ਅਮਰੀਕ ਸਿੰਘ ਮੀਕਾ ਕਤਲ ਕਾਂਡ : 5 ਦਿਨਾਂ ਬਾਅਦ ਵੀ ਸਸਕਾਰ ਨਾ ਹੋਣ ਕਾਰਨ ਪੁਲਸ ਪ੍ਰਸ਼ਾਸਨ ''ਤੇ ਦਬਾਅ ਵਧਿਆ

12/11/2017 7:21:32 AM

ਗੜ੍ਹਦੀਵਾਲਾ  (ਜਤਿੰਦਰ) - ਬੀਤੀ 6 ਦਸੰਬਰ ਨੂੰ ਗੜ੍ਹਦੀਵਾਲਾ ਵਿਖੇ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਅਮਰੀਕ ਸਿੰਘ ਮੀਕਾ ਦਾ ਉਸ ਦੇ ਪਰਿਵਾਰ ਵੱਲੋਂ ਅੱਜ 5 ਦਿਨ ਬੀਤ ਜਾਣ ਦੇ ਬਾਅਦ ਵੀ ਅੰਤਿਮ ਸੰਸਕਾਰ ਨਾ ਕਰਨ ਕਰ ਕੇ ਪੁਲਸ ਪ੍ਰਸ਼ਾਸਨ ਲਈ ਸਿਰਦਰਦੀ ਅਤੇ ਦਬਾਅ ਲਗਾਤਾਰ ਵਧਦਾ ਜਾ ਰਿਹਾ ਹੈ। ਅੱਜ ਵੀ ਪਰਿਵਾਰਕ ਮੈਂਬਰਾਂ ਨੇ ਕਤਲ ਕਾਂਡ ਦੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਮੀਕਾ ਦੇ ਵੱਡੇ ਭਰਾ ਤਰਲੋਕ ਸਿੰਘ ਨੇ ਕਿਹਾ ਕਿ ਵਿਦੇਸ਼ ਵਿਚ ਰਹਿੰਦੇ ਦੋਸ਼ੀ ਤਾਂ ਮੰਨਿਆ ਜਲਦੀ ਪੁਲਸ ਦੀ ਪਕੜ ਵਿਚ ਨਹੀਂ ਆ ਸਕਦੇ ਪਰ ਜਿਹੜੇ ਦੋਸ਼ੀ ਅਜੇ ਵੀ ਦੇਸ਼ ਅੰਦਰ ਖੁੱਲ੍ਹੇਆਮ ਘੁੰਮ ਰਹੇ ਹਨ, ਉਨ੍ਹਾਂ ਨੂੰ ਕਿਉਂ ਨਹੀਂ ਗ੍ਰਿਫ਼ਤਾਰ ਕੀਤਾ ਜਾ ਰਿਹਾ। ਦੋਸ਼ੀਆਂ ਦੀ ਗ੍ਰਿਫ਼ਤਾਰੀ ਤੱਕ ਉਹ ਕਿਸੇ ਵੀ ਸੂਰਤ ਵਿਚ ਮੀਕਾ ਦਾ ਸਸਕਾਰ ਨਹੀਂ ਕਰਨਗੇ।
ਦੂਜੇ ਪਾਸੇ ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲਸ ਵੱਲੋਂ ਕਤਲ ਕਾਂਡ ਦੇ ਦੋਸ਼ੀਆਂ ਦੀ ਬੜੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਕਿਤੇ ਵਿਦੇਸ਼ ਨਾ ਭੱਜ ਜਾਣ, ਇਸ ਲਈ ਪੁਲਸ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਦੋਸ਼ੀਆਂ ਦਾ ਐੱਲ. ਓ. ਸੀ. ਜਾਰੀ ਕਰਵਾ ਦਿੱਤਾ ਗਿਆ ਹੈ। ਪੁਲਸ ਵੱਲੋਂ ਜਿਥੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ, ਉਥੇ ਹੀ ਇਲਾਕੇ ਅੰਦਰ ਵੀ ਪੂਰੀ ਚੌਕਸੀ ਵਰਤ ਰਹੀ ਹੈ ਪਰ ਅਜੇ ਵੀ ਮੁੱਖ ਦੋਸ਼ੀ ਪੁਲਸ ਦੀ ਪਹੁੰਚ ਤੋਂ ਬਾਹਰ ਹਨ, ਜੋ ਪੁਲਸ ਲਈ ਭਾਰੀ ਸਿਰਦਰਦੀ ਬਣਦੇ ਜਾ ਰਹੇ ਹਨ ਕਿਉਂਕਿ ਮੀਕਾ ਦੇ ਪਰਿਵਾਰਕ ਮੈਂਬਰਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਦੋਸ਼ੀਆਂ ਦੀ ਗ੍ਰਿਫ਼ਤਾਰੀ ਤੱਕ ਉਸ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ। ਅੱਜ ਸ਼੍ਰੋਮਣੀ ਅਕਾਲੀ ਦਲ ਮਾਨ ਦੇ ਆਗੂ ਵੀ ਮੀਕਾ ਦੇ ਘਰ ਹਮਦਰਦੀ ਪ੍ਰਗਟ ਕਰਨ ਪਹੁੰਚੇ। ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਜਲਦੀ ਤੋਂ ਜਲਦੀ ਕਾਤਲਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ।


Related News