ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਾਂ ਨੇ ਬਿਜਲੀ ਮੁਲਾਜ਼ਮਾਂ ਦੀ ਹਮਾਇਤ ਦਾ ਕੀਤਾ ਐਲਾਨ

12/11/2017 12:00:54 PM


ਜਲਾਲਾਬਾਦ (ਬਜਾਜ) - ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਨੇ ਜੀ. ਐੱਚ. ਟੀ. ਪੀ. ਕੰਟਰੈਕਟ ਵਰਕਰਜ਼ ਯੂਨੀਅਨ ਸਮੇਤ ਵੱਖ-ਵੱਖ ਬਿਜਲੀ ਮੁਲਾਜ਼ਮ ਜਥੇਬੰਦੀਆਂ ਵਲੋਂ ਬਠਿੰਡਾ ਥਰਮਲ ਨੂੰ ਬੰਦ ਕਰਨ ਦੇ ਖਿਲਾਫ 14 ਦਸੰਬਰ ਨੂੰ ਕੀਤੇ ਜਾ ਰਹੇ ਐਕਸ਼ਨ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਹੈ। 
ਇਹ ਜਾਣਕਾਰੀ ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਵਰਿੰਦਰ ਸਿੰਘ ਮੋਮੀ, ਸਲਾਹਕਾਰ ਮਲਾਗਰ ਸਿੰਘ ਖਮਾਣੋਂ, ਜਨਰਲ ਸਕੱਤਰ ਕੁਲਦੀਪ ਸਿੰਘ ਬੁੱਢੇਵਾਲ, ਪ੍ਰੈੱਸ ਸਕੱਤਰ ਸਤਨਾਮ ਸਿੰਘ ਅਤੇ ਜਸਵੀਰ ਸਿੰਘ ਸੀਰਾ ਵਲੋਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਸਰਕਾਰੀ ਥਰਮਲਾਂ ਨੂੰ ਬੰਦ ਕਰਨ ਲਈ ਕੋਝੀਆਂ ਚਾਲਾਂ ਚੱਲ ਰਹੀ ਹੈ ਅਤੇ ਆਪਣੇ ਚੋਣ ਮਨੋਰਥ ਪੱਤਰ 'ਚ ਨੌਜਵਾਨਾਂ ਨੂੰ ਰੁਜ਼ਗਾਰ ਦੇਣਾ, ਕਿਸਾਨਾਂ-ਮਜ਼ਦੂਰਾਂ ਦਾ ਸਾਰਾ ਕਰਜ਼ਾ ਮੁਆਫ ਕਰਨਾ, ਖੇਤ ਮਜ਼ਦੂਰਾਂ ਤੇ ਕਿਸਾਨਾਂ ਨੂੰ ਮਿਲਦੀਆਂ ਸਬਸਿਡੀਆਂ ਬਹਾਲ ਰੱਖਣ, ਵਿਦਿਆ, ਸਿਹਤ ਤੇ ਪਾਣੀ ਮੁਫਤ ਦੇਣ ਵਾਲੇ ਵਾਅਦਿਆਂ ਨੂੰ ਪੂਰਾ ਕਰਨ ਤੋਂ ਭੱਜ ਰਹੀ ਹੈ। ਕਾਂਗਰਸ ਸਰਕਾਰ ਨੇ ਦੇਸੀ-ਵਿਦੇਸ਼ੀ ਕੰਪਨੀਆਂ, ਸਰਮਾਏਦਾਰਾਂ ਨੂੰ ਮਾਲੋਮਾਲ ਕਰਨ ਦੀਆਂ ਨੀਤੀਆਂ ਲਾਗੂ ਕਰ ਕੇ ਲੋਕਾਂ ਦੇ ਸਿਰ ਚੜ੍ਹੇ ਕਰਜ਼ੇ ਤੇ ਗਰੀਬੀ ਦੀ ਪੰਡ ਲੱਦਣ ਦੀ ਕੋਸ਼ਿਸ਼ ਕਰ ਰਹੀ ਹੈ। ਸਰਕਾਰੀ ਥਰਮਲਾਂ ਨੂੰ ਬੰਦ ਕਰਨ ਤੇ ਕਾਮਿਆਂ ਦੀਆਂ ਕੀਤੀਆਂ ਜਾ ਰਹੀਆਂ ਛਾਂਟੀਆਂ ਕਾਰਨ ਲੋਕਾਂ ਦੇ ਮਨਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਜਿਸ ਕਾਰਨ ਬਿਜਲੀ ਮੁਲਾਜ਼ਮ 14 ਦਸੰਬਰ ਨੂੰ ਹੜਤਾਲ ਕਰਨਗੇਂ। ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਨਾਲ ਕੀਤੇ ਵਾਅਦੇ ਮੁਤਾਬਿਕ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਲੋਂ ਇਨਲਿਸਟਮੈਂਟ ਪਾਲਸੀ ਤੋੜ ਕੇ ਵਰਕਰਾਂ ਨੂੰ ਮਹਿਕਮੇ 'ਚ ਸ਼ਾਮਲ ਕਰਨ ਦਾ ਕੇਸ ਤਿਆਰ ਕਰ ਕੇ 15 ਦਸੰਬਰ ਤੱਕ ਪੰਜਾਬ ਸਰਕਾਰ ਨੂੰ ਦੀ ਮੰਗ ਕੀਤੀ। ਅਜਿਹਾ ਨਾ ਹੋਣ 'ਤੇ ਪਟਿਆਲਾ ਦੀ ਧਰਤੀ 'ਤੇ ਵੱਡੇ ਪੱਧਰ 'ਤੇ ਅੰਦੋਲਨ ਸ਼ੁਰੂ ਕੀਤਾ ਜਾਵੇਗਾ।


Related News