ਏਟਕ ਜਥੇਬੰਦੀ ਵੱਲੋਂ ਟੈਕਨੀਕਲ ਕਾਮਿਆਂ ਨੂੰ ਫੀਲਡ ''ਚ ਭੇਜਣ ਦੀ ਮੰਗ

06/27/2017 7:07:53 AM

ਤਰਨਤਾਰਨ,  (ਰਾਜੂ)-  ਬਿਜਲੀ ਕਾਮਿਆਂ ਦੀ ਜਥੇਬੰਦੀ ਪੀ. ਐੱਸ. ਈ. ਬੀ. ਇੰਪ. ਫੈੱਡ. ਏਟਕ ਦੀ ਮੀਟਿੰਗ ਗਾਂਧੀ ਪਾਰਕ ਵਿਖੇ ਸਰਕਲ ਪ੍ਰਧਾਨ ਪੂਰਨ ਸਿੰਘ ਮਾੜੀਮੇਘਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸਬ-ਡਵੀਜ਼ਨ ਅਤੇ ਸਬ-ਡਵੀਜ਼ਨਾਂ ਦੇ ਪ੍ਰਧਾਨ ਸਕੱਤਰਾਂ ਤੋਂ ਇਲਾਵਾ ਸਰਕਲ ਕਮੇਟੀ ਦੇ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ।
ਜਥੇਬੰਦੀ ਦੇ ਸਰਕਲ ਸਕੱਤਰ ਅਤੇ ਸੂਬਾ ਉਪ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਗੰਡੀਵਿੰਡ ਨੇ ਦੱਸਿਆ ਕਿ ਇਸ ਮੀਟਿੰਗ 'ਚ ਪਿਛਲੇ ਰੀਵਿਊ 'ਤੇ ਆਪਣੇ ਵਿਚਾਰ ਪੇਸ਼ ਕੀਤੇ ਗਏ ਤੇ ਜਥੇਬੰਦੀ ਦੀ ਸੂਬਾ ਕਮੇਟੀ ਵੱਲੋਂ ਪਾਵਰ ਮੈਨੇਜਮੈਂਟ ਨਾਲ 8 ਜੂਨ ਨੂੰ ਮੁੱਖ ਦਫਤਰ ਪਟਿਆਲਾ ਵਿਖੇ ਕਰਮਚਾਰੀਆਂ ਦੀਆਂ ਮੰਗਾਂ ਦੇ ਨਿਪਟਾਰੇ ਸਬੰਧੀ ਕੀਤੀ ਗਈ ਮੀਟਿੰਗ 'ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ। 29 ਜੂਨ ਨੂੰ ਪਾਵਰ ਮੈਨੇਜਮੈਂਟ ਨਾਲ ਦੁਬਾਰਾ ਹੋਣ ਜਾ ਰਹੀ ਜਥੇਬੰਦੀ ਦੀ ਮੀਟਿੰਗ ਲਈ ਸੁਝਾਅ ਪੇਸ਼ ਕਰਦਿਆਂ ਵੱਖ-ਵੱਖ ਕੈਟਾਗਰੀਆਂ ਦੀਆਂ ਤਰੱਕੀਆਂ ਵਿਚ ਪਾਈ ਜਾ ਰਹੀ ਖੜੋਤ ਦੇ ਮਸਲੇ ਨੂੰ ਮੈਨੇਜਮੈਂਟ ਨਾਲ ਵਿਚਾਰਨ 'ਤੇ ਜ਼ੋਰ ਦਿੱਤਾ ਗਿਆ। ਮੁਲਾਜ਼ਮ ਆਗੂਆਂ ਜਸਬੀਰ ਸਿੰਘ ਸ਼ੇਰੋਂ, ਬਲਜਿੰਦਰ ਕੌਰ, ਹਰਭਿੰਦਰ ਸਿੰਘ ਝਬਾਲ ਨੇ ਐੱਲ. ਡੀ. ਸੀ. ਤੋਂ ਯੂ. ਡੀ. ਸੀ., ਲਾਈਨਮੈਨ ਤੋਂ ਜੇ. ਈ., ਮੀਟਰ ਰੀਡਰ ਤੋਂ ਮੀਟਰ ਇੰਸਪੈਕਟਰ ਦੀ ਤਰੱਕੀ ਲਈ ਪਿਛਲੇ 29-30 ਸਾਲਾਂ ਤੋਂ ਇਕ ਹੀ ਪੋਸਟ 'ਤੇ ਕੰਮ ਕਰ ਰਹੇ ਕਰਮਚਾਰੀਆਂ ਨਾਲ ਹੋ ਰਹੇ ਧੱਕੇ 'ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਅਤੇ ਬੀਤੇ ਦਿਨੀਂ ਪਾਵਰ ਮੈਨੇਜਮੈਂਟ ਵੱਲੋਂ ਸਿਰਫ 6 ਲਾਈਨਮੈਨਾਂ ਨੂੰ ਜੇ. ਈ. ਦੀ ਤਰੱਕੀ ਦੇਣ ਦੇ ਹੁਕਮਾਂ ਦੀ ਜ਼ੋਰਦਾਰ ਨਿੰਦਾ ਕੀਤੀ। 
ਮੀਟਿੰਗ 'ਚ ਮਤਾ ਪਾਸ ਕਰ ਕੇ ਨਿਗਰਾਨ ਇੰਜੀਨੀਅਰ ਹਲਕਾ ਤਰਨਤਾਰਨ ਕੋਲੋਂ ਮੰਗ ਕੀਤੀ ਗਈ ਕਿ ਪੈਡੀ ਸੀਜ਼ਨ ਦੇ ਮੱਦੇਨਜ਼ਰ ਸਟਾਫ ਦੀ ਘਾਟ ਹੋਣ ਦੀ ਵਜ੍ਹਾ ਕਾਰਨ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਸਮੇਂ ਆ ਰਹੀਆਂ ਮੁਸ਼ਕਲਾਂ ਨੂੰ ਮੁੱਖ ਰੱਖਦੇ ਹੋਏ ਜੋ ਟੈਕਨੀਕਲ ਕਰਮਚਾਰੀ ਲੰਮੇ ਅਰਸੇ ਤੋਂ ਆਪਣੀ ਬਣਦੀ ਡਿਊਟੀ ਕਰਨ ਦੀ ਬਜਾਏ ਦਫਤਰਾਂ ਵਿਚ ਤਾਇਨਾਤ ਹਨ, ਜਿਨ੍ਹਾਂ ਦੀ ਗਿਣਤੀ ਤਿੰਨ ਦਰਜਨ ਲਾਈਨਮੈਨ ਅਤੇ ਇਸ ਦੇ ਬਰਾਬਰ ਸਹਾਇਕ ਲਾਈਨਮੈਨ ਸਮੇਤ ਕੁਝ ਜੇ. ਈ. ਹਨ, ਨੂੰ ਤੁਰੰਤ ਫੀਲਡ ਵਿਚੋਂ ਬਣਦੀ ਡਿਊਟੀ 'ਤੇ ਭੇਜਿਆ ਜਾਵੇ ਤਾਂ ਜੋ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਨਾਲ-ਨਾਲ ਫੀਲਡ 'ਚੋਂ 12-12 ਘੰਟੇ ਡਿਊਟੀ ਕਰ ਰਹੇ ਕਾਮਿਆਂ ਨੂੰ ਕੁਝ ਰਾਹਤ ਮਿਲ ਸਕੇ।


Related News