ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਰੋਸ ਧਰਨਾ

12/13/2017 2:46:29 AM

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ,   (ਸੁਖਪਾਲ, ਦਰਦੀ)-  ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਜ਼ਿਲਾ ਪ੍ਰੋਗਰਾਮ ਅਫ਼ਸਰ ਦੇ ਦਫ਼ਤਰ ਅੱਗੇ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਰੋਸ ਧਰਨਾ ਦਿੱਤਾ ਗਿਆ, ਜਿਸ ਦੌਰਾਨ ਜਥੇਬੰਦੀ ਵੱਲੋਂ ਚਿਤਵਾਨੀ ਦਿੱਤੀ ਗਈ ਕਿ ਜੇਕਰ ਇਕ ਹਫ਼ਤੇ ਤੱਕ ਜ਼ਿਲੇ ਦੇ ਸਾਰੇ 842 ਆਂਗਣਵਾੜੀ ਸੈਂਟਰਾਂ 'ਚ ਆਉਣ ਵਾਲੇ 20 ਹਜ਼ਾਰ ਬੱਚਿਆਂ ਅਤੇ 5 ਹਜ਼ਾਰ ਦੇ ਕਰੀਬ ਦੁੱਧ ਪਿਆਉਂਦੀਆਂ ਮਾਵਾਂ ਤੇ ਗਰਭਵਤੀ ਔਰਤਾਂ ਲਈ ਰਾਸ਼ਨ ਨਾ ਭੇਜਿਆ ਗਿਆ ਤਾਂ ਜਥੇਬੰਦੀ ਵੱਲੋਂ ਡਿਪਟੀ ਕਮਿਸ਼ਨਰ ਦੇ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। 
ਇਸ ਸਮੇਂ ਉਨ੍ਹਾਂ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਰਾ ਸਾਲ ਬੀਤ ਚੁੱਕਾ ਹੈ ਪਰ ਸਰਕਾਰ ਨੇ ਆਂਗਣਵਾੜੀ ਸੈਂਟਰਾਂ 'ਚ ਰਾਸ਼ਨ ਨਹੀਂ ਭੇਜਿਆ। ਬੱਚਿਆਂ ਨੂੰ ਦੇਣ ਲਈ ਸੁੱਕਾ ਦੁੱਧ, ਘਿਓ, ਕਣਕ, ਚੌਲ ਸਭ ਕੁਝ ਖਤਮ ਹੈ। ਉਨ੍ਹਾਂ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਦੇ ਨਿਰਦੇਸ਼ ਹਨ ਕਿ ਆਂਗਣਵਾੜੀ ਸੈਂਟਰਾਂ 'ਚ ਬੱਚਿਆਂ ਨੂੰ ਸਾਲ 'ਚ 300 ਦਿਨ ਰਾਸ਼ਨ ਜ਼ਰੂਰ ਦੇਣਾ ਚਾਹੀਦਾ ਹੈ ਪਰ ਪੰਜਾਬ ਸਰਕਾਰ ਦਾ ਹਾਲ ਇੰਨਾ ਮਾੜਾ ਹੋ ਚੁੱਕਿਆ ਹੈ ਕਿ ਸਾਰਾ ਸਾਲ ਹੀ ਰਾਸ਼ਨ ਤੋਂ ਬਿਨਾਂ ਲੰਘ ਗਿਆ। ਉਨ੍ਹਾਂ ਕਿਹਾ ਕਿ ਸੈਂਟਰਾਂ 'ਚ ਰਾਸ਼ਨ ਨਾ ਹੋਣ ਕਰ ਕੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਬੱਚਿਆਂ ਨੂੰ ਕੀ ਖਿਵਾਉਣ। ਇਸ ਕਰ ਕੇ ਕਈ ਲੋਕ ਆਪਣੇ ਬੱਚਿਆਂ ਨੂੰ ਸੈਂਟਰਾਂ ਵਿਚ ਭੇਜਣ ਤੋਂ ਕੰਨੀ ਕਤਰਾਉਣ ਲੱਗ ਪਏ ਹਨ ਕਿ ਜੇ ਉੱਥੇ ਖਾਣ ਨੂੰ ਹੀ ਕੁਝ ਨਹੀਂ ਮਿਲਣਾ ਤਾਂ ਫਿਰ ਬੱਚਿਆਂ ਨੂੰ ਉੱਥੇ ਭੇਜਣ ਦਾ ਕੀ ਫਾਇਦਾ। ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਇਸ ਸਮੇਂ ਪੰਜਾਬ ਸਰਕਾਰ ਅਤੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਇਸ ਦੌਰਾਨ ਯੂਨੀਅਨ ਦੀ ਜ਼ਿਲਾ ਪ੍ਰਧਾਨ ਸ਼ਿੰਦਰਪਾਲ ਕੌਰ ਥਾਂਦੇਵਾਲਾ, ਕਿਰਨਜੀਤ ਕੌਰ, ਗਗਨਦੀਪ ਕੌਰ, ਸਰਬਜੀਤ ਕੌਰ ਚੱਕ ਕਾਲਾ ਸਿੰਘ ਵਾਲਾ, ਸੁਖਚਰਨ ਕੌਰ ਧਿਗਾਣਾ, ਹਰਪ੍ਰੀਤ ਕੌਰ ਸ੍ਰੀ ਮੁਕਤਸਰ ਸਾਹਿਬ, ਸਰਬਜੀਤ ਕੌਰ ਕੌੜਿਆਂਵਾਲੀ, ਬਲਜਿੰਦਰ ਕੌਰ ਖੱਪਿਆਂਵਾਲੀ, ਕਮਲਜੀਤ ਕੌਰ ਦੋਦਾ, ਉਰਮਿਲਾ ਦੋਦਾ, ਓਂਕਾਰ ਕੌਰ ਮਲੋਟ, ਸੰਦੀਪ ਕੌਰ ਝੁੱਗੇ, ਮਨਜੀਤ ਕੌਰ ਸੀਰਵਾਲੀ, ਅੰਮ੍ਰਿਤਪਾਲ ਕੌਰ ਥਾਂਦੇਵਾਲਾ, ਕਿਰਨਪਾਲ ਕੌਰ ਸੁਖਨਾ, ਅਜੀਤ ਕੌਰ ਥਾਂਦੇਵਾਲਾ, ਸੁਖਦੇਵ ਕੌਰ ਬਰਕੰਦੀ, ਦਵਿੰਦਰ ਕੌਰ ਰੋੜਾਂਵਾਲਾ, ਰਜਿੰਦਰ ਕੌਰ ਹਰੀਕੇ ਤੋਂ ਇਲਾਵਾ ਹੋਰ ਆਗੂ ਮੌਜੂਦ ਸਨ। 


Related News