ਸਾਨੂੰ ਸਲਾਹ ਦੇਣ ਦੀ ਥਾਂ ਕਾਂਗਰਸੀ ਆਗੂ ਰਾਹੁਲ ਗਾਂਧੀ ਤੋਂ ਅਸਤੀਫਾ ਮੰਗਣ : ਅਕਾਲੀ ਦਲ

10/19/2017 6:44:06 AM

ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸੂਬਾ ਕਾਂਗਰਸ ਦੀ ਲੀਡਰਸ਼ਿਪ ਤੇ ਇਸਦੇ ਵਿਧਾਇਕਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਅੰਦਰੂਨੀ ਮਾਮਲਿਆਂ 'ਤੇ ਸਲਾਹ ਦੇਣ 'ਤੇ ਪਲਟਵਾਰ ਕਰਦਿਆਂ ਕਿਹਾ ਕਿ ਸਾਨੂੰ ਸਲਾਹ ਦੇਣ ਨਾਲੋਂ ਕਾਂਗਰਸ ਲੀਡਰਸ਼ਿਪ ਖਾਸ ਤੌਰ 'ਤੇ ਇਸਦੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੂੰ ਰਾਹੁਲ ਗਾਂਧੀ ਤੋਂ ਅਸਤੀਫਾ ਮੰਗਣਾ ਚਾਹੀਦਾ ਹੈ, ਕਿਉਂਕਿ ਉਸਦੀ ਅਗਵਾਈ ਹੇਠ 2014 ਦੀਆਂ ਲੋਕ ਸਭਾ ਚੋਣਾਂ ਤੋਂ ਲੈ ਕੇ ਹੁਣ ਤੱਕ ਕਾਂਗਰਸ ਦੀ ਕੌਮੀ ਪੱਧਰ 'ਤੇ ਦੁਰਦਸ਼ਾ ਹੋਈ ਹੈ ਤੇ ਇਸਨੇ ਤਕਰੀਬਨ ਸਾਰੀਆਂ ਹੀ ਚੋਣਾਂ ਹਾਰੀਆਂ ਹਨ। ਪਾਰਟੀ ਨੇ ਇਹ ਵੀ ਆਖਿਆ ਕਿ ਇਹ ਸਭ ਨੂੰ ਪਤਾ ਹੈ ਕਿ ਕਾਂਗਰਸ ਨੇ ਗੁਰਦਾਸਪੁਰ ਜ਼ਿਮਨੀ ਚੋਣ ਸਰਕਾਰੀ ਮਸ਼ੀਨਰੀ ਦੀ ਘੋਰ ਦੁਰਵਰਤੋਂ ਕਰ ਕੇ ਸਿਆਸੀ ਬਦਲਾਖੋਰੀ ਦੇ ਕੇਸ ਦਰਜ ਕਰ ਕੇ ਸਰਪੰਚਾਂ 'ਤੇ ਸੱਤਾਧਾਰੀ ਧਿਰ ਅਨੁਸਾਰ ਚੱਲਣ ਜਾਂ ਫਿਰ ਪੁਲਸ ਕੇਸਾਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਦਾ ਦਬਾਅ ਬਣਾ ਕੇ ਕਿਵੇਂ ਜਿੱਤੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਮਹੇਸ਼ਇੰਦਰ ਸਿੰਘ ਗਰੇਵਾਲ ਤੇ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਸੂਬੇ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਜਦੋਂ ਵੋਟਿੰਗ ਦਰ 56 ਫੀਸਦੀ ਤੱਕ ਹੇਠਾਂ ਆਈ ਹੈ ਕਿÀੁਂਕਿ ਕਾਂਗਰਸ ਪਾਰਟੀ ਨੇ ਸਰਕਾਰੀ ਮਸ਼ੀਨਰੀ ਦੀ ਪੂਰੀ ਦੁਰਵਰਤੋਂ ਆਪਣੇ ਸਿਆਸੀ ਵਿਰੋਧੀਆਂ ਨੂੰ ਦਬਾਉਣ ਲਈ ਕੀਤੀ ਤੇ ਇਸ ਸਦਕਾ ਪੈਦਾ ਹੋਈ ਦਹਿਸ਼ਤ ਅਤੇ ਡਰ ਦੇ ਮਾਹੌਲ ਵਿਚ ਆਮ ਆਦਮੀ ਤਾਂ ਵੋਟ ਪਾਉਣ ਹੀ ਨਹੀਂ ਗਿਆ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਆਪਣੀ ਪਿੱਠ ਥਾਪੜ ਰਹੀ ਹੈ ਪਰ ਇਸਨੂੰ ਪਤਾ ਹੋਣਾ ਚਾਹੀਦਾ ਹੈ ਕਿ ਗੁਰਦਾਸਪੁਰ ਚੋਣ ਵਿਚ ਇਸਦੀ ਵੋਟ ਦਰ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਘਟ ਗਈ ਹੈ। ਉਨ੍ਹਾਂ ਕਿਹਾ ਕਿ ਇਸ ਚੋਣ ਵਿਚ ਸਿਰਫ 56 ਫੀਸਦੀ ਵੋਟਿੰਗ ਹੋਈ ਤੇ ਇਸਦਾ 50 ਫੀਸਦੀ ਜੋ ਕਿ ਕੁੱਲ ਵੋਟਰਾਂ ਦਾ ਸਿਰਫ 25 ਫੀਸਦੀ ਹੀ ਬਣਦਾ ਹੈ, ਕਾਂਗਰਸ ਦੇ ਹੱਕ ਵਿਚ ਭੁਗਤਿਆ ਹੈ।
ਉਨ੍ਹਾਂ ਹੋਰ ਕਿਹਾ ਕਿ ਰੰਧਾਵਾ ਨੇ ਤਾਂ ਆਪਣੀ ਚੋਣ ਵੀ ਮਸਾਂ 1000 ਕੁ ਵੋਟਾਂ ਦੇ ਫਰਕ ਨਾਲ ਜਿੱਤੀ ਸੀ ਜਦੋਂ 80 ਫੀਸਦੀ ਵੋਟਰਾਂ ਨੇ ਚੋਣ ਪ੍ਰਕਿਰਿਆ ਵਿਚ ਭਾਗ ਲੈਂਦਿਆਂ ਵੋਟਾਂ ਪਾਈਆਂ ਸਨ, ਅਜਿਹੇ ਵਿਚ ਉਹ ਆਪਣੀ ਅਖੌਤੀ ਮਕਬੂਲੀਅਤ ਦਾ ਮੁਲਾਂਕਣ ਆਪ ਹੀ ਕਰ ਸਕਦੇ ਹਨ। ਉਨ੍ਹਾਂ ਨੇ ਕਾਂਗਰਸ ਲੀਡਰਸ਼ਿਪ ਨੂੰ ਇਹ ਵੀ ਸਵਾਲ ਕੀਤਾ ਕਿ ਕੀ ਉਹ ਇਸ ਤੱਥ ਤੋਂ ਜਾਣੂ ਨਹੀਂ ਕਿ ਉਨ੍ਹਾਂ ਦੇ ਆਪਣੇ ਬਣਾਏ ਜਸਟਿਸ (ਰਿਟਾ.) ਮਹਿਤਾਬ ਸਿੰਘ ਕਮਿਸ਼ਨ ਕੋਲ  ਕਾਂਗਰਸ ਰਾਜ ਦੇ ਛੇ ਮਹੀਨਿਆਂ ਵਿਚ ਸਿਆਸੀ ਬਦਲਾਖੋਰੀ ਦੇ 114 ਕੇਸ ਦਰਜ ਹੋਣ ਦਾ ਮਾਮਲਾ ਆਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਰਾਜ ਵਿਚ ਹਰ ਲੋਕਤੰਤਰੀ ਸੰਸਥਾ ਨੂੰ ਨੁਕਸਾਨ ਪਹੁੰਚਾਉਣ ਦੀ ਮੁਹਿੰਮ ਵਿੱਢੀ ਹੋਈ ਹੈ ਤੇ ਚੁਣੇ ਹੋਏ ਪ੍ਰਤੀਨਿਧਾਂ 'ਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਉਹ ਜਾਂ ਤਾਂ ਅਸਤੀਫੇ ਦੇਣ ਨਹੀਂ ਤਾਂ ਪੁਲਸ ਕੇਸਾਂ ਦਾ ਸਾਹਮਣਾ ਕਰਨ।


Related News