ਪੁਲਸ ਦੇ ਗਲੇ ਦੀ ਹੱਡੀ ਬਣਿਆ ATM ਦੀ ਲੁੱਟ ਦਾ ਮਾਮਲਾ, ਹੱਥ ਲੱਗੇ ਅਹਿਮ ਸੁਰਾਗਾਂ ਰਾਹੀ ਹੋਵੇਗਾ ਵੱਡਾ ਖੁਲਾਸਾ

07/23/2017 7:23:18 PM

ਸੁਲਤਾਨਪੁਰ ਲੋਧੀ(ਸੋਢੀ)— 2 ਦਿਨ ਪਹਿਲਾਂ ਸੁਲਤਾਨਪੁਰ ਲੋਧੀ ਦੇ ਮੇਨ ਕਪੂਰਥਲਾ-ਸੁਲਤਾਨਪੁਰ ਰੋਡ 'ਤੇ ਮਾਲਵਾ ਫਿਲਿੰਗ ਸਟੇਸ਼ਨ ਨੇੜਿਓਂ ਗੈਸ ਕਟਰ ਨਾਲ ਏ. ਟੀ. ਐੱਮ. ਮਸ਼ੀਨ ਤੋੜ ਕੇ 2 ਨਕਾਬਪੋਸ਼ ਲੁਟੇਰਿਆਂ ਵੱਲੋਂ ਕੀਤੀ ਗਈ 11.43 ਲੱਖ ਰੁਪਏ ਦੀ ਲੁੱਟ ਦਾ ਮਾਮਲਾ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਸ ਦੀ ਗਲੇ ਦੀ ਹੱਡੀ ਬਣਿਆ ਹੋਇਆ ਹੈ। ਐੱਸ. ਐੱਸ. ਪੀ. ਕਪੂਰਥਲਾ ਸੰਦੀਪ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਐੱਸ. ਪੀ. ਜਗਜੀਤ ਸਿੰਘ ਸਰੋਆ, ਡੀ. ਐੱਸ. ਪੀ. ਸੁਲਤਾਨਪੁਰ ਵਰਿਆਮ ਸਿੰਘ ਖਹਿਰਾ, ਥਾਣਾ ਸੁਲਤਾਨਪੁਰ ਲੋਧੀ ਦੇ ਇੰਸ. ਸਰਬਜੀਤ ਸਿੰਘ ਅਤੇ ਏ. ਐੱਸ. ਆਈ. ਪੂਰਨ ਸਿੰਘ ਤੋਂ ਇਲਾਵਾ ਹੋਰ ਕਈ ਪੁਲਸ ਅਧਿਕਾਰੀ ਵੀ ਇਸ ਲੁੱਟ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਸੁਰਾਗ ਲਗਾਉਣ 'ਚ ਲੱਗੇ ਹੋਏ ਹਨ। 
ਪੁਲਸ ਸੂਤਰਾਂ ਅਨੁਸਾਰ ਜ਼ਿਲੇ ਦੀ ਪੁਲਸ ਵਲੋਂ ਇਸ ਮਾਮਲੇ 'ਚ ਖੋਜ ਲਗਾਉਣ ਲਈ ਏ. ਟੀ. ਐੱਮ. 'ਚੋਂ ਇਕ ਦਿਨ ਪਹਿਲਾਂ ਹੀ ਏਨੀ ਵੱਡੀ ਰਕਮ ਪਾਉਣ ਵਾਲੇ ਕਰਮਚਾਰੀਆਂ ਨੂੰ ਵੀ ਹਿਰਾਸਤ 'ਚ ਲੈ ਕੇ ਬੜੀ ਸਖਤੀ ਨਾਲ ਪੁੱਛਗਿੱਛ ਕੀਤੀ ਹੈ ਅਤੇ ਕਪੂਰਥਲਾ-ਸੁਲਤਾਨਪੁਰ ਲੋਧੀ ਦੀਆਂ ਸੜਕਾਂ ਨਾਲ ਲੱਗਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਵੀ ਖੰਗਾਲਿਆ ਗਿਆ ਹੈ। ਸੂਤਰਾਂ ਦੀ ਮੰਨੀਏ ਤਾਂ ਪੁਲਸ ਨੂੰ ਲੁੱਟ ਦੀ ਵਾਰਦਾਤ 'ਚ ਸ਼ਾਮਲ ਲੁਟੇਰਿਆਂ ਦੇ ਨਾਲ ਸੰਬੰਧਤ ਅਹਿਮ ਸੁਰਾਗ ਮਿਲੇ ਹਨ, ਜਿਨ੍ਹਾਂ ਰਾਹੀਂ ਪੁਲਸ ਸਾਰੇ ਦੋਸ਼ੀਆਂ ਨੂੰ ਬਹੁਤ ਹੀ ਜਲਦੀ ਕਾਬੂ ਕਰ ਸਕਦੀ ਹੈ। ਸ਼ਨੀਵਾਰ ਦੀ ਸ਼ਾਮ ਥਾਣਾ ਸੁਲਤਾਨਪੁਰ ਲੋਧੀ ਦੇ ਐੱਸ. ਐੱਚ. ਓ. ਸਰਬਜੀਤ ਸਿੰਘ ਨਾਲ ਇੰਸ ਸਬੰਧੀ ਗੱਲਬਾਤ ਕਰਨ 'ਤੇ ਉਨ੍ਹਾਂ ਸਿਰਫ ਇੰਨਾ ਹੀ ਕਿਹਾ ਕਿ ਬਹੁਤ ਹੀ ਜਲਦੀ ਪੁਲਸ ਅਧਿਕਾਰੀ ਲੁਟੇਰਿਆਂ ਬਾਰੇ ਖੁਲਾਸਾ ਕਰਨਗੇ।


Related News