2 ਔਰਤਾਂ ਨਾਲ ਕੁੱਟਮਾਰ ਦੇ ਮਾਮਲੇ ''ਚ ਕੌਂਸਲਰ ਪਤੀ ਵਿੱਕੀ ਚੱਢਾ ਸਮੇਤ 2 ਗ੍ਰਿਫਤਾਰ

10/19/2017 4:53:34 AM

ਜਲੰਧਰ(ਮਹੇਸ਼)-ਦੀਪ ਨਗਰ ਵਾਸੀ ਦੋ ਔਰਤਾਂ ਨਾਲ ਦੁਰਵਿਵਹਾਰ ਕਰਨ ਦੇ ਮਾਮਲੇ ਵਿਚ ਥਾਣਾ ਸਦਰ ਦੀ ਪੁਲਸ ਵਲੋਂ 4 ਅਕਤੂਬਰ ਨੂੰ ਮੁਕੱਦਮਾ ਨੰਬਰ 223 ਅਧੀਨ ਨਾਮਜ਼ਦ ਕੀਤੇ ਗਏ ਕੰਟੋਨਮੈਂਟ ਬੋਰਡ ਦੀ ਮਹਿਲਾ ਕੌਂਸਲਰ ਪੁਨੀਤ ਕੌਰ ਚੱਢਾ ਦੇ ਪਤੀ ਚਰਨਜੀਤ ਸਿੰਘ ਉਰਫ ਵਿੱਕੀ ਚੱਢਾ ਸਵ. ਪ੍ਰੀਤਮ ਸਿੰਘ ਚੱਢਾ ਵਾਸੀ ਜਲੰਧਰ ਕੈਂਟ ਅਤੇ ਉਸਦੇ ਸਾਥੀ ਹਰਨੇਕ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਗੋਲਡਨ ਕਾਲੋਨੀ ਦੀਪ ਨਗਰ ਨੂੰ ਅੱਜ ਪਰਾਗਪੁਰ ਪੁਲਸ ਚੌਕੀ ਦੇ ਮੁਖੀ ਕਮਲਜੀਤ ਸਿੰਘ ਤੇ ਪੁਲਸ ਪਾਰਟੀ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਦੋਵਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿਥੇ ਚਰਨਜੀਤ ਸਿੰਘ ਵਿੱਕੀ ਚੱਢਾ ਵੱਲੋਂ ਪਹਿਲਾਂ ਤੋਂ ਹੀ ਜ਼ਮਾਨਤ ਲਏ ਜਾਣ ਕਾਰਨ ਉਸ ਨੂੰ ਅਤੇ ਉਸਦੇ ਸਾਥੀ ਹਰਨੇਕ ਸਿੰਘ ਨੂੰ ਮਾਣਯੋਗ ਜੱਜ ਵਲੋਂ ਮੌਕੇ 'ਤੇ ਹੀ ਰਿਹਾਅ ਕਰਨ ਦਾ ਨਿਰਦੇਸ਼ ਜਾਰੀ ਕਰ ਦਿੱਤਾ ਗਿਆ। 
ਐੱਸ. ਐੱਚ. ਓ. ਸਦਰ ਸੁਖਦੇਵ ਸਿੰਘ ਔਲਖ ਅਤੇ ਪਰਾਗਪੁਰ ਪੁਲਸ ਚੌਕੀ ਮੁਖੀ ਕਮਲਜੀਤ ਸਿੰਘ ਤੋਂ ਮਿਲੀ ਜਾਣਕਾਰੀ ਮੁਤਾਬਕ ਮੁਲਜ਼ਮ ਚਰਨਜੀਤ ਸਿੰਘ ਚੱਢਾ ਤੇ ਉਸਦੇ ਸਾਥੀ ਹਰਨੇਕ ਸਿੰਘ ਖਿਲਾਫ ਦੀਪ ਨਗਰ ਵਾਸੀ ਔਰਤਾਂ ਗੁਰਪ੍ਰੀਤ ਕੌਰ ਪਤਨੀ ਇੰਦਰਪਾਲ ਸਿੰਘ ਤੇ ਊਸ਼ਾ ਪਤਨੀ ਬਨਵਾਰੀ ਲਾਲ ਨੇ ਪੰਜਾਬ ਪੁਲਸ ਨੂੰ ਉਨ੍ਹਾਂ ਨੂੰ ਧਮਕਾਉਣ, ਗੋਲੀ ਮਾਰਨ, ਹੱਥੋਪਾਈ ਕਰਨ ਤੇ ਦੁਰਵਿਵਹਾਰ ਕਰਨ ਦੀ ਸ਼ਿਕਾਇਤ ਦਿੱਤੀ ਸੀ, ਜਿਸ 'ਤੇ ਏ. ਆਈ. ਜੀ. ਰੈਂਕ ਦੇ ਅਧਿਕਾਰੀ ਵਲੋਂ ਕੀਤੀ ਗਈ ਜਾਂਚ ਤੋਂ ਬਾਅਦ ਦੋਵਾਂ ਖਿਲਾਫ ਉਕਤ ਧਾਰਾ ਅਧੀਨ ਕੇਸ ਦਰਜ ਕਰ ਲਿਆ ਗਿਆ ਹੈ। ਕੌਂਸਲਰ ਪਤੀ ਚਰਨਜੀਤ ਸਿੰਘ ਵਿੱਕੀ ਚੱਢਾ ਵਲੋਂ ਔਰਤਾਂ 'ਤੇ ਲਾਏ ਗਏ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਹੋਏ ਮਾਣਯੋਗ ਅਦਾਲਤ ਵਿਚ ਅਰਜ਼ੀ ਦਾਇਰ ਕਰ ਦਿੱਤੀ ਗਈ ਸੀ, ਜਿਸ 'ਤੇ ਵਿੱਕੀ ਚੱਢਾ ਤੇ ਉਸਦੇ ਸਾਥੀ ਹਰਨੇਕ ਸਿੰਘ ਨੂੰ ਜ਼ਮਾਨਤ ਮਿਲ ਗਈ ਹੈ। 


Related News