ਕੇਲਿਆਂ ਤੇ ਸੇਬਾਂ ਹੇਠਾਂ ਲੁਕੋ ਕੇ ਲਿਜਾਈ ਜਾ ਰਹੀ 15.12 ਲੱਖ ਐੱਮ. ਐੱਲ. ਸ਼ਰਾਬ ਬਰਾਮਦ

06/25/2017 1:38:34 AM

ਹੁਸ਼ਿਆਰਪੁਰ/ਚੱਬੇਵਾਲ, (ਅਸ਼ਵਨੀ, ਗੁਰਮੀਤ)- ਜ਼ਿਲਾ ਪੁਲਸ ਮੁਖੀ ਹਰਚਰਨ ਸਿੰਘ ਭੁੱਲਰ ਦੇ ਦਿਸ਼ਾ- ਨਿਰਦੇਸ਼ਾਂ 'ਤੇ ਸ਼ਰਾਬ ਦੀ ਸਮੱਗਲਿੰਗ ਕਰਨ ਵਾਲਿਆਂ ਖਿਲਾਫ਼ ਤੇਜ਼ ਕੀਤੀ ਮੁਹਿੰਮ ਦੌਰਾਨ ਪੁਲਸ ਨੂੰ ਉਸ ਸਮੇਂ ਭਾਰੀ ਸਫ਼ਲਤਾ ਮਿਲੀ, ਜਦੋਂ ਸੇਬਾਂ ਤੇ ਕੇਲਿਆਂ ਹੇਠਾਂ ਲੁਕੋ ਕੇ ਲਿਜਾਈ ਜਾ ਰਹੀ 168 ਪੇਟੀਆਂ 'ਚ ਰੱਖੀ 15 ਲੱਖ 12 ਹਜ਼ਾਰ ਐੱਮ. ਐੱਲ. ਕੈਸ਼ ਬ੍ਰਾਂਡ ਸ਼ਰਾਬ ਪੁਲਸ ਨੇ ਬਰਾਮਦ ਕਰ ਲਈ। 
ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਇਨਵੈਸਟੀਗੇਸ਼ਨ ਗੁਰਜੀਤਪਾਲ ਸਿੰਘ ਤੇ ਥਾਣਾ ਮੁਖੀ ਚੱਬੇਵਾਲ ਇੰਸਪੈਕਟਰ ਦਿਲਬਾਗ ਸਿੰਘ ਨੇ ਦੱਸਿਆ ਕਿ ਫੜੀ ਗਈ ਸ਼ਰਾਬ ਦਾ ਬਾਜ਼ਾਰੀ ਮੁੱਲ ਲਗਭਗ 6 ਲੱਖ ਰੁਪਏ ਹੈ। ਉਨ੍ਹਾਂ ਦੱਸਿਆ ਕਿ ਇਹ ਸ਼ਰਾਬ ਸੁਪਰ ਏਸ ਟੈਂਪੂ ਨੰ. ਪੀ ਬੀ 08-ਬੀ ਐੱਸ-0643 'ਚ ਲੱਦੀ ਹੋਈ ਸੀ। ਟੈਂਪੂ ਬਿਨਾਂ ਨੰਬਰ ਪਲੇਟ ਵਾਲੀ ਸਿਟੀ ਹਾਂਡਾ ਕਾਰ ਨਾਲ ਟੋਚਨ ਕਰ ਕੇ ਮਾਹਿਲਪੁਰ ਤੋਂ ਹੁਸ਼ਿਆਰਪੁਰ ਵੱਲ ਲਿਆਂਦਾ ਜਾ ਰਿਹਾ ਸੀ ਕਿ ਪੁਲਸ ਨੇ ਹੰਦੋਵਾਲ ਪੁਲ ਕੋਲ ਇਸ ਨੂੰ ਕਾਬੂ ਕਰ ਕੇ ਜਦੋਂ ਤਲਾਸ਼ੀ ਲਈ ਤਾਂ ਉਕਤ ਸ਼ਰਾਬ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਟੈਂਪੂ ਚਾਲਕ ਸਤਨਾਮ ਸਿੰਘ ਸੱਤਾ ਪੁੱਤਰ ਗੁਰਮੀਤ ਸਿੰਘ ਵਾਸੀ ਨੰਗਲਾਂ, ਥਾਣਾ ਗੜ੍ਹਸ਼ੰਕਰ, ਹਾਲ ਵਾਸੀ ਮੁਹੱਲਾ ਨੀਲਕੰਠ ਨਗਰ ਹੁਸ਼ਿਆਰਪੁਰ ਹਨੇਰੇ ਦਾ ਫਾਇਦਾ ਉਠਾਉਂਦਿਆਂ ਫ਼ਰਾਰ ਹੋ ਗਿਆ। ਉਸ ਦੇ ਸਾਥੀ ਕੁਲਜੀਤ ਸਿੰਘ ਵਾਸੀ ਸੈਲਾ ਖੁਰਦ ਨੂੰ ਪੁਲਸ ਨੇ ਕਾਬੂ ਕਰ ਲਿਆ। 
ਸਿਟੀ ਹਾਂਡਾ ਦਾ ਡਰਾਈਵਰ ਵੀ ਕਾਰ ਛੱਡ ਕੇ ਫ਼ਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਪੁਲਸ ਨੇ ਕਾਰ ਤੇ ਟੈਂਪੂ ਨੂੰ ਕਬਜ਼ੇ ਵਿਚ ਲੈ ਲਿਆ ਹੈ। ਸਤਨਾਮ ਸਿੰਘ ਸੱਤਾ, ਕੁਲਜੀਤ ਸਿੰਘ ਤੇ ਇਕ ਹੋਰ ਅਣਪਛਾਤੇ ਵਿਅਕਤੀ ਖਿਲਾਫ਼ ਆਬਕਾਰੀ ਐਕਟ ਦੀ ਧਾਰਾ 61-1-14 ਤਹਿਤ ਕੇਸ ਦਰਜ ਕਰ ਕੇ ਕੁਲਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਬਾਕੀ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। 
3 ਹੋਰ ਵਿਅਕਤੀਆਂ ਕੋਲੋਂ 2,37,750 ਐੱਮ. ਐੱਲ. ਸ਼ਰਾਬ ਬਰਾਮਦ : ਇਸ ਦੌਰਾਨ ਥਾਣਾ ਮਾਡਲ ਟਾਊਨ ਦੀ ਪੁਲਸ ਨੇ ਟੀ-ਪੁਆਇੰਟ ਭਗਤ ਨਗਰ ਚੌਕ ਕੋਲ ਵਿਸ਼ੇਸ਼ ਨਾਕਾਬੰਦੀ ਦੌਰਾਨ ਸ਼ੰਕਰ ਕੁਮਾਰ ਦੇ ਕਬਜ਼ੇ ਵਿਚੋਂ 1,71,000 ਐੱਮ. ਐੱਲ. ਸ਼ਰਾਬ ਬ੍ਰਾਂਡ ਕੈਸ਼ ਵ੍ਹਿਸਕੀ ਬਰਾਮਦ ਕੀਤੀ। ਥਾਣਾ ਮੁਖੀ ਇੰਸਪੈਕਟਰ ਨਰਿੰਦਰ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਦੋਸ਼ੀ ਨੂੰ ਆਬਕਾਰੀ ਐਕਟ ਤਹਿਤ ਗ੍ਰਿਫ਼ਤਾਰ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 
ਸਿਟੀ ਪੁਲਸ ਨੇ ਏ. ਐੱਸ. ਆਈ. ਕੁਲਵਿੰਦਰ ਸਿੰਘ ਦੀ ਅਗਵਾਈ 'ਚ ਰੇਲਵੇ ਰੋਡ 'ਤੇ ਇਕ ਕਾਰ ਨੰ. ਪੀ ਬੀ ਸੀ ਐੱਚ 03-ਆਰ-1293, ਜਿਸ ਦਾ ਪਿਛਲਾ ਸ਼ੀਸ਼ਾ ਟੁੱਟਿਆ ਹੋਇਆ ਸੀ, ਵਿਚੋਂ 53250 ਐੱਮ. ਐੱਲ. ਸ਼ਰਾਬ ਬਰਾਮਦ ਕੀਤੀ। ਇਸ ਸਬੰਧੀ ਪੁਲਸ ਨੇ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਸੀ. ਆਈ. ਏ. ਸਟਾਫ਼ ਦੇ ਏ. ਐੱਸ. ਆਈ. ਸੁਖਵਿੰਦਰ ਸਿੰਘ ਦੀ ਅਗਵਾਈ 'ਚ ਇਕ ਪੁਲਸ ਪਾਰਟੀ ਨੇ ਅੱਡਾ ਅਸਲਾਮਾਬਾਦ ਕੋਲ ਵਿਸ਼ੇਸ਼ ਨਾਕਾਬੰਦੀ ਦੌਰਾਨ ਇਕ ਵਿਅਕਤੀ ਆਜ਼ਾਦ ਸਿੰਘ ਪੁੱਤਰ ਸਤਵਿੰਦਰ ਸਿੰਘ ਵਾਸੀ ਅਜੀਤ ਨਗਰ ਦੇ ਕਬਜ਼ੇ ਵਿਚੋਂ 13500 ਐੱਮ. ਐੱਲ. ਕੈਸ਼ ਵ੍ਹਿਸਕੀ ਬਰਾਮਦ ਕੀਤੀ।


Related News