ਆਂਗਣਵਾੜੀ ਦੇ ਮੁਲਾਜ਼ਮਾਂ ਅਤੇ ਬੱਚਿਆਂ ਦੇ ਮੂੰਹੋ ਰੋਟੀ ਨਹੀਂ ਖੋਹਣ ਦੇਵਾਂਗੇ : ਜਸਵਿੰਦਰ ਕੌਰ

09/23/2017 2:27:36 PM

ਬੁਢਲਾਡਾ (ਮਨਜੀਤ,ਸੰਦੀਪ ਮਿੱਤਲ)— ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਪ੍ਰਧਾਨ ਜਸਵਿੰਦਰ ਕੌਰ ਦਾਤੇਵਾਸ ਦੀ ਅਗਵਾਈ 'ਚ ਸੀ.ਡੀ.ਪੀ.ਓ. ਦਫ਼ਤਰ ਦੇ ਸਾਹਮਣੇ ਧਰਨਾ ਦੇਣ ਉਪਰੰਤ ਸਥਾਨਕ ਆਈ.ਟੀ.ਆਈ. ਚੌਕ ਵਿਖੇ ਸਰਕਾਰ ਦਾ ਪੁੱਤਲਾ ਸਾੜਿਆ ਗਿਆ। ਜਿਸ 'ਚ ਬਲਾਕ ਦੀਆ ਸਮੂਹ ਆਂਗਣਵਾੜੀ ਵਰਕਰ ਤੇ ਹੈਲਪਰ ਜ਼ੋਰਦਾਰ ਨਾਅਰੇ ਲਗਾਉਂਦੇ ਹੋਏ ਪੰਡਾਲ 'ਚ ਆਈਆਂ। 
ਬਲਾਕ ਪ੍ਰਧਾਨ ਰਣਜੀਤ ਕੌਰ ਬਰੇਟਾ ਨੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਦਾ 3 ਤੋਂ 6 ਸਾਲ ਦੇ ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਪ੍ਰੀ-ਪ੍ਰਾਇਮਰੀ ਕਲਾਸਾਂ ਸ਼ੁਰੂ ਕਰਨ ਦਾ ਜੋ ਫੈਸਲਾ ਲਿਆ ਗਿਆ ਹੈ, ਇਹ ਸਿੱਧਾ ਹੀ ਰਾਜ ਦੀਆਂ 53000 ਵਰਕਰਾਂ ਅਤੇ ਹੈਲਪਰਾਂ ਦੇ ਬੱਚਿਆਂ ਮੂੰਹੋ ਰੋਟੀ ਖੋਹਣਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਨਾਲ ਗੱਲ ਕੀਤੇ ਬਿਨ੍ਹਾਂ ਅਤੇ ਆਈ.ਸੀ.ਡੀ.ਐਸ. ਸਕੀਮ 'ਤੇ ਪ੍ਰੀ-ਪ੍ਰਾਇਮਰੀ ਦੇ ਲਾਭ ਹਾਨੀ ਦਾ ਜਾਇਜ਼ਾਂ ਲਏ ਬਿਨਾਂ ਹੀ ਇਹ ਫੈਸਲਾ ਲੈ ਲਿਆ ਗਿਆ ਹੈ। ਆਗੂਆਂ ਨੇ ਕਿਹਾ ਕਿ ਇਹ ਕਲਾਸਾਂ ਸ਼ੁਰੂ ਕਰਨ ਨਾਲ 26656 ਆਂਗਣਵਾੜੀ ਕੇਂਦਰ ਬੰਦ ਹੀ ਨਹੀਂ ਹੋਣਗੇ ਸਗੌਂ ਇਸ ਨਾਲ ਆਈ.ਸੀ.ਡੀ.ਐਸ. ਦੀ ਸੇਵਾਵਾਂ ਵੀ ਪ੍ਰਭਾਵਿਤ ਹੋਣਗੀਆਂ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਸ਼੍ਰੀਮਤੀ ਮੇਨਕਾਂ ਗਾਂਧੀ ਦੇ ਦਿੱਤੇ ਬਿਆਨ ਨੇ ਸਾਬਿਤ ਹੀ ਕਰ ਦਿੱਤਾ ਹੈ ਕਿ ਸਰਕਾਰ ਭ੍ਰਿਸ਼ਟਾਚਾਰ ਖਤਮ ਕਰਨ ਦੇ ਨਾਮ ਤੇ ਸਕੀਮ ਨੂੰ ਹੀ ਖਤਮ ਕਰਨ ਜਾ ਰਹੀ ਹੈ। ਪਾਈਲਟ ਪ੍ਰੋਜੈਕਟ ਸ਼ੁਰੂ ਕਰ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਡਾਕ ਰਾਹੀ ਫੀਡ ਦੇਣ ਦੀ ਪ੍ਰਕਿਰਿਆ ਸਿੱਧਾ ਦੇਸ਼ ਦੀਆਂ 27 ਲੱਖ ਵਰਕਰਾਂ ਅਤੇ ਹੈਲਪਰ ਦਾ ਰੋਜ਼ਗਾਰ ਖੋਹ ਉਨ੍ਹਾਂ ਨੂੰ ਬੇ-ਰੁਜ਼ਗਾਰ ਕਰਨਾ ਹੈ। ਜਿਸ ਕਾਰਨ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ 'ਚ ਤਿੱਖਾ ਰੋਸ ਹੈ ਅਤੇ ਉਹ ਕਰੋ ਜਾ ਮਰੋ ਲਈ ਸਿਰ ਉੱਤੇ ਕਫਨ ਬੰਨ੍ਹ ਆਪਣੇ ਰੋਜ਼ਗਾਰ ਲਈ ਸੜਕਾਂ ਤੇ ਉਤਰਨ ਲਈ ਤਿਆਰ ਹਨ, ਜਿਸ ਨੂੰ ਲੈ ਕੇ ਅੱਜ ਸਾਰੇ ਬਲਾਕਾਂ 'ਚ ਮੁੱਖ ਮੰਤਰੀ ਅਤੇ ਕੇਂਦਰੀ ਮੰਤਰੀ ਦੇ ਪੁੱਤਲੇ ਸਾੜਦੇ ਹੋਏ ਆਪਣੇ ਰੋਜ਼ਗਾਰ ਦੀ ਰਾਖੀ ਲਈ ਸੰਘਰਸ਼ ਦਾ ਬਿਗੁਲ ਬਜਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ 26 ਸਤੰਬਰ ਨੂੰ ਚੰਡੀਗੜ੍ਹ ਵਿਖੇ ਜਨਰਲ ਬੋਡੀ ਮੀਟਿੰਗ ਕਰਕੇ ਸੰਘਰਸ਼ ਦੀ ਅਗਲੀ ਰੂਪ ਰੇਖਾ ਉਲੀਕ ਸੰਘਰਸ ਦੇ ਮੈਦਾਨ 'ਚ ਆਰ ਪਾਰ ਦੀ ਲੜਾਈ ਲਈ ਉਤਰਾਂਗੇ। ਉਨ੍ਹਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਪ੍ਰਤੀ ਤਿੱਖਾ ਰੋਸ ਪ੍ਰਗਟ ਕਰਦੇ ਹੋਏ ਸਰਕਾਰ ਤੋਂ ਮੰਗ ਕੀਤੀ ਕਿ ਤਿੰਨ ਤੋਂ ਛੇ ਸਾਲ ਦੇ ਬੱਚਿਆਂ ਲਈ ਆਗਣਵਾੜੀ ਕੇਂਦਰਾਂ 'ਚ ਹੀ ਪ੍ਰੀ-ਪ੍ਰਾਇਮਰੀ ਸਿੱਖਿਆ ਲਾਜ਼ਮੀ ਕੀਤੀ ਜਾਵੇ। ਆਂਗਣਵਾੜੀ ਕੇਂਦਰਾਂ 'ਚ ਹੀ ਬੱਚਿਆਂ, ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਲਈ ਤਾਜ਼ਾ ਪੱਕਿਆ ਭੋਜਨ ਹੀ ਜਾਰੀ ਕੀਤਾ ਜਾਵੇ ਨਹੀਂ ਤਾਂ ਅੰਦੋਲਨ ਹੋਰ ਤਿੱਖਾ ਰੂਪ ਧਾਰਨ ਕਰੇਗਾ। ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਅੱਜ ਦੇ ਇਸ ਧਰਨੇ ਨੂੰ ਮੁੱਖ ਆਗੂਆਂ ਤੋਂ ਇਲਾਵਾ ਸ਼ਿੰਦਰ ਕੌਰ ਬਰੇਟਾ, ਤੇਜਿੰਦਰ ਵਾਲਿਆ, ਗੁਰਮੀਤ ਟਾਹਲੀਆਂ, ਰਣਜੀਤ ਕੌਰ ਅਹਿਮਦਪੁਰ, ਪੁਸ਼ਪਾ ਬੋਹਾ, ਮਨਜੀਤ ਬੀਰੋਕੇ ਆਦਿ ਨੇ ਸੰਬੋਧਨ ਕੀਤਾ।


Related News