ਅਕਾਲੀ ਦਲ ਤੇ ''ਆਪ'' ਨੇ ਵਿਧਾਨ ਸਭਾ ''ਚ ਅਰਾਜਕਤਾ ਫੈਲਾ ਕੇ ਸਦਨ ਦਾ ਅਪਮਾਨ ਕੀਤਾ : ਚੀਮਾ

06/25/2017 4:02:47 PM

ਸੁਲਤਾਨਪੁਰ ਲੋਧੀ - ਬੀਤੇ ਦਿਨੀਂ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਜੋ ਵਿਧਾਨ ਸਭਾ 'ਚ ਅਰਾਜਕਤਾ ਫੈਲਾ ਕੇ ਸਦਨ ਵਿਧਾਇਕ ਲਖਬੀਰ ਸਿੰਘ ਦਾ ਅਪਮਾਨ ਕੀਤਾ ਹੈ, ਉਸਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਘੱਟ ਹੈ। ਇਹ ਸ਼ਬਦ ਵਿਧਾਇਕ ਨਵਤੇਜ ਸਿੰਘ ਚੀਮਾ, ਵਿਧਾਇਕ ਗੁਰਕੀਰਤ, ਵਿਧਾਇਕ ਸੁਖਪਾਲ ਭੁੱਲਰ ਆਦਿ ਨੇ ਪ੍ਰੈੱਸ ਨੂੰ ਜਾਰੀ ਬਿਆਨ 'ਚ ਕਹੇ। ਉਨ੍ਹਾਂ ਕਿਹਾ ਕਿ ਆਪਣੇ 10 ਸਾਲਾਂ ਦੇ ਰਾਜ 'ਚ ਜਿਸ ਤਰ੍ਹਾਂ ਵਿਧਾਨ ਸਭਾ 'ਚ ਅਕਾਲੀਆਂ ਨੇ ਆਪਣੀ ਮਨਮਰਜ਼ੀ ਚਲਾਈ, ਫੈਸਲੇ ਥੋਪੇ, ਉਹ ਸਾਰਾ ਕੁਝ ਪੰਜਾਬ ਦੀ ਜਨਤਾ ਨੂੰ ਪਤਾ ਹੈ। ਉਨ੍ਹਾਂ ਕਿਹਾ ਕਿ ਹੁਣ ਸਿਰਫ ਅੱਖਾਂ ਤੋਂ ਪੂੰਝਾ ਫੇਰਨ ਵਾਸਤੇ ਤੇ ਅਖਬਾਰਾਂ ਦੀਆਂ ਸੁਰਖੀਆਂ ਬਣਨ ਵਾਸਤੇ ਇਹ ਸਾਰਾ ਡਰਾਮਾ ਕਰ ਰਹੇ ਹਨ। ਚੀਮਾ ਨੇ ਕਿਹਾ ਕਿ ਦਰਅਸਲ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਤੇ ਅਕਾਲੀ ਦਲ 'ਚ ਇਸ ਸਮੇਂ ਆਪਸ 'ਚ ਇਕ-ਦੂਜੇ ਤੋਂ ਅੱਗੇ ਲੰਘਣ 'ਚ ਹੋੜ ਲੱਗੀ ਹੋਈ ਹੈ। ਇਸ ਲਈ ਹੀ ਜਾਣਬੁੱਝ ਕੇ ਸਦਨ ਦੀ ਕਾਰਵਾਈ 'ਚ ਵਿਘਨ ਪਾਇਆ ਗਿਆ।
ਉਨ੍ਹਾਂ ਕਿਹਾ ਕਿ ਸਦਨ 'ਚ ਵਿਘਨ ਪਾ ਕੇ ਹੁੱਲੜਬਾਜ਼ੀ ਕਰਨ ਦਾ ਇਕ ਹੀ ਮਕਸਦ ਸੀ ਕਿ ਕੈਪਟਨ ਸਰਕਾਰ ਵਲੋਂ ਇਤਿਹਾਸਿਕ ਫੈਸਲਿਆਂ ਨੂੰ ਵਿਧਾਨ ਸਭਾ 'ਚ ਪਾਸ ਹੋਣ 'ਤੇ ਰੋਕਿਆ ਜਾਵੇ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਕਿਸਾਨਾਂ ਦੀ ਕਰਜ਼ਾ ਮੁਆਫੀ ਤੇ ਉਦਯੋਗਾਂ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇ ਟੈਰਿਫ ਸਮੇਤ ਲਏ ਇਤਿਹਾਸਕ ਫੈਸਲਿਆਂ ਕਾਰਨ ਅਕਾਲੀ ਦਲ ਤੇ ਆਮ ਆਦਮੀ ਪਾਰਟੀ 'ਚ ਜ਼ਬਰਦਸਤ ਬੇਚੈਨੀ ਫੈਲੀ ਹੋਈ ਹੈ। ਕਿਸਾਨਾਂ ਦੇ ਕਰਜ਼ਿਆਂ ਨੂੰ ਮੁਆਫ ਕਰਨ ਸਬੰਧੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਅੰਕੜੇ ਪੇਸ਼ ਕਰਨ ਦੇ ਸੁਆਲ 'ਤੇ ਚੀਮਾ ਨੇ ਕਿਹਾ ਕਿ ਪਹਿਲਾਂ ਬਾਦਲ ਸਾਹਿਬ ਇਹ ਦੱਸਣ ਕਿ ਉਨ੍ਹਾਂ ਨੇ ਆਪਣੇ ਦਸ ਸਾਲਾਂ ਦੇ ਰਾਜ 'ਚ ਕਿੰਨੇ ਕਿਸਾਨਾਂ ਦਾ ਕਿੰਨਾ ਕਰਜ਼ਾ ਮੁਆਫ ਕੀਤਾ, ਉਦਯੋਗ ਨੂੰ ਕੀ ਰਾਹਤ ਦਿੱਤੀ, ਪੰਜਾਬ ਦੇ ਲੋਕਾਂ ਲਈ ਕੀ ਕੀਤਾ? ਆਮ ਆਦਮੀ ਪਾਰਟੀ 'ਤੇ ਹਮਲਾ ਬੋਲਦਿਆਂ ਵਿਧਾਇਕ ਚੀਮਾ ਨੇ ਕਿਹਾ ਕਿ ਪਹਿਲਾਂ ਇਸ ਦੇ ਆਗੂ ਆਪਣੇ ਦਿੱਲੀ ਦੇ ਮੁੱਖ ਮੰਤਰੀ ਤੇ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਉਨ੍ਹਾਂ ਦੀ ਹੀ ਪਾਰਟੀ ਦੇ ਵਿਧਾਇਕ ਵਲੋਂ ਲਾਏ ਦੋਸ਼ਾਂ ਦੀ ਜਾਂਚ ਕਰਵਾ ਲੈਣ ਫਿਰ ਕੋਈ ਗੱਲ ਕਹਿਣ। 
ਕਾਂਗਰਸੀ ਵਿਧਾਇਕਾ ਨੇ ਕਿਹਾ ਕਿ 'ਆਪ' ਦੇ ਆਗੂ ਫੂਲਕਾ ਅਮਨ ਅਰੋੜਾ ਤੇ ਹੋਰ ਜੋ ਮਜੀਠੀਆ ਨੂੰ ਚਿੱਟੇ ਦੇ ਵਪਾਰੀ ਕਹਿੰਦੇ ਹਨ ਹੁਣ ਇਹੋ ਆਗੂ ਮਜੀਠੀਆ ਦੀ ਕਾਰ 'ਚ ਬੈਠਕੇ ਸੁਖਬੀਰ ਬਾਦਲ ਨਾਲ ਹਸਪਤਾਲ ਜਾਂਦੇ ਹਨ ਜਿਸ ਤੋਂ ਸਾਫ ਪਤਾ ਲੱਗਦਾ ਹੈ ਕਿ ਇਹ ਦੋਵੇਂ ਪਾਰਟੀਆਂ ਆਪਸ 'ਚ ਮਿਲੀਆਂ ਹੋਈਆਂ ਹਨ। ਇਸ ਮੌਕੇ ਗੁਰਪ੍ਰੀਤ ਸਿੰਘ ਫੌਜੀ ਕਾਲੋਨੀ ਸਤਿੰਦਰ ਸਿੰਘ ਚੀਮਾ ਸਾਬਕਾ ਪੰਚਾਇਤ ਅਫ਼ਸਰ, ਵਿਧਾਇਕ ਗੁਰਪ੍ਰੀਤ ਸਿੰਘ ਜੀ. ਪੀ., ਰਵੀ ਕੁਮਾਰ ਪੀ. ਏ. ਟੂ. ਵਿਧਾਇਕ ਚੀਮਾ ਆਦਿ ਹਾਜ਼ਰ ਸਨ।


Related News