ਸੁਪਾਰੀ ਕਿੱਲਰ ਰਾਜੀਵ ਰਾਜਾ ਗੈਂਗ ਦੇ 8 ਮੈਂਬਰ ਗ੍ਰਿਫ਼ਤਾਰ

10/13/2017 6:27:20 AM

ਹੁਸ਼ਿਆਰਪੁਰ(ਅਸ਼ਵਨੀ)-ਪੁਲਸ ਨੇ ਜ਼ਿਲਾ ਜੇਲ ਸੰਗਰੂਰ 'ਚ ਬੰਦ ਗੈਂਗਸਟਰ ਰਾਜੀਵ ਕੁਮਾਰ ਉਰਫ ਰਾਜਾ ਪੁੱਤਰ ਰਾਮ ਪਾਲ ਵਾਸੀ ਮੁਹੱਲਾ ਤਾਜਗੰਜ ਲੁਧਿਆਣਾ ਦੇ ਗੈਂਗ ਦੇ 8 ਖਤਰਨਾਕ ਮੈਂਬਰਾਂ ਨੂੰ ਅਸਲੇ ਤੇ ਨਸ਼ੀਲੇ ਪਾਊਡਰ ਸਣੇ ਗ੍ਰਿਫ਼ਤਾਰ ਕੀਤਾ ਹੈ। ਅੱਜ ਇਥੇ ਪ੍ਰੈੱਸ ਕਾਨਫਰੰਸ ਦੌਰਾਨ ਜਲੰਧਰ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਸ ਜਸਕਰਨ ਸਿੰਘ ਤੇ ਐੱਸ. ਐੱਸ. ਪੀ. ਜੇ. ਏਲੀਚੇਲਿਅਨ ਨੇ ਦੱਸਿਆ ਕਿ ਬੀਤੀ ਰਾਤ ਐੱਸ. ਪੀ. ਇਨਵੈਸਟੀਗੇਸ਼ਨ ਹਰਪ੍ਰੀਤ ਸਿੰਘ ਮੰਡੇਰ ਦੀ ਅਗਵਾਈ 'ਚ ਵਿਸ਼ੇਸ਼ ਨਾਕਾਬੰਦੀ ਦੌਰਾਨ ਢੋਲਵਾਹਾ ਚੌਰਾਹੇ ਦੇ ਕੋਲ ਇਕ ਕਾਰ ਨੰ. ਪੀ ਬੀ 10-ਸੀ ਜੇ-4646 ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਚਾਲਕ ਨੇ ਕਾਰ ਤੇਜ਼ ਕਰ ਕੇ ਭਜਾਉਣ ਦੀ ਕੋਸ਼ਿਸ਼ ਕੀਤੀ, ਜੋ ਕਿ ਬੇਕਾਬੂ ਹੋ ਕੇ ਝਾੜੀਆਂ 'ਚ ਫਸ ਗਈ। ਪੁਲਸ ਨੇ ਕਾਰ ਚਾਲਕ ਅੰਮ੍ਰਿਤ ਸਿੰਘ ਪੁੱਤਰ ਜਤਿੰਦਰ ਸਿੰਘ ਮੁਹੱਲਾ ਨਿਊ ਕੁੰਦਨਪੁਰੀ ਲੁਧਿਆਣਾ, ਸਤਨਾਮ ਸਿੰਘ ਉਰਫ ਕਰੋੜੀ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਲੌਂਗੋਵਾਲ ਜ਼ਿਲਾ ਸੰਗਰੂਰ, ਜਤਿੰਦਰ ਸਿੰਘ ਉਰਫ ਸ਼ੇਰੂ ਪੁੱਤਰ ਕਰਨਜੀਤ ਵਾਸੀ ਅਹਿਮਦਗੜ੍ਹ ਥਾਣਾ ਕਰਤਾਰਪੁਰ ਜ਼ਿਲਾ ਜਲੰਧਰ ਤੇ ਸ਼ੁਭਮ ਉਰਫ ਬੰਬ ਪੁੱਤਰ ਰਾਜੇਸ਼ ਕੁਮਾਰ ਵਾਸੀ ਪਿੰਡ ਲਾਡੋਵਾਲ ਜ਼ਿਲਾ ਲੁਧਿਆਣਾ ਨੂੰ ਕਾਬੂ ਕਰ ਲਿਆ। ਡੀ. ਐੱਸ. ਪੀ. ਸਪੈਸ਼ਲ ਬ੍ਰਾਂਚ ਹਰਜਿੰਦਰ ਸਿੰਘ ਵੱਲੋਂ ਤਲਾਸ਼ੀ ਲੈਣ 'ਤੇ ਅੰਮ੍ਰਿਤ ਸਿੰਘ ਦੇ ਕਬਜ਼ੇ ਵਿਚੋਂ 210 ਗ੍ਰਾਮ ਨਸ਼ੀਲਾ ਪਾਊਡਰ, ਸਤਨਾਮ ਸਿੰਘ ਉਰਫ ਕਰੋੜੀ ਦੀ ਤਲਾਸ਼ੀ ਲੈਣ 'ਤੇ ਇਕ ਪਿਸਤੌਲ 32 ਬੋਰ, ਮੈਗਜ਼ੀਨ, 3 ਕਾਰਤੂਸ ਤੇ 225 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ। ਕਾਰ 'ਤੇ ਲੱਗੀ ਨੰਬਰ ਪਲੇਟ ਜਾਅਲੀ ਪਾਈ ਗਈ, ਜਿਸ ਦਾ ਅਸਲ ਨੰ. 10 ਸੀ ਜੇ 4698 ਸੀ। ਪੁਲਸ ਨੇ ਦੋਸ਼ੀਆਂ ਖਿਲਾਫ਼ ਧਾਰਾ 307, 482, 115 ਤੇ 120-ਬੀ ਅਤੇ ਨਸ਼ਾ ਵਿਰੋਧੀ ਐਕਟ ਤੇ ਅਸਲਾ ਐਕਟ ਤਹਿਤ ਮਾਮਲੇ ਦਰਜ ਕਰ ਲਏ ਹਨ। ਗ੍ਰਿਫ਼ਤਾਰ ਦੋਸ਼ੀਆਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਰਾਜੀਵ ਰਾਜਾ ਉਨ੍ਹਾਂ ਨੂੰ ਜੇਲ ਤੋਂ ਵਟਸਐਪ 'ਤੇ ਨਿਰਦੇਸ਼ ਦਿੰਦਾ ਸੀ। ਪਹਿਲਾਂ ਸਤਨਾਮ ਸਿੰਘ ਉਰਫ ਕਰੋੜੀ ਵੀ ਰਾਜਾ ਨਾਲ ਜੇਲ ਵਿਚ ਬੰਦ ਸੀ। ਰਾਜਾ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਜੰਗ ਵਾਸੀ ਕੈਨੇਡਾ, ਜੋਤੀ, ਪ੍ਰਿੰਸ ਵਾਸੀ ਖੁਰਦਾਂ ਨਾਲ ਇਹ ਡੀਲ ਹੋਈ ਹੈ ਕਿ ਸਤਨਾਮ ਸਿੰਘ ਬਿੱਟੂ, ਜਿਸਦੀ ਚੰਡੀਗੜ੍ਹ 'ਚ ਹੱਤਿਆ ਕਰ ਦਿੱਤੀ ਗਈ ਸੀ, ਦੇ ਵਿਰੋਧੀ ਗਰੁੱਪ ਦੇ ਮੈਂਬਰਾਂ ਦੀ ਹੱਤਿਆ ਲਈ 35 ਲੱਖ ਰੁਪਏ ਦੀ ਸੁਪਾਰੀ ਮਿਲਣੀ ਹੈ। ਪਹਿਲੀ ਕਿਸ਼ਤ 10 ਲੱਖ ਰੁਪਏ ਲੈ ਲਈ ਗਈ ਸੀ। ਇਸ ਵਿਚੋਂ 7 ਲੱਖ ਰੁਪਏ ਰਾਜਾ ਦਾ ਕੋਈ ਬੰਦਾ ਲੈ ਗਿਆ ਸੀ। ਵਾਰਦਾਤ ਨੂੰ ਅੰਜਾਮ ਦੇਣ ਲਈ ਰੇਕੀ ਕਰਨ ਆਏ ਸਨ-ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਦੱਸਿਆ ਕਿ ਉਹ ਤੇ ਉਨ੍ਹਾਂ ਦੇ 3 ਹੋਰ ਸਾਥੀ ਚੇਤਨ ਸ਼ਰਮਾ ਉਰਫ ਚੀਨੂੰ ਪੁੱਤਰ ਸੁਭਾਸ਼ ਸ਼ਰਮਾ, ਹੇਮਾਂਕ ਉਰਫ ਹਰੀਸ਼ ਜੋਸ਼ੀ ਵਾਸੀ ਲੁਧਿਆਣਾ ਤੇ ਤਜਿੰਦਰ ਸਿੰਘ ਉਰਫ ਭਿੰਦਾ ਪੁੱਤਰ ਮਿੰਟੂ ਸਿੰਘ ਵਾਸੀ ਲੌਂਗੋਵਾਲ ਰੇਕੀ ਕਰਨ ਆਏ ਸਨ। ਪੁਲਸ ਨੇ ਇਨ੍ਹਾਂ ਤਿੰਨਾਂ ਨੂੰ ਵੀ ਪੁਲ ਨਹਿਰ ਕਾਹਲਵਾਂ ਦੇ ਕੋਲ ਕਾਬੂ ਕਰ ਲਿਆ। ਹੇਮਾਂਕ ਦੇ ਕਬਜ਼ੇ ਵਿਚੋਂ ਇਕ ਦੇਸੀ ਪਿਸਤੌਲ, ਇਕ ਕਾਰਤੂਸ, ਇਕ ਐਕਟਿਵਾ ਨੰ. ਪੀ ਬੀ 10 ਡੀ ਜੇ-7579 ਬਰਾਮਦ ਹੋਈ।  ਬਰਨਾਲਾ ਪੁਲਸ 'ਚ ਤਾਇਨਾਤ ਕਾਂਸਟੇਬਲ ਵੀ ਗ੍ਰਿਫ਼ਤਾਰ-ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਦੱਸਿਆ ਕਿ ਰੇਕੀ 'ਚ ਬਰਨਾਲਾ ਵਿਖੇ ਤਾਇਨਾਤ ਇਕ ਪੁਲਸ ਕਾਂਸਟੇਬਲ ਅਤਿੰਦਰਪਾਲ ਸਿੰਘ ਪੁੱਤਰ ਰਾਜੀਵ ਸਿੰਘ ਵਾਸੀ ਡਡਿਆਲਾ ਥਾਣਾ ਟਾਂਡਾ ਤੇ ਹਰਦੀਪ ਸਿੰਘ ਉਰਫ ਡੱਬੂ ਵੀ ਸ਼ਾਮਲ ਸਨ। ਪੁਲਸ ਨੇ ਅਤਿੰਦਰਪਾਲ ਸਿੰਘ ਨੂੰ ਕਾਰ ਸਮੇਤ ਅੱਡਾ ਭੀਖੋਵਾਲ ਤੋਂ ਗ੍ਰਿਫ਼ਤਾਰ ਕਰ ਲਿਆ ਜਦਕਿ ਹਰਦੀਪ ਸਿੰਘ ਦੀ ਭਾਲ ਜਾਰੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਦੋਸ਼ੀਆਂ ਦੇ ਕਬਜ਼ੇ ਵਿਚੋਂ ਇਕ ਇਨੋਵਾ ਗੱਡੀ ਨੰ. ਪੀ ਬੀ 10-ਐੱਫ-2668, ਜੋ ਕਿ 1 ਅਕਤੂਬਰ ਨੂੰ ਹਰਿਆਣਾ ਇਲਾਕੇ 'ਚੋਂ ਡਰਾਈਵਰ ਕੋਲੋਂ ਖੋਹੀ ਸੀ, ਵੀ ਬਰਾਮਦ ਕਰ ਲਈ।


Related News