ਚਾਰ-ਮਾਰਗੀ ਸੜਕ ਦੇ ਵਿਕਾਸ ਕਾਰਜ ਬਣੇ ਵਿਨਾਸ਼ ਕਾਰਜ

10/16/2017 2:16:59 AM

ਮੋਗਾ,   (ਪਵਨ ਗਰੋਵਰ/ਗੋਪੀ ਰਾਊਕੇ)-  ਲੁਧਿਆਣਾ ਤੋਂ ਵਾਇਆ ਮੋਗਾ ਰੋਡ ਰਾਹੀਂ ਤਲਵੰਡੀ ਭਾਈ ਨੂੰ ਜਾਣ ਵਾਲੇ ਨੈਸ਼ਨਲ ਹਾਈਵੇ ਮਾਰਗ ਨੂੰ ਚਾਰ-ਮਾਰਗੀ ਕਰਨ ਦੇ ਚੱਲ ਰਹੇ ਅਸਲੋਂ ਹੋਲੀ ਰਫ਼ਤਾਰ ਦੇ ਕੰਮ ਕਰ ਕੇ ਇਹ ਵਿਕਾਸ ਕਾਰਜ ਹੁਣ 'ਵਿਨਾਸ਼ ਕਾਰਜ' ਬਣ ਕੇ ਰਹਿ ਗਏ ਹਨ। 
ਹੈਰਾਨੀ ਦੀ ਗੱਲ ਤਾਂ ਇਹ ਹੈ ਕਿ 2012 ਤੋਂ ਸ਼ੁਰੂ ਹੋਇਆ ਇਸ ਸੜਕ ਦਾ ਕੰਮ ਭਾਵੇਂ 2014 ਤੱਕ ਪੂਰਾ ਹੋਣਾ ਸੀ ਪਰ ਚਾਰ-ਮਾਰਗੀ ਸੜਕ ਦਾ ਕੰਮ ਤਾਂ ਅਜੇ ਵੀ ਪੂਰਾ ਨਹੀਂ ਹੋ ਸਕਿਆ ਅਤੇ ਸਭ ਤੋਂ ਅਹਿਮ ਗੱਲ ਤਾਂ ਇਹ ਹੈ ਕਿ ਸੜਕ ਦਾ ਕੰਮ ਹੁਣ ਮੋਗਾ ਸ਼ਹਿਰ ਦੇ ਇਲਾਕੇ 'ਚ ਪਿਛਲੇ 6 ਮਹੀਨਿਆਂ ਦੇ ਲਗਭਗ ਸਮੇਂ ਤੋਂ ਚੱਲ ਰਿਹਾ ਹੈ ਤੇ ਇਸ ਦੌਰਾਨ ਮੋਗਾ ਸ਼ਹਿਰ ਦੇ ਮੁੱਖ ਚੌਕ ਨੇੜੇ ਉੱਡਦੀ ਧੂੜ-ਮਿੱਟੀ ਨੇ ਸ਼ਹਿਰੀਆਂ ਦਾ ਜਿਊਣਾ ਦੁੱਭਰ ਕਰ ਕੇ ਰੱਖ ਦਿੱਤਾ ਹੈ। 
'ਜਗ ਬਾਣੀ' ਵੱਲੋਂ ਹਾਸਲ ਕੀਤੀ ਗਈ ਜਾਣਕਾਰੀ ਅਨੁਸਾਰ ਮੋਗਾ ਦੇ ਬਾਘਾਪੁਰਾਣਾ ਬਾਈਪਾਸ ਵਾਲੇ ਚੌਕ ਤੋਂ ਲੈ ਕੇ ਮੋਗਾ ਦੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਤੱਕ ਜਾਣ ਵੇਲੇ ਸ਼ਹਿਰ ਵਾਸੀਆਂ ਨੂੰ ਕਈ ਵਾਰ ਸੋਚਣ ਲਈ ਮਜਬੂਰ ਹੋਣਾ ਪੈਂਦਾ ਹੈ। ਇਸ 2 ਤੋਂ 3 ਕਿਲੋਮੀਟਰ ਦੇ ਘੇਰੇ 'ਚੋਂ ਲੰਘਣ ਵਾਲੇ ਸ਼ਹਿਰੀ ਧੂੜ-ਮਿੱਟੀ ਕਰ ਕੇ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਇਸ ਸੜਕ ਨੇੜੇ ਕਾਰੋਬਾਰ ਕਰਨ ਵਾਲੇ ਰਾਜੀਵ ਨੇ ਦੱਸਿਆ ਕਿ ਸੜਕ ਦਾ ਕੰਮ ਕਿਸੇ ਤਣ-ਪੱਤਣ ਨਾ ਲੱਗਣ ਕਰ ਕੇ ਲੁਧਿਆਣਾ ਜੀ. ਟੀ. ਰੋਡ ਦੇ ਦੁਕਾਨਦਾਰਾਂ ਦਾ ਸਮੁੱਚਾ ਕੰਮਕਾਰ 'ਠੱਪ' ਹੋ ਕੇ ਰਹਿ ਗਿਆ ਹੈ। 
ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀ ਵਿਕਾਸ ਕਾਰਜਾਂ ਦੇ ਵਿਰੋਧੀ ਨਹੀਂ ਪਰ ਇਨ੍ਹਾਂ ਵਿਕਾਸ ਕਾਰਜਾਂ ਨੂੰ ਮੁਕੰਮਲ ਕਰਨ ਲਈ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ। ਕੰਪਨੀ ਨੂੰ ਚਾਹੀਦਾ ਹੈ ਕਿ ਉਹ ਰੋਜ਼ਾਨਾ ਉੱਡਦੀ ਧੂੜ-ਮਿੱਟੀ ਨੂੰ ਰੋਕਣ ਲਈ ਸਮੇਂ ਸਿਰ ਸੜਕ ਦੇ ਦੋਵੇਂ ਪਾਸੇ ਪਾਣੀ ਦਾ ਛਿੜਕਾਅ ਕਰਵਾਉਣ ਤੋਂ ਇਲਾਵਾ ਸ਼ਹਿਰ ਵਾਸੀਆਂ ਨੂੰ ਸੜਕ ਦੇ ਇਕ ਪਾਸੇ ਤੋਂ ਦੂਜੇ-ਪਾਸੇ ਜਾਣ ਲਈ ਵੀ ਬਣਦੀਆਂ ਸਹੂਲਤਾਂ ਮੁਹੱਈਆ ਕਰਵਾਏ। 
ਸ਼ਹਿਰ ਵਾਸੀ ਅਤੇ ਪ੍ਰਦੇਸ਼ ਕਾਂਗਰਸ ਦੇ ਸਕੱਤਰ ਗੁਰਪ੍ਰੀਤ ਸਿੰਘ ਹੈਪੀ ਨੇ ਕਿਹਾ ਕਿ ਪਹਿਲਾਂ ਤਾਂ ਪੁਲਾਂ ਦਾ ਨਿਰਮਾਣ ਕਾਰਜ ਹੀ ਠੀਕ ਨਹੀਂ ਹੈ। ਇਸ ਕੰਮ ਨਾਲ ਸ਼ਹਿਰ ਹੀ ਦੋ ਭਾਗਾਂ ਵਿਚ ਵੰਡਿਆ ਗਿਆ ਹੈ। ਕੰਪਨੀ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ 'ਚ ਫੇਲ ਰਹੀ ਹੈ। ਹੁਣ ਵੀ ਭਾਵੇਂ ਕੰਪਨੀ ਨੇ 31 ਦਸੰਬਰ ਤੱਕ ਲੋਕਾਂ ਨੂੰ ਕੰਮ ਮੁਕੰਮਲ ਕਰਨ ਦਾ ਭਰੋਸਾ ਦਿੱਤਾ ਹੈ ਪਰ ਅਜੇ ਵੀ ਦੇਖ ਕੇ ਲੱਗਦਾ ਨਹੀਂ ਕਿ ਵਿਕਾਸ ਕਾਰਜ ਦਿੱਤੇ ਸਮੇਂ 'ਚ ਮੁਕੰਮਲ ਹੋਵੇਗਾ। ਸ਼ਹਿਰ ਵਾਸੀ ਪ੍ਰਿਤਪਾਲ ਸਿੰਘ ਸਰੀਨ ਦਾ ਕਹਿਣਾ ਸੀ ਕਿ ਸ਼ਹਿਰ ਦੇ ਵਿਕਾਸ ਕਾਰਜ ਹੌਲੀ ਚੱਲਣ ਕਰ ਕੇ ਬੁਰਾ ਹਾਲ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਵਾਸੀ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਮੰਗ ਕੀਤੀ ਵਿਕਾਸ ਕਾਰਜ ਮੁਕੰਮਲ ਹੋਣ ਤੱਕ ਕੰਪਨੀ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਵੀ ਧਿਆਨ ਦੇਵੇ। ਉਨ੍ਹਾਂ ਜ਼ਿਲਾ ਪ੍ਰਸ਼ਾਸਨ ਤੋਂ ਵੀ ਮੰਗ ਕੀਤੀ ਕਿ ਉਹ ਕੰਪਨੀ ਨੂੰ ਇਸ ਸਬੰਧੀ ਹਦਾਇਤ ਕਰੇ। 


Related News