰਾਸਤ 'ਚ ਲੈ ਲਿਆ ਹੈ।
ਮਨਦੀਪ ਸਿੰਘ ਬਟਾਲਾ ਦੇ ਮੁਹੱਲੇ ਬੋਦੇ ਦੀ ਖੁਈ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਮੌਕੇ 'ਤੇ ਪਹੁੰਚੀ ਮਨਦੀਪ ਸਿੰਘ ਦੀ ਮਾਂ ਕੁਲਦੀਪ ਕੌਰ ਦਾ ਕਹਿਣਾ ਸੀ ਕਿ ਉਸ ਦੇ ਪੁੱਤਰ ਮਨਦੀਪ ਨੇ ਛੇ ਮਹੀਨੇ ਪਹਿਲਾਂ ਇਕ ਲੜਕੀ ਨਾਲ ਪ੍ਰੇਮ ਵਿਆਹ ਕੀਤਾ ਸੀ ਤੇ ਦੋਵੇਂ ਖੁਸ਼ੀ ਨਾਲ ਆਪਣਾ ਜੀਵਨ ਬਤੀਤ ਕਰ ਰਹੇ ਸਨ ਪਰ ਮਨਦੀਪ ਦੀ ਪਤਨੀ ਦਾ ਪਿਤਾ ਉਸ ਨੂੰ ਨਾਲ ਲੈ ਗਿਆ ਤੇ ਹੁਣ ਉਸ ਨੂੰ ਵਾਪਸ ਨਹੀਂ ਭੇਜਿਆ ਜਾ ਰਿਹਾ। ਜਦ ਮਨਦੀਪ ਆਪਣੀ ਪਤਨੀ ਨੂੰ ਲੈਣ ਜਾਂਦਾ ਹੈ ਤਾਂ ਉਸ ਦਾ ਸਹੁਰਾ ਪਰਿਵਾਰ ਮਨਦੀਪ ਨਾਲ ਕੁੱਟਮਾਰ ਕਰਦਾ ਹੈ, ਜਿਸ ਨੂੰ ਲੈ ਕੇ ਮਨਦੀਪ ਨੇ ਸਹੁਰਾ ਪਰਿਵਾਰ ਦੇ ਖਿਲਾਫ ਕੇਸ ਵੀ ਦਰਜ ਕਰਵਾਇਆ ਪਰ ਪੁਲਸ ਉਨ੍ਹਾਂ 'ਤੇ ਕੋਈ ਕਾਰਵਾਈ ਨਹੀਂ ਕਰ ਰਹੀ ਹੈ, ਇਸ ਲਈ ਉਸ ਨੇ ਅਜਿਹਾ ਕਦਮ ਚੁੱਕਿਆ।
ਇਸ ਮਾਮਲੇ 'ਚ ਡੀ. ਐੱਸ. ਪੀ. ਸਿਟੀ ਬਟਾਲਾ ਸੁੱਚਾ ਸਿੰਘ ਬਲ ਨੇ ਦੱਸਿਆ ਕਿ ਮਨਦੀਪ ਸਿੰਘ ਨੇ 6 ਮਹੀਨੇ ਪਹਿਲਾਂ ਬਲਜੀਤ ਕੌਰ ਨੂੰ ਵਰਗਲਾ ਕੇ ਵਿਆਹ ਕੀਤਾ ਸੀ ਤੇ ਵਿਆਹ ਤੋਂ ਬਾਅਦ ਜਦ ਬਲਜੀਤ ਕੌਰ ਨੂੰ ਪਤਾ ਲੱਗਾ ਕਿ ਮਨਦੀਪ ਸਿੰਘ ਨੇ ਆਪਣੇ ਬਾਰੇ ਜੋ ਕੁਝ ਦੱਸਿਆ ਸੀ, ਉਹ ਸਭ ਝੂਠ ਹੈ ਤਾਂ ਉਹ ਲੜਕੀ ਵਾਪਸ ਆਪਣੇ ਪੇਕੇ ਚਲੀ ਗਈ। ਉਸ ਤੋਂ ਬਾਅਦ ਹੁਣ ਮਨਦੀਪ ਦੀ ਪਤਨੀ ਉਸ ਦੇ ਨਾਲ ਨਹੀਂ ਰਹਿਣਾ ਚਾਹੁੰਦੀ। ਮਨਦੀਪ ਨੇ ਕੇਸ ਆਪਣੇ ਸਹੁਰਾ ਪਰਿਵਾਰ ਦੇ ਖਿਲਾਫ ਦਾਇਰ ਕਰਵਾਇਆ। ਜਿਸ ਦੀ ਪੁਲਸ ਨੇ ਤਫਤੀਸ਼ ਕੀਤੀ ਪਰ ਉਹ ਕੇਸ ਝੂਠਾ ਪਾਇਆ ਗਿਆ ਤੇ ਹੁਣ ਮਨਦੀਪ ਵਲੋਂ ਪੁਲਸ ਦੇ ਉਪਰ ਦਬਾਅ ਬਨਾਉਣ ਲਈ ਇਹ ਡਰਾਮਾ ਰਚਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਪੁਲਸ ਨੇ ਮਨਦੀਪ ਤੇ ਉਸ ਦੇ ਭਰਾ ਗੁਰਪ੍ਰੀਤ ਨੂੰ ਗ੍ਰਿਫਤਾਰ ਕਰਕੇ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News