ਸਰਕਾਰਾਂ ਵੱਲੋਂ ਸਿਰਫ ਕਿਸਾਨਾਂ ਨਾਲ ਹੀ ਵਿਤਕਰਾ ਕਿਉਂ? : ਭੋਮਾ

10/18/2017 12:34:44 PM

ਅੰਮ੍ਰਿਤਸਰ (ਵਾਲੀਆ) - ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਭੋਮਾ ਵਰਕਿੰਗ ਕਮੇਟੀ ਮੈਂਬਰ ਸ਼੍ਰੋਮਣੀ ਅਕਾਲੀ ਦਲ, ਜਥੇਬੰਦਕ ਸਕੱਤਰ ਸਰਬਜੀਤ ਸਿੰਘ ਸੋਹਲ, ਵਰਕਿੰਗ ਕਮੇਟੀ ਮੈਂਬਰ ਐਡਵੋਕੇਟ ਜਸਬੀਰ ਸਿੰਘ ਘੁੰਮਣ, ਫੈੱਡਰੇਸ਼ਨ ਦੇ ਮੁੱਖ ਸਲਾਹਕਾਰ ਸਰਬਜੀਤ ਸਿੰਘ ਜੰਮੂ, ਸਲਾਹਕਾਰ ਸਤਨਾਮ ਸਿੰਘ ਕੰਡਾ ਤੇ ਐਡਵੋਕੇਟ ਰਾਜਬੀਰ ਸਿੰਘ ਜਲੰਧਰ ਨੇ ਇਕ ਸਾਂਝੇ ਬਿਆਨ 'ਚ ਕਿਹਾ ਕਿ ਪੰਜਾਬ ਸਰਕਾਰ ਨੂੰ ਕਿਸਾਨਾਂ ਦੇ 10 ਦਿਨ ਦੇ ਪਰਾਲੀ ਸਾੜਨ ਦੇ ਪ੍ਰਦੂਸ਼ਣ ਤੋਂ ਤਾਂ ਭਾਰੀ ਖ਼ਤਰਾ ਹੈ ਪਰ ਵੱਡੇ-ਵੱਡੇ ਸਰਕਾਰੀ ਤੇ ਗੈਰ-ਸਰਕਾਰੀ ਕਾਰਖਾਨਿਆਂ ਅਤੇ ਗੱਡੀਆਂ ਦੇ 365 ਦਿਨ ਦੇ ਪ੍ਰਦੂਸ਼ਣ ਤੋਂ ਖ਼ਤਰਾ ਕਿਉਂ ਨਹੀਂ ਲੱਗਦਾ? ਇਸ ਪ੍ਰਦੂਸ਼ਣ ਨੇ ਸਾਰੇ ਪੰਜਾਬ ਨੂੰ ਆਪਣੀ ਜਕੜ 'ਚ ਲੈ ਕੇ ਕਈ ਖਤਰਨਾਕ ਬੀਮਾਰੀਆਂ ਪੈਦਾ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਜੋ ਵੀ ਨਾਗਰਿਕ ਇਨ੍ਹਾਂ ਕਾਰਖਾਨੇਦਾਰਾਂ ਵਿਰੁੱਧ ਪ੍ਰਦੂਸ਼ਣ ਬੋਰਡ ਨੂੰ ਸ਼ਿਕਾਇਤ ਕਰਦਾ ਹੈ ਉਸ ਦੀ ਸ਼ਿਕਾਇਤ ਰੱਦੀ ਦੀ ਟੋਕਰੀ ਵਿਚ ਸੁੱਟ ਦਿੱਤੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਕਿਸਾਨਾਂ ਦੀ ਪਰਾਲੀ ਸੰਭਾਲਣ ਦਾ ਬਦਲਵਾਂ ਪ੍ਰਬੰਧ ਨਹੀਂ ਕਰਦੀ, ਉਦੋਂ ਤੱਕ ਸਰਕਾਰ ਕਿਸਾਨਾਂ ਨੂੰ ਕਿਸੇ ਤਰ੍ਹਾਂ ਤੰਗ-ਪ੍ਰੇਸ਼ਾਨ ਕਿਉਂ ਕਰਦੀ ਹੈ? ਕਿਸਾਨਾਂ ਨੇ ਸਾਲ ਵਿਚ 3 ਫਸਲਾਂ ਲੈਣੀਆਂ ਹੁੰਦੀਆਂ ਹਨ, ਜੇਕਰ ਉਹ 15-20 ਦਿਨ ਪਰਾਲੀ ਸੰਭਾਲਣ ਲੱਗ ਪਵੇ ਤਾਂ ਉਸ ਦੀ ਕਣਕ ਦੀ ਬਿਜਾਈ ਬਹੁਤ ਲੇਟ ਹੋ ਜਾਂਦੀ ਹੈ, ਜਿਸ ਨਾਲ ਕਿਸਾਨ ਕਣਕ ਤੇ ਝੋਨੇ ਦਰਮਿਆਨ ਤੀਸਰੀ ਫਸਲ ਨਹੀਂ ਲੈ ਸਕਦਾ। ਇਹ ਤੀਸਰੀ ਫਸਲ ਹੀ ਉਸ ਦੀ ਅਸਲ ਬੱਚਤ ਹੁੰਦੀ ਹੈ। ਸਰਕਾਰ ਤੇ ਪ੍ਰਦੂਸ਼ਣ ਬੋਰਡ ਕਾਰਖਾਨਿਆਂ ਅਤੇ ਸਰਕਾਰੀ-ਪ੍ਰਾਈਵੇਟ ਵ੍ਹੀਕਲਾਂ 'ਤੇ ਆਪਣਾ ਸ਼ਿਕੰਜਾ ਕਿਉਂ ਨਹੀਂ ਕੱਸਦੇ, ਜੋ 365 ਦਿਨ ਵਸੋਂ ਵਾਲੇ ਇਲਾਕਿਆਂ ਵਿਚ ਪ੍ਰਦੂਸ਼ਣ ਫੈਲਾਅ ਕੇ ਖਤਰਨਾਕ ਬੀਮਾਰੀਆਂ ਪੈਦਾ ਕਰਦੇ ਹਨ। ਇਨ੍ਹਾਂ ਸਬੰਧੀ ਸਰਕਾਰ ਤੇ ਪ੍ਰਦੂਸ਼ਣ ਬੋਰਡ ਨੇ ਕਾਲੀਆਂ ਐਨਕਾਂ ਕਿਉਂ ਲਾਈਆਂ ਹੋਈਆਂ ਹਨ? ਉਨ੍ਹਾਂ ਕਿਹਾ ਕਿ ਅਸਲ ਕਹਾਣੀ ਇਹ ਹੈ ਕਿ ਸਰਕਾਰ ਤੇ ਪ੍ਰਦੂਸ਼ਣ ਬੋਰਡ ਇਨ੍ਹਾਂ ਸਭ ਤੋਂ ਭਾਰੀ ਰਿਸ਼ਵਤਾਂ ਲੈ ਕੇ ਇਨ੍ਹਾਂ ਪ੍ਰਤੀ ਪਿੱਠ ਕਰ ਲੈਂਦੇ ਹਨ।


Related News