ਘਰਾਂ ਦਾ ਸ਼ਿੰਗਾਰ ਬਣ ਕੇ ਰਹਿ ਗਏ ਨੇ ਬਾਦਲ ਸਰਕਾਰ ਸਮੇਂ ਸ਼ੁਰੂ ਹੋਈ ਆਟਾ ਦਾਲ ਸਕੀਮ ਦੇ ਕਾਰਡ

12/12/2017 6:31:50 PM

ਔੜ (ਛਿੰਜੀ ਲੜੋਆ)— ਖਾਸ ਕਰਕੇ ਦਲਿਤ ਵਰਗ ਨੂੰ ਸਭ ਤੋਂ ਵੱਡਾ ਵੋਟ ਬੈਂਕ ਮੰਨਿਆ ਜਾਂਦਾ ਹੈ ਅਤੇ ਇਸ ਵਰਗ 'ਤੇ ਹਰ ਸਿਆਸੀ ਪਾਰਟੀ ਦੀ ਨਜ਼ਰ ਹੁੰਦੀ ਹੈ ਕਿ ਇਨ੍ਹਾਂ ਨੂੰ ਭਰਮਾਇਆ ਜਾਵੇ ਤਾਂ ਜੋ ਇਸ ਵਰਗ ਤੋਂ ਵੋਟਾਂ ਹਥਿਆਈਆਂ ਜਾ ਸਕਣ। ਪਿਛਲੀ ਬਾਦਲ ਸਰਕਾਰ ਨੇ ਇਸ ਵਰਗ ਨੂੰ ਆਟਾ ਦਾਲ ਸਕੀਮ ਤਹਿਤ ਲਿਆ ਕੇ ਇਸ ਦਾ ਚੰਗੀ ਤਰ੍ਹਾਂ ਇਸਤੇਮਾਲ ਕੀਤਾ ਭਾਵੇਂ ਬਾਦਲ ਸਰਕਾਰ ਲਈ ਆਟਾ ਦਾਲ ਦੇਣਾ ਅਸੰਭਵ ਬਣਿਆ ਰਿਹਾ ਪਰ ਕੁਝ ਨਾ ਕੁਝ ਦਲਿਤ ਵਰਗ ਦੇ ਪੱਲੇ ਪਾਇਆ ਗਿਆ। ਬਾਦਲ ਦੇ ਇਸ ਵੋਟ ਬੈਂਕ ਨੂੰ ਤੋੜਨ ਲਈ ਮੌਜੂਦਾ ਕਾਂਗਰਸ ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ 'ਚ ਲੋੜਵੰਦਾਂ ਨੂੰ ਆਟਾ ਦਾਲ ਦੇ ਨਾਲ-ਨਾਲ ਖੰਡ, ਚਾਹ ਅਤੇ ਹੋਰ ਸਾਮਾਨ ਦੇਣ ਦਾ ਵਾਅਦਾ ਕਰਕੇ ਇਨ੍ਹਾਂ ਲੋਕਾਂ ਦੀਆਂ ਵੋਟਾਂ 'ਤੇ ਡਾਕਾ ਮਾਰ ਲਿਆ ਪਰ ਸਰਕਾਰ ਬਣਨ ਦੇ 6 ਮਹੀਨਿਆਂ ਉਪਰੰਤ ਵੀ ਕਿਸੇ ਵੀ ਲੋੜਵੰਦ ਨੂੰ ਖੰਡ, ਚਾਹ ਤਾਂ ਕੀ ਮਿਲਣੀ ਸੀ ਸਗੋਂ ਆਟਾ ਦਾਲ ਵੀ ਬੰਦ ਹੋ ਗਿਆ। ਜਿਸ ਕਰਕੇ ਬਾਦਲ ਸਰਕਾਰ ਦੇ ਆਟਾ ਦਾਲ ਸਕੀਮ ਪ੍ਰਾਪਤ ਕਰਨ ਵਾਲੇ ਕਾਰਡ ਘਰਾਂ ਦਾ ਸ਼ਿੰਗਾਰ ਬਣ ਕੇ ਰਹਿ ਗਏ ਹਨ। 

PunjabKesari
ਗਰੀਬ ਮਾਰੂ ਬਣੀ ਸਰਕਾਰ : ਡਾ. ਸੁੱਖੀ
ਇਸ ਸਬੰਧੀ ਅਕਾਲੀ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਬੰਗਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਲੋੜਵੰਦਾਂ ਦੀ ਰਾਸ਼ਨ ਦੀ ਸਕੀਮ ਬੰਦ ਕਰ ਕੇ ਕਾਂਗਰਸ ਸਰਕਾਰ ਨੇ ਗਰੀਬ ਮਾਰੂ ਰੁਖ ਅਪਣਾਇਆ ਹੈ ਪਰ ਬਾਦਲ ਸਰਕਾਰ ਵੇਲੇ ਗਰੀਬ ਲੋਕਾਂ ਨੂੰ ਵਿਸ਼ੇਸ਼ ਸਹੂਲਤਾਂ ਮਿਲਦੀਆਂ ਸਨ। 
ਸਰਵੇ ਤੋਂ ਬਾਅਦ ਹੋਵੇਗੀ ਸਕੀਮ ਲਾਗੂ : ਕੰਵਰ, ਪੱਲੀ ਝਿੱਕੀ
ਪੰਜਾਬ ਕਾਂਗਰਸ ਦੇ ਸਕੱਤਰ ਕਮਲਜੀਤ ਕੰਵਰ ਤੇ ਜ਼ਿਲਾ ਪ੍ਰਧਾਨ ਸਤਵੀਰ ਸਿੰਘ ਪੱਲੀ ਝਿੱਕੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਆਟਾ ਦਾਲ ਸਕੀਮ ਲੋੜਵੰਦ ਲੋਕਾਂ ਤੱਕ ਪਹੁੰਚਾਉਣ ਲਈ ਸਰਵੇ ਕਰਵਾਇਆ ਜਾ ਰਿਹਾ ਹੈ, ਜਿਸ ਉਪਰੰਤ ਇਹ ਸਕੀਮ ਨਿਰੰਤਰ ਚਲਾ ਦਿੱਤੀ ਜਾਵੇਗੀ ਕਿਉਂਕਿ ਬਾਦਲ ਸਰਕਾਰ ਸਮੇਂ ਬਹੁਤ ਸਾਰੇ ਲੋਕ ਇਸ ਸਕੀਮ ਦਾ ਨਾਜਾਇਜ਼ ਲਾਭ ਲੈ ਰਹੇ ਸਨ ਅਤੇ ਕੈਪਟਨ ਸਰਕਾਰ ਚੋਣ ਮੈਨੀਫੈਸਟੋ ਦਾ ਇਕ-ਇਕ ਵਾਅਦਾ ਪੂਰਾ ਕਰਕੇ ਛੱਡੇਗੀ।


Related News