ਰਾਹਗੀਰਾਂ ਲਈ ਵੱਡਾ ਖਤਰਾ ਬਣੇ ਆਵਾਰਾ ਕੁੱਤਿਆਂ ਦੇ ਝੁੰਡ

06/26/2017 7:35:13 AM

ਬਾਘਾਪੁਰਾਣਾ (ਚਟਾਨੀ/ਮੁਨੀਸ਼) - ਕਸਬੇ ਵਿਚ ਥਾਂ-ਥਾਂ ਫਿਰਦੇ ਆਵਾਰਾ ਕੁੱਤਿਆਂ ਦੇ ਝੁੰਡ ਰਾਹਗੀਰਾਂ ਲਈ ਵੱਡਾ ਖਤਰਾ ਬਣ ਰਹੇ ਹਨ, ਜਦਕਿ ਪਸ਼ੂ ਪਾਲਣ, ਸਿਹਤ ਮਹਿਕਮਾ ਜਾਂ ਨਗਰ ਕੌਂਸਲ ਅਜਿਹੇ ਖਤਰਆਿਂ ਨੂੰ ਟਾਲਣ ਲਈ ਬਿਲਕੁਲ ਵੀ ਗੰਭੀਰ ਨਹੀਂ ਜਾਪ ਰਹੇ। ਆਵਾਰਾ ਕੁੱਤਿਆਂ ਦੀ ਵੱਧ ਰਹੀ ਗਿਣਤੀ ਸਿਰਫ ਮਨੁੱਖਾਂ ਲਈ ਸਗੋਂ ਇਹ ਪਾਲਤੂ ਪਸ਼ੂਆਂ ਲਈ ਵੀ ਇਕ ਵੱਡੀ ਚੁਣੌਤੀ ਬਣੀ ਹੋਈ ਹੈ। ਪਿਛਲੇ ਇਕ ਸਾਲ ਦੌਰਾਨ ਅਜਿਹੇ ਖੂੰਖਾਰ ਕੁੱਤਿਆਂ ਨੇ ਸਿਰਫ ਸਥਾਨਕ ਸ਼ਹਿਰ 'ਚ ਦਰਜਨ ਤੋਂ ਵਧੇਰੇ ਲੋਕਾਂ ਨੂੰ ਵੱਢਿਆ ਹੈ, ਜਦਕਿ ਦੋ ਛੋਟੇ ਵੱਛੇ ਅਤੇ ਇਕ ਵੱਛੀ ਵੀ ਕੁੱਤਿਆਂ ਨੇ ਨੋਚ ਸੁੱਟੀ। ਹਲਕੇ ਕੁੱਤੇ ਵੱਲੋਂ ਕੱਟੇ ਗਏ ਮਨੁੱਖ ਅਤੇ ਪਸ਼ੂ ਆਪਣੀ ਜਾਨ ਤੋਂ ਹੱਥ ਧੋ ਬੈਠੇ ਹਨ।
ਅੰਕੜੇ ਦਰਸਾਉਂਦੇ ਹਨ ਕਿ ਹਲਕੇ ਕੁੱਤਿਆਂ ਦੇ ਵੱਢਣ ਨਾਲ ਮਰਨ ਵਾਲੇ ਲੋਕਾਂ ਦੀ ਸੂਬੇ ਭਰ ਵਿਚ ਸਾਲ 2015 ਦੌਰਾਨ ਗਿਣਤੀ 1094 ਸੀ, ਜਦਕਿ ਆਵਾਰਾ ਕੁੱਤਿਆਂ ਨੂੰ ਮਾਰਨ ਉਪਰ ਲਾਈ ਗਈ ਪਾਬੰਦੀ ਮਗਰੋਂ ਇਹ ਅੰਕੜਾ ਹੁਣ ਡੇਢ ਗੁਣਾਂ ਹੋ ਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਬੇਜ਼ੁਬਾਨੇ ਪਸ਼ੂਆਂ ਉਪਰ ਜ਼ੁਲਮ ਦੇ ਤਾਂ ਭਾਵੇਂ ਉਹ ਹਾਮੀ ਨਹੀਂ ਪਰ ਮਨੁੱਖਾਂ 'ਤੇ ਜਾਨਲੇਵਾ ਹਮਲਾ ਕਰਨ ਵਾਲੇ ਪਸ਼ੂਆਂ ਉਪਰ ਤਰਸ ਕਰ ਕੇ ਮਨੁੱਖੀ ਜ਼ਿੰਦਗੀਆਂ ਦਾ ਘਾਣ ਵੀ ਬਰਦਾਸ਼ਤ ਕਰਨਾ ਔਖਾ ਹੈ।
ਦੇਖਣ 'ਚ ਆਇਆ ਹੈ ਕਿ ਸਿਰਫ ਆਵਾਰਾ ਕੁੱਤਿਆਂ ਦੇ ਵੱਢਣ ਨਾਲ ਹੀ ਮਨੁੱਖੀ ਜ਼ਿੰਦਗੀਆਂ ਦਾ ਘਾਣ ਨਹੀਂ ਹੋ ਰਿਹਾ ਸਗੋਂ ਦੋਪਹੀਆ ਵਾਹਨਾਂ ਪਿੱਛੇ ਭੌਂਕਣ ਕਰ ਕੇ ਵੀ ਵਾਹਨ ਚਾਲਕ ਇਕਦਮ ਡਰ ਕੇ ਵਾਹਨ ਉਪਰੋਂ ਆਪਣਾ ਕੰਟਰੋਲ ਗੁਆ ਬੈਠਦਾ ਹੈ, ਜਿਸ ਕਾਰਨ ਅਜਿਹੀਆਂ ਦੁਰਘਟਨਾਵਾਂ ਆਮ ਹੀ ਦੇਖਣ 'ਚ ਆ ਰਹੀਆਂ ਹਨ। ਸੜਕਾਂ ਉਪਰ ਫਿਰਦੇ ਆਵਾਰਾ ਕੁੱਤਿਆਂ ਦੇ ਇਕਦਮ ਵਾਹਨ ਦੇ ਅੱਗੇ ਆ ਜਾਣ ਕਾਰਨ ਵੀ ਗੰਭੀਰ ਹਾਦਸੇ ਹੋ ਚੁੱਕੇ ਹਨ, ਜੋ ਨਿਰੰਤਰ ਜਾਰੀ ਹਨ।
ਸਥਾਨਕ ਕਸਬੇ ਦੇ ਮੁਗਲੂ ਪੱਤੀ ਸਕੂਲ ਦੇ ਨੇੜੇ ਖੁੱਲ੍ਹੇ ਪਏ ਅਹਾਤਿਆਂ ਵਿਚ ਆਵਾਰਾ ਕੁੱਤਿਆਂ ਦੀਆਂ ਵੱਡੀਆਂ ਟੋਲੀਆਂ ਸਕੂਲੀ ਬੱਚਿਆਂ ਲਈ ਹਮੇਸ਼ਾ ਖਤਰਾ ਬਣੀਆਂ ਰਹਿੰਦੀਆਂ ਹਨ, ਜਿਸ ਕਾਰਨ ਬੱਚਿਆਂ ਲਈ ਛੱਡਣ ਅਤੇ ਸਕੂਲੋਂ ਲੈਣ ਲਈ ਮਾਪਿਆਂ ਨੂੰ ਖੁਦ ਹੀ ਆਉਣਾ ਪੈਂਦਾ ਹੈ।


Related News