''ਮਾਈਨਿੰਗ ਸਕੈਮ'' ਕਾਰਨ ਅਮਰਿੰਦਰ ਮੰਤਰੀ ਮੰਡਲ ਦਾ ਵਿਸਥਾਰ ਖਟਾਈ ''ਚ!

05/30/2017 12:39:13 PM

ਚੰਡੀਗੜ੍ਹ  (ਪਰਾਸ਼ਰ) - ਪੰਜਾਬ ਦੇ ਸੀਨੀਅਰ ਮੰਤਰੀ ਰਾਣਾ ਗੁਰਜੀਤ ਸਿੰਘ ਦੀ ਕੰਪਨੀ ਦੇ ਮੁਲਾਜ਼ਮਾਂ ਵਲੋਂ ਮਾਈਨਿੰਗ ਦੀ ਈ-ਆਕਸ਼ਨ ਵਿਚ ਰੇਤ ਦੀਆਂ ਖੱਡਾਂ ਦੇ ਠੇਕੇ ਹਾਸਲ ਕਰਨ ਕਰਕੇ ਉਠੇ ਸਿਆਸੀ ਤੂਫ਼ਾਨ ਕਾਰਨ ਅਮਰਿੰਦਰ ਮੰਤਰੀ ਮੰਡਲ ਦੇ ਵਿਸਥਾਰ ਦਾ ਪ੍ਰੋਗਰਾਮ ਫਿਲਹਾਲ ਖਟਾਈ ''ਚ ਪੈਂਦਾ ਨਜ਼ਰ ਆ ਰਿਹਾ ਹੈ।  ਅਮਰਿੰਦਰ ਮੰਤਰੀ ਮੰਡਲ ''ਚ ਮੁੱਖ ਮੰਤਰੀ ਸਣੇ 10 ਮੰਤਰੀ ਹਨ। ਇਸ ਵਿਚ ਅਜੇ ਅੱਠ ਹੋਰ ਕੈਬਨਿਟ ਮੰਤਰੀ ਸ਼ਾਮਲ ਕੀਤੇ ਜਾਣ ਦਾ ਸਕੋਪ ਹੈ। ਮੰਤਰੀ ਮੰਡਲ ਦੇ ਅਗਲੇ ਮਹੀਨੇ ਦੇ ਮੱਧ ਤੋਂ ਆਰੰਭ ਹੋਣ ਜਾ ਰਹੇ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਵਿਸਤਾਰ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਕਾਰਨ ਕਈ ਕਾਂਗਰਸੀ ਵਿਧਾਇਕਾਂ ਨੇ ਜ਼ੋਰਦਾਰ ਲਾਬਿੰਗ ਸ਼ੁਰੂ ਕੀਤੀ ਹੋਈ ਹੈ ਪਰ ਸੈਂਡ ਮਾਈਨਿੰਗ ਨੂੰ ਈ-ਆਕਸ਼ਨ ਤੇ ਇਸ ਵਿਚ ਰਾਣਾ ਗੁਰਜੀਤ ਦੇ ਰੋਲ ਨੂੰ ਲੈ ਕੇ ਉਠੇ ਵਿਵਾਦ ਨੇ ਪ੍ਰਦੇਸ਼ ਦੇ ਸਿਆਸੀ ਮਾਹੌਲ ਨੂੰ ਇਕਦਮ ਭਖਾ ਦਿੱਤਾ ਹੈ।
ਜਿਥੇ ਇਕ ਪਾਸੇ ਵਿਰੋਧੀ ਧਿਰ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਰਾਣਾ ਗੁਰਜੀਤ ਸਿੰਘ ਤੋਂ ਅਸਤੀਫ਼ੇ ਦੀ ਮੰਗ ਕਰ ਰਹੇ ਹਨ, ਉਥੇ ਹੀ ਮੁੱਖ ਮੰਤਰੀ ਇਸ ਮਾਮਲੇ ਵਿਚ ਚੁੱਪੀ ਧਾਰੀ ਬੈਠੇ ਹਨ। ਪ੍ਰਦੇਸ਼ ਕਾਂਗਰਸ ਦੇ ਅੰਦਰ ਵੀ ਇਸੇ ਮੁੱਦੇ ਨੂੰ ਲੈ ਕੇ ਸੁਗਬੁਗਾਹਟ ਹੈ। ਕਈ ਕਾਂਗਰਸੀ ਵਿਧਾਇਕ ਦੱਬੀ ਜ਼ੁਬਾਨ ਵਿਚ ਰਾਣਾ ਗੁਰਜੀਤ ਸਿੰਘ ਦੇ ਖਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਲੁਧਿਆਣਾ ਸਿਟੀ ਸੈਂਟਰ ਸਕੈਮ ਵਿਚ ਤਤਕਾਲੀਨ ਮੰਤਰੀ ਚੌਧਰੀ ਜਗਜੀਤ ਸਿੰਘ ਦੀ ਕਾਫੀ ਵਿਵਾਦ ਭਰੀ ਭੂਮਿਕਾ ਸੀ। ਜੇਕਰ ਸਮਾਂ ਰਹਿੰਦੇ ਅਮਰਿੰਦਰ ਨੇ ਚੌਧਰੀ ਜਗਜੀਤ ਸਿੰਘ ਖਿਲਾਫ਼ ਕਾਰਵਾਈ ਕਰਦਿਆਂ ਆਪਣੇ ਮੰਤਰੀ ਮੰਡਲ ਤੋਂ ਵੱਖ ਕਰ ਦਿੱਤਾ ਹੁੰਦਾ ਤਾਂ ਸਾਲ 2007 ਵਿਚ ਕਾਂਗਰਸ ਪਾਰਟੀ ਮੁੜ ਵਿਧਾਨ ਸਭਾ ਚੋਣਾਂ ਜਿੱਤ ਸਕਦੀ ਸੀ ਪਰ ਅਮਰਿੰਦਰ ਨੇ ਅਜਿਹਾ ਨਹੀਂ ਕੀਤਾ ਤੇ ਸਿਟੀ ਸੈਂਟਰ ਸਕੈਮ ਕਾਂਗਰਸ ਨੂੰ ਚੋਣਾਂ ਵਿਚ ਲੈ ਬੈਠਿਆ।
ਇਸ ਵਾਰ ਮਾਮਲਾ ਰਾਣਾ ਗੁਰਜੀਤ ਦੇ ਇਰਦ-ਗਿਰਦ ਘੁੰਮ ਰਿਹਾ ਹੈ। ਜੇਕਰ ਉਨ੍ਹਾਂ ਵਿਰੁੱਧ ਮੁੱਖ ਮੰਤਰੀ ਵਲੋਂ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਜਨਤਾ ਵਿਚ ਬਹੁਤ ਹੀ ਗਲਤ ਸੰਦੇਸ਼ ਜਾਵੇਗਾ, ਜਿਸ ਦੇ ਨਤੀਜੇ ਆਉਣ ਵਾਲੇ ਸਮੇਂ ਵਿਚ ਸਾਹਮਣੇ ਆ ਸਕਦੇ ਹਨ।
ਰਾਣਾ ਗੁਰਜੀਤ ਦੀਆਂ ਅਮਰਿੰਦਰ ਨਾਲ ਨਜ਼ਦੀਕੀਆਂ ਜਗ-ਜ਼ਾਹਿਰ ਹਨ। ਇਸ ਲਈ ਸਿਆਸੀ ਹਲਕਿਆਂ ਵਿਚ ਇਹ ਆਮ ਧਾਰਨਾ ਹੈ ਕਿ ਅਮਰਿੰਦਰ ਆਪਣੇ ਕੈਬਨਿਟ ਸਾਥੀ ਦੇ ਵਿਰੁੱਧ ਕੋਈ ਸਖ਼ਤ ਕਾਰਵਾਈ ਕਰਨ ਤੋਂ ਗੁਰੇਜ਼ ਕਰਨਗੇ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਅਮਰਿੰਦਰ ਸਰਕਾਰ ਆਪਣੇ ਪਹਿਲੇ ਬਜਟ ਸੈਸ਼ਨ ਵਿਚ ਖੁਦ ਨੂੰ ਵਿਰੋਧੀ ਧਿਰ ਦੇ ਸਿਆਸੀ ਹਮਲਿਆਂ ਤੋਂ ਕਿਵੇਂ ਬਚਾ ਸਕੇਗੀ।


Related News