ਦਾਣਾ ਮੰਡੀ ਲੁੱਟ ਕਾਂਡ ਦੇ 4 ਮੁਲਜ਼ਮ ਗ੍ਰਿਫਤਾਰ

10/18/2017 4:18:47 AM

ਲੁਧਿਆਣਾ(ਪੰਕਜ)-ਸ਼ੁੱਕਰਵਾਰ ਨੂੰ ਗਿੱਲ ਰੋਡ ਸਥਿਤ ਦਾਣਾ ਮੰਡੀ ਵਿਚ ਐਕਸਪੋਰਟਰ ਦੇ ਦਫਤਰ ਵਿਚ ਵਰਕਰ ਨਾਲ ਹੋਈ ਲੁੱਟ ਦੇ ਕੇਸ ਵਿਚ ਪੁਲਸ ਨੇ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਤੋਂ ਵਾਰਦਾਤ ਵਿਚ ਵਰਤੇ ਗਏ ਦਾਤਰ ਅਤੇ ਮੋਟਰਸਾਈਕਲ ਬਰਾਮਦ ਕੀਤੇ ਹਨ। ਵਾਰਦਾਤ ਵਿਚ ਸ਼ਾਮਲ ਬਾਕੀ ਮੁਲਜ਼ਮਾਂ ਦੀ ਭਾਲ ਵਿਚ ਜੁਟੀ ਲੁੱਟ ਦੇ ਪੈਸਿਆਂ ਨੂੰ ਲੈ ਕੇ ਦੁਚਿੱਤੀ ਨਜ਼ਰ ਆ ਰਹੀ ਹੈ।ਥਾਣਾ ਮੁਖੀ ਮੁਹੰਮਦ ਜ਼ਮੀਲ ਨੇ ਦੱਸਿਆ ਕਿ ਮਹਾਵੀਰ ਐਕਸਪੋਰਟਸ ਦੇ ਦਫਤਰ ਦੇ ਵਰਕਰ ਕ੍ਰਿਸ਼ਨ ਕੁਮਾਰ 'ਤੇ ਬੀਤੇ ਸ਼ੁੱਕਰਵਾਰ ਰਾਤ 7.30 ਵਜੇ ਦੇ ਕਰੀਬ ਹਥਿਆਰਬੰਦ ਲੁਟੇਰਿਆਂ ਨੇ ਹਮਲਾ ਕਰ ਕੇ ਉਸ ਨੂੰ ਜ਼ਖਮੀ ਕੀਤਾ ਸੀ। ਇਸ ਵਾਰਦਾਤ ਵਿਚ ਸ਼ਾਮਲ ਮੁਲਜ਼ਮਾਂ ਵਿਚੋਂ ਚਾਰ ਦੋਸ਼ੀਆਂ, ਜਿਨ੍ਹਾਂ ਦੀ ਪਛਾਣ ਰਾਹੁਲ ਗਮਾਡੀਆ ਪੁੱਤਰ ਰਜੇਸ਼ ਕੁਮਾਰ, ਰਾਹੁਲ ਛੁਰਲੀ ਪੁੱਤਰ ਪੱਪੂ ਕੁਮਾਰ, ਸੰਦੀਪ ਰਿੱਕੀ ਪੁੱਤਰ ਹਰਮੇਸ਼ ਅਤੇ ਸਤਨਾਮ ਪੁੱਤਰ ਗੁਰਸ਼ਰਨ ਵਜੋਂ ਹੋਈ ਹੈ, ਨੂੰ ਗ੍ਰਿਫਤਾਰ ਕਰ ਕੇ ਪੁਲਸ ਨੇ ਉਨ੍ਹਾਂ ਦੇ ਕਬਜ਼ੇ ਵਿਚੋਂ ਵਾਰਦਾਤ ਵਿਚ ਵਰਤੇ 3 ਦਾਤਰ, 2 ਮੋਟਰਸਾਈਕਲ ਅਤੇ ਰਾਡ ਬਰਾਮਦ ਕੀਤੀ ਹੈ। ਥਾਣਾ ਮੁਖੀ ਨੇ ਦੱਸਿਆ ਕਿ ਕੇਸ ਵਿਚ ਅਜੇ ਹੋਰ ਵੀ ਮੁਲਜ਼ਮ ਸ਼ਾਮਲ ਹਨ।
ਨਾਲ ਹੀ ਲੁੱਟ ਦੀ ਰਕਮ ਨੂੰ ਲੈ ਕੇ ਵੀ ਅਜੇ ਕੁਝ ਸਪੱਸ਼ਟ ਨਹੀਂ ਹੋਇਆ ਹੈ। ਚਾਰੇ ਦੋਸ਼ੀਆਂ ਨੂੰ ਰਿਮਾਂਡ 'ਤੇ ਲੈ ਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਜਲਦ ਹੀ ਸਭ ਕੁਝ ਸਾਫ ਹੋ ਜਾਵੇਗਾ।


Related News