ਪੰਜਾਬ ''ਚ ਅਮਰਿੰਦਰ ਸਰਕਾਰ ਵਲੋਂ 18 ਕਰੋੜ ਦੀ ਲਾਗਤ ਨਾਲ 4 ਖੇਤੀ ਆਧਾਰਿਤ ਕੇਂਦਰ ਸਥਾਪਿਤ ਕਰਨ ਨੂੰ ਮਨਜ਼ੂਰੀ

10/19/2017 9:36:35 AM

ਜਲੰਧਰ (ਧਵਨ)- ਪੰਜਾਬ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 18 ਕਰੋੜ ਦੀ ਲਾਗਤ ਨਾਲ ਚਾਰ ਖੇਤੀ ਆਧਾਰਿਤ ਕੇਂਦਰ ਸਥਾਪਿਤ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਕੇਂਦਰ ਅੰਮ੍ਰਿਤਸਰ, ਤਲਵੰਡੀ ਸਾਬੋ, ਅਬੋਹਰ ਅਤੇ ਹੁਸ਼ਿਆਰਪੁਰ 'ਚ ਸਥਾਪਤ ਕੀਤੇ ਜਾਣਗੇ। ਸਰਕਾਰੀ ਹਲਕਿਆਂ ਤੋਂ ਪਤਾ ਲੱਗਾ ਹੈ ਕਿ ਕਾਂਗਰਸ ਸਰਕਾਰ ਵਲੋਂ ਸੂਬੇ 'ਚ ਬਣਾਏ ਜਾ ਰਹੇ ਫੂਡ ਪਾਰਕ ਨੂੰ ਦੇਖਦੇ ਹੋਏ ਉਪਰੋਕਤ ਕੇਂਦਰ ਕਾਫੀ ਸਹਾਇਕ ਸਿੱਧ ਹੋਣਗੇ।
ਇਹ ਚਾਰ ਮੁਢਲੇ ਕੇਂਦਰ ਫੂਡ ਪਾਰਕ ਨੂੰ ਸਹਿਯੋਗ ਕਰਨਗੇ। ਹਰੇਕ ਕੇਂਦਰ 'ਤੇ ਲਗਭਗ 4 ਤੋਂ 5 ਕਰੋੜ ਰੁਪਏ ਦਾ ਨਿਵੇਸ਼ ਹੋਵੇਗਾ। ਇਨ੍ਹਾਂ ਕੇਂਦਰਾਂ ਤੋਂ ਕੱਚੇ ਮਾਲ ਦੀ ਸਪਲਾਈ ਫੂਡ ਪਾਰਕ 'ਚ ਸਥਾਪਤ ਹੋਣ ਵਾਲੇ ਉਦਯੋਗਾਂ ਨੂੰ ਕੀਤੀ ਜਾਵੇਗੀ। ਕੁਝ ਕੇਂਦਰਾਂ 'ਚ ਵੇਅਰ ਹਾਊਸ ਅਤੇ ਪੈਕੇਜਿੰਗ ਸਹੂਲਤ ਵੀ ਦਿੱਤੀ ਜਾਵੇਗੀ। ਕੁਝ 'ਚ ਗ੍ਰੇਡਿੰਗ, ਵਾਸ਼ਿੰਗ ਤੇ ਹੋਰ ਸਹੂਲਤਾਂ ਵੀ ਮੌਜੂਦ ਰਹਿਣਗੀਆਂ। ਖੇਤੀ ਆਧਾਰਿਤ ਉਦਯੋਗਾਂ ਨਾਲ ਸਬੰਧਤ ਕੇਂਦਰਾਂ ਦੀ ਸਥਾਪਨਾ ਨਾਲ ਸੂਬੇ 'ਚ ਕਿਸਾਨਾਂ ਨੂੰ ਕਾਫੀ ਲਾਭ ਹੋਵੇਗਾ।
ਸਰਕਾਰੀ ਹਲਕਿਆਂ ਨੇ ਦੱਸਿਆ ਕਿ ਇਨ੍ਹਾਂ ਕੇਂਦਰਾਂ ਲਈ ਮਸ਼ੀਨਰੀ ਤੇ ਸਿਵਲ ਵਰਗ ਲਈ ਜਲਦ ਹੀ ਟੈਂਡਰ ਮੰਗੇ ਜਾਣਗੇ। ਅਬੋਹਰ ਕੇਂਦਰ ਬਣਾਉਣ ਦਾ ਪ੍ਰਸਤਾਵ ਪੰਜਾਬ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ ਰੱਖਿਆ ਗਿਆ ਸੀ, ਜਿਸ ਨੂੰ ਉਨ੍ਹਾਂ ਨੇ ਸਵੀਕਾਰ ਕਰ ਲਿਆ। ਅਬੋਹਰ ਦੇ ਕੇਂਦਰ 'ਚ ਕਿਨੂੰ, ਮਟਰ, ਅਮਰੂਦ, ਲੀਚੀ ਆਦਿ ਫਲਾਂ ਨੂੰ ਸਾਫ ਕਰਨ ਅਤੇ ਸਟੋਰ ਕਰਨ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਤਰ੍ਹਾਂ ਨਾਲ ਹੁਸ਼ਿਆਰਪੁਰ 'ਚ ਡ੍ਰਾਈ ਵੇਅਰ ਹਾਊਸ ਸਥਾਪਤ ਕੀਤਾ ਜਾਵੇਗਾ। ਤਲਵੰਡੀ ਸਾਬੋ ਕੇਂਦਰ ਵਿਚ ਵੱਧ ਤੋਂ ਵੱਧ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਕੇਂਦਰਾਂ ਦੀ ਚੋਣ ਇਸ ਲਈ ਕੀਤੀ ਗਈ ਹੈ ਕਿਉਂਕਿ ਇਹ ਕੇਂਦਰ ਉਨ੍ਹਾਂ ਖੇਤਰਾਂ ਦੇ ਨੇੜੇ ਸਥਿਤ ਹਨ, ਜਿੱਥੇ ਫਸਲਾਂ ਤੇ ਫਲਾਂ ਦੇ ਵਿਕਸਿਤ ਹੋਣ ਦੀਆਂ ਅਪਾਰ ਸੰਭਾਵਨਾਵਾਂ ਮੌਜੂਦ ਹਨ। ਅੰਮ੍ਰਿਤਸਰ ਦੀ ਚੋਣ ਤਾਜ਼ੀਆਂ ਸਬਜ਼ੀਆਂ ਦੀ ਪ੍ਰੋਸੈਸਿੰਗ ਲਈ ਕੀਤੀ ਗਈ ਹੈ ਜਦਕਿ ਅਬੋਹਰ ਕੇਂਦਰ ਦੀ ਚੋਣ ਖੱਟੇ ਫਲਾਂ ਤੇ ਹੁਸ਼ਿਆਰਪੁਰ ਦੀ ਚੋਣ ਫਲਾਂ ਤੇ ਸਬਜ਼ੀਆਂ ਲਈ ਹੋਈ ਹੈ। ਗੋਦਰੇਜ ਟਾਈਸ ਫੂਡਸ ਲਿਮਟਿਡ ਨੇ 55 ਕਰੋੜ ਦੀ ਰਾਸ਼ੀ ਦਾ ਨਿਵੇਸ਼ ਕਰਨ ਬਾਰੇ ਹਰੀ ਝੰਡੀ ਦੇ ਦਿੱਤੀ ਹੈ।


Related News