ਸੀਨੀਅਰ ਬਾਦਲ ਅਤੇ ਸੁਖਬੀਰ ਵੱਲੋਂ ਆਮ ਆਦਮੀ ਲਈ ਇਨਸਾਫ ਦੀ ਮੰਗ

08/18/2017 9:25:26 PM

ਚੰਡੀਗੜ੍ਹ (ਪਰਾਸ਼ਰ)-ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਾਂਗਰਸ ਸਰਕਾਰ ਨੂੰ ਆਖਿਆ ਕਿ ਉਹ ਆਮ ਲੋਕਾਂ ਅਤੇ ਸਿਆਸੀ ਵਿਰੋਧੀਆਂ ਨੂੰ ਇਨਸਾਫ ਦੇਵੇ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਕਾਨੂੰਨ ਕਿਤੇ ਖੰਭ ਲਾ ਕੇ ਉਡ ਗਿਆ ਹੈ ਅਤੇ ਸੂਬੇ ਅੰਦਰ ਜੰਗਲ ਰਾਜ ਦਾ ਬੋਲਬਾਲਾ ਹੈ। ਇਨ੍ਹਾਂ ਦੋਵੇਂ ਆਗੂਆਂ ਨੇ ਅੱਜ ਇਥੇ ਪਾਰਟੀ ਦਫਤਰ ਵਿਚ ਆਮ ਲੋਕਾਂ ਨਾਲ ਵੱਖ-ਵੱਖ ਮੀਟਿੰਗਾਂ ਕੀਤੀਆਂ। ਵੱਡੀ ਗਿਣਤੀ ਵਿਚ ਲੋਕਾਂ ਨੇ ਇਨ੍ਹਾਂ ਦੋਵੇਂ ਆਗੂਆਂ ਤਕ ਪਹੁੰਚ ਕੀਤੀ ਅਤੇ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਨੂੰ ਕਾਂਗਰਸ ਦੇ ਰਾਜ ਵਿਚ ਇਨਸਾਫ ਨਹੀਂ ਮਿਲ ਰਿਹਾ। ਅਕਾਲੀ ਕੌਂਸਲਰਾਂ ਨੇ ਅੱਜ ਸਵੇਰੇ ਪ੍ਰਕਾਸ਼ ਸਿੰਘ ਬਾਦਲ ਨਾਲ ਮੁਲਾਕਾਤ ਕਰ ਕੇ ਦੱਸਿਆ ਕਿ ਕਿਸ ਤਰ੍ਹਾਂ ਕਾਂਗਰਸੀ ਗੁੰਡੇ ਕੌਂਸਲਰਾਂ ਨੂੰ ਧਮਕੀਆਂ ਦੇ ਰਹੇ ਹਨ ਅਤੇ ਉਨ੍ਹਾਂ ਉਤੇ ਹਮਲੇ ਕਰ ਰਹੇ ਹਨ। ਖਰੜ ਦੇ ਆਗੂ ਰਣਜੀਤ ਸਿੰਘ ਗਿੱਲ ਨੇ ਖੁਲਾਸਾ ਕੀਤਾ ਕਿ ਜੀਤੀ ਪਡਿਆਲਾ ਨਾਂ ਦਾ ਇਕ ਕਾਂਗਰਸੀ ਕੁਰਾਲੀ ਕਮੇਟੀ ਪ੍ਰਧਾਨ ਕ੍ਰਿਸ਼ਨਾ ਦੇਵੀ ਦੇ ਘਰ ਵਿਚ ਗਿਆ। ਕੌਂਸਲਰ ਰਮਾਕਾਂਤ ਨੂੰ ਬੰਦੂਕ ਦੀ ਨੋਕ 'ਤੇ ਉੱਥੋਂ ਲੈ ਗਿਆ। ਉਨ੍ਹਾਂ ਕਿਹਾ ਕਿ ਇਹ ਬਦਮਾਸ਼ੀ ਉੁਸ ਸਮੇਂ ਕੀਤੀ ਗਈ, ਜਦੋਂ 9 ਅਕਾਲੀ ਕੌਂਸਲਰ ਉਥੇ ਇਕ ਮੀਟਿੰਗ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕੌਂਸਲਰ ਨੂੰ ਸਿਰਫ ਕੁੱਟਿਆ ਹੀ ਨਹੀਂ ਗਿਆ, ਸਗੋਂ ਧਮਕੀ ਵੀ ਦਿੱਤੀ ਗਈ ਕਿ ਜੇ ਉਹ ਕਾਂਗਰਸ ਪਾਰਟੀ ਦੇ ਮਗਰ ਨਾ ਚੱਲਿਆ ਤਾਂ ਉਸ ਨੂੰ ਖਤਮ ਕਰ ਦਿੱਤਾ ਜਾਵੇਗਾ।
ਸਰਦਾਰ ਬਾਦਲ ਨੇ ਇਸ ਮੁੱਦੇ ਉਤੇ ਡੀ. ਜੀ. ਪੀ. ਸੁਰੇਸ਼ ਅਰੋੜਾ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਦੱਸਿਆ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਚੁਣੇ ਨੁਮਾਇੰਦਿਆਂ ਖਿਲਾਫ ਅਜਿਹੀ ਹਿੰਸਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸਭ ਕਮੇਟੀ ਦੇ ਉਪ ਪ੍ਰਧਾਨ ਦੀ ਚੋਣ, ਜੋ ਕਿ ਭਲਕੇ ਹੋਣੀ ਹੈ, ਨੂੰ ਪ੍ਰਭਾਵਿਤ ਕਰਨ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਡੀ. ਜੀ. ਪੀ. ਨੂੰ ਕੁਰਾਲੀ ਦੇ ਸਾਰੇ ਕੌਂਸਲਰਾਂ ਦੀ ਸੁਰੱਖਿਆ ਦਾ ਪ੍ਰਬੰਧ ਕਰਨ ਤੇ ਉਨ੍ਹਾਂ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਕਰਨ ਲਈ ਕਿਹਾ, ਜਿਨ੍ਹਾਂ ਨੇ ਕੌਂਸਲਰ ਰਮਾਕਾਂਤ ਨੂੰ ਕੁੱਟਿਆ ਅਤੇ ਧਮਕਾਇਆ ਸੀ।
ਇਕ ਹੋਰ ਮਾਮਲੇ ਵਿਚ ਇਕ ਪਰਿਵਾਰ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿਘ ਬਾਦਲ ਨਾਲ ਮੁਲਾਕਾਤ ਕਰ ਕੇ ਇਹ ਖੁਲਾਸਾ ਕੀਤਾ ਕਿ ਕਿਸ ਤਰ੍ਹਾਂ ਉਨ੍ਹਾਂ ਨੂੰ ਇਕ ਕਤਲ ਕੇਸ ਵਿਚ ਇਨਸਾਫ ਨਹੀਂ ਮਿਲ ਰਿਹਾ ਹੈ। ਗੁਰਪ੍ਰੀਤ ਕੌਰ ਦੀ ਅਗਵਾਈ ਵਿਚ ਆਏ ਪਰਿਵਾਰਕ ਮੈਂਬਰਾਂ ਨੇ ਸੁਖਬੀਰ ਬਾਦਲ ਨੂੰ ਦੱਸਿਆ ਕਿ 21 ਮਾਰਚ 2017 ਨੂੰ ਜਲਾਲਾਬਾਦ ਦੇ ਤਹਿਸੀਲ ਕੰਪਲੈਕਸ ਵਿਚ ਤਿਲਕ ਰਾਜ ਅਤੇ ਕੁੱਝ ਹੋਰ ਵਿਅਕਤੀਆਂ ਨੇ ਮਿਲ ਕੇ ਉਸ ਦੇ ਪਤੀ ਗੁਰਵਿੰਦਰ ਸਿੰਘ ਮਦਾਨ ਦਾ ਕਤਲ ਕਰ ਦਿੱਤਾ ਸੀ। ਪਰਿਵਾਰ ਨੇ ਅਕਾਲੀ ਦਲ ਦੇ ਪ੍ਰਧਾਨ ਨੂੰ ਇਸ ਹਮਲੇ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਵਿਖਾਈ। ਪਰਿਵਾਰਕ ਮੈਂਬਰਾਂ ਨੇ ਇਹ ਵੀ ਖੁਲਾਸਾ ਕੀਤਾ ਕਿ ਜਲਾਲਾਬਾਦ ਸਿਟੀ ਪ੍ਰਧਾਨ ਦਰਸ਼ਨ ਵਟਸ, ਉਸ ਦਾ ਪੁੱਤਰ ਅਨੁਰਾਗ ਵਟਸ ਅਤੇ ਉਸ ਦੇ ਭਤੀਜੇ ਸਪਨ ਸੁਖੀਜਾ ਨੇ ਇਹ ਹਮਲਾ ਕਰਵਾਇਆ ਗਿਆ ਸੀ। 
ਸੁਖਬੀਰ ਬਾਦਲ ਨੇ ਫਾਜ਼ਲਿਕਾ ਦੇ ਐੱਸ. ਐੱਸ. ਪੀ. ਨੂੰ ਫੋਨ ਕਰ ਕੇ ਇਸ ਮਾਮਲੇ ਵਿਚ ਇਨਸਾਫ ਦਿਵਾਉਣ ਲਈ ਆਖਿਆ। ਉਨ੍ਹਾਂ ਐੱਸ. ਐੱਸ. ਪੀ. ਨੂੰ ਦੱਸਿਆ ਕਿ ਇਸ ਪਰਿਵਾਰ ਉਤੇ ਸਮਝੌਤੇ ਲਈ ਦਬਾਅ ਪਾਇਆ ਜਾ ਰਿਹਾ ਹੈ ਅਤੇ ਕਾਂਗਰਸੀ ਗੁੰਡਿਆਂ ਦੁਆਰਾ ਪੀੜਤ ਪਰਿਵਾਰ ਨੂੰ ਧਮਕਾਇਆ ਜਾ ਰਿਹਾ ਹੈ। ਉਨ੍ਹਾਂ ਐੱਸ. ਐੱਸ. ਪੀ. ਨੰ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਬਾਰੇ ਵੀ ਕਿਹਾ।


Related News