ਪੇਸ਼ੀ ''ਤੇ ਆਏ ਦੋਸ਼ੀ ਨੂੰ ਭਜਾਉਣ ਵਾਲੇ ਗ੍ਰਿਫਤਾਰ

12/11/2017 5:44:42 PM


ਜ਼ੀਰਾ (ਗੁਰਮੇਲ ਸੇਖਵਾਂ) - ਫਰੀਦਕੋਟ ਜੇਲ ਤੋਂ ਜ਼ੀਰਾ ਅਦਾਲਤ 'ਚ ਪੇਸ਼ ਹੋਣ ਆਏ ਇਕ ਦੋਸ਼ੀ ਨੂੰ ਭਜਾ ਕੇ ਲਿਜਾਣ ਵਾਲੇ 3 ਦੋਸ਼ੀਆਂ 'ਚੋਂ 2 ਨੂੰ ਥਾਣਾ ਸਿਟੀ ਜ਼ੀਰਾ ਦੀ ਪੁਲਸ ਨੇ ਕਾਬੂ ਕਰ ਲਿਆ ਹੈ। ਐੱਸ. ਐੱਚ. ਓ. ਇਕਬਾਲ ਸਿੰਘ ਨੇ ਦੱਸਿਆ ਕਿ ਫ਼ਰੀਦਕੋਟ ਜੇਲ 'ਚ ਬੰਦ ਦੋਸ਼ੀ ਬਲਵਿੰਦਰ ਸਿੰਘ ਉਰਫ਼ ਗੋਲਾ ਵਾਸੀ ਪਿੰਡ ਸ਼ਾਹ ਅੱਬੂ ਬੁੱਕਰ ਨੂੰ ਜ਼ੀਰਾ ਦੀ ਮਾਣਯੋਗ ਅਦਾਲਤ 'ਚ ਪੇਸ਼ੀ ਲਈ ਲਿਆਂਦਾ ਜਾ ਰਿਹਾ ਸੀ ਕਿ ਨਵੀਂ ਕਚਹਿਰੀ ਨੇੜੇ ਦੋਸ਼ੀ ਦੇ ਸਾਥੀ ਕਿੱਕਰ ਸਿੰਘ ਉਰਫ਼ ਫ਼ੌਜੀ ਪੁੱਤਰ ਕਾਰਜ ਸਿੰਘ ਵਾਸੀ ਪਿੰਡ ਅਮਰਗੜ੍ਹ ਬਾਂਡੀਆਂ ਅਤੇ ਇੰਦਰਜੀਤ ਸਿੰਘ ਉਰਫ਼ ਇੰਦਾ ਪੁੱਤਰ ਸੁਖਵਿੰਦਰ ਸਿੰਘ ਵਾਸੀ ਪਿੰਡ ਸ਼ਾਹ ਅੱਬੂ ਬੁੱਕਰ ਅਤੇ ਉਨ੍ਹਾਂ ਦਾ 1 ਹੋਰ ਸਾਥੀ ਪਿਸਤੌਲ ਦੀ ਨੋਕ 'ਤੇ ਦੋਸ਼ੀ ਨੂੰ ਭਜਾ ਕੇ ਲੈ ਗਿਆ, ਜਿਸ ਪਿੱਛੋਂ ਗੁਪਤ ਸੂਚਨਾ ਦੇ ਆਧਾਰ 'ਤੇ ਏ. ਐੱਸ. ਆਈ. ਲਖਵੀਰ ਸਿੰਘ ਸਮੇਤ ਪੁਲਸ ਪਾਰਟੀ ਨੇ ਪਿੰਡ ਸੁੱਖੇਵਾਲਾ ਦੇ ਬੱਸ ਸਟੈਂਡ 'ਤੇ ਛਾਪੇਮਾਰੀ ਕਰ ਕੇ ਦੋਵਾਂ ਨੂੰ ਮੌਕੇ 'ਤੇ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਪਾਸੋਂ 1 ਪਿਸਤੌਲ ਤੇ 2 ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ। ਗ੍ਰਿਫਤਾਰ ਕੀਤੇ ਦੋਸ਼ੀਆਂ ਖਿਲਾਫ਼ ਥਾਣਾ ਸਿਟੀ ਜ਼ੀਰਾ ਵੱਲੋਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਐੱਸ. ਐੱਚ. ਓ. ਇਕਬਾਲ ਸਿੰਘ ਨੇ ਕਿਹਾ ਕਿ ਬਲਵਿੰਦਰ ਸਿੰਘ ਉਰਫ਼ ਗੋਲਾ ਪੁੱਤਰ ਦਰਸ਼ਨ ਸਿੰਘ ਅਤੇ ਗੁਰਜੰਟ ਸਿੰਘ ਉਰਫ਼ ਜੰਟੀ ਵਾਸੀ ਪਿੰਡ ਸ਼ਾਹ ਅੱਬੂ ਬੁੱਕਰ ਦੀ ਤਲਾਸ਼ ਜਾਰੀ ਹੈ ਜਿਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।


Related News