ਏਅਰਪੋਰਟ ''ਤੇ ਗਲਤ ਵਿਅਕਤੀ ਨੂੰ ਰੋਕਣਾ ਵਿਜੀਲੈਂਸ ਨੂੰ ਪਿਆ ਭਾਰੀ, ਲੱਗਾ ਪੰਜ ਲੱਖ ਦਾ ਜੁਰਮਾਨਾ

11/18/2017 7:30:35 PM

ਚੰਡੀਗੜ੍ਹ : ਪੰਜਾਬ ਵਿਜੀਲੈਂਸ ਵਿਭਾਗ ਨੂੰ ਸਿੰਚਾਈ ਵਿਭਾਗ ਦੇ ਚੀਫ ਇੰਜੀਨੀਅਰ ਗੁਰਦੇਵ ਸਿੰਘ ਸਿਆਨ ਦੀ ਜਗ੍ਹਾ ਲੰਡਨ ਦੇ ਰਹਿਣ ਵਾਲੇ ਗੁਰਦੇਵ ਸਿੰਘ ਨੂੰ ਦਿੱਲੀ ਏਅਰਪੋਰਟ 'ਤੇ ਰੋਕਣ ਦੀ ਗਲਤੀ ਭਾਰੀ ਪੈ ਗਈ ਹੈ। ਹਾਈਕੋਰਟ ਨੇ ਇਸ ਮਾਮਲੇ ਵਿਚ ਵਿਜੀਲੈਂਸ ਬਿਊਰੋ ਦੀ ਮੁਆਫੀ ਨੂੰ ਖਾਰਿਜ ਕਰਦੇ ਹੋਏ ਪੰਜ ਲੱਖ ਰੁਪਏ ਜੁਰਮਾਨਾ ਲਗਾਇਆ ਹੈ। ਇਸ ਦੇ ਨਾਲ ਹੀ ਮੁੱਖ ਸਕੱਤਰ ਨੂੰ ਹੁਕਮ ਦਿੱਤਾ ਹੈ ਕਿ ਉਹ ਸਰਕਾਰ ਵਲੋਂ ਐੱਨ. ਆਰ. ਆਈ. ਗੁਰਦੇਵ ਸਿੰਘ ਤੋਂ ਮੁਆਫੀ ਮੰਗਣ, ਲੰਡਨ ਦੇ ਜਹਾਜ਼ ਦਾ ਕਿਰਾਇਆ ਅਤੇ ਪੰਜ ਲੱਖ ਰੁਪਏ ਮੁਆਵਜ਼ਾ ਦੇਣ। ਮੁਆਵਜ਼ਾ ਦੋਸ਼ੀ ਕਰਮਚਾਰੀ ਤੋਂ ਵਸੂਲਿਆ ਜਾਵੇ।
ਜਸਟਿਸ ਏ. ਬੀ. ਚੌਧਰੀ ਨੇ ਕਿਹਾ ਕਿ ਬੜੀ ਸ਼ਰਮ ਦੀ ਗੱਲ ਹੈ ਕਿ ਵਿਜੀਲੈਂਸ ਦਾ ਗੈਰ ਜ਼ਿੰਮੇਵਾਰਾਨਾ ਰਵੱਈਆ ਵਿਦੇਸ਼ਾਂ ਵਿਚ ਪੰਜਾਬ ਅਤੇ ਦੇਸ਼ ਦੀ ਇੱਜ਼ਤ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਇਹ ਗਲਤੀ ਮੁਆਫੀ ਯੋਗ ਨਹੀਂ ਹੈ। ਇਸ ਨਾਲ ਸਰਕਾਰੀ ਕਰਮਚਾਰੀ ਦੇ ਕੰਮ ਦੇ ਰਵੱਈਏ ਦੀ ਝਲਕ ਦਿਖਦੀ ਹੈ ਕਿ ਉਹ ਆਪਣਾ ਕੰਮ ਕਿੰਨੀ ਲਾਪਰਵਾਹੀ ਨਾਲ ਕਰਦੇ ਹਨ। ਅਦਾਲਤ ਨੇ ਕਿਹਾ ਕਿ ਸਰਕਾਰੀ ਕਰਮਚਾਰੀ ਜ਼ਿਆਦਾ ਤਨਖਾਹ ਅਤੇ ਸਹੂਲਤਾਂ ਤਾਂ ਮੰਗਦੇ ਹਨ ਪਰ ਉਹ ਆਪਣੇ ਕੰਮ ਨੂੰ ਚੰਗੇ ਤਰੀਕੇ ਨਾਲ ਨਹੀਂ ਕਰਦੇ।
ਕੀ ਸੀ ਮਾਮਲਾ
ਸਿੰਚਾਈ ਵਿਭਾਗ ਦੇ ਚੀਫ ਇੰਜੀਨੀਅਰ ਗੁਰਦੇਵ ਸਿੰਘ ਸਿਆਨ 'ਤੇ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਸੀ। ਵਿਜੀਲੈਂਸ ਨੇ ਉਨ੍ਹਾਂ ਖਿਲਾਫ ਲੁੱਕ ਆਊਟ ਨੋਟਿਸ ਜਾਰੀ ਕੀਤਾ ਸੀ ਅਤੇ ਅਦਾਲਤ ਨੇ ਉਨ੍ਹਾਂ ਦੇ ਵਿਦੇਸ਼ ਜਾਣ 'ਤੇ ਰੋਕ ਲਗਾ ਦਿੱਤੀ ਸੀ। ਗੁਰਦੇਵ ਨੇ ਹਾਈਕੋਰਟ ਵਿਚ ਪੇਸ਼ਗੀ ਜ਼ਮਾਨਤ ਅਰਜ਼ੀ ਲਗਾਈ ਹੈ। ਦੋ ਨਵੰਬਰ ਨੂੰ ਵਿਜੀਲੈਂਸ ਨੂੰ ਦਿੱਲੀ ਏਅਰਪੋਰਟ ਤੋਂ ਸੂਚਨਾ ਮਿਲੀ ਕਿ ਗੁਰਦੇਵ ਸਿੰਘ ਸਿਆਨ ਨਾਮਕ ਇਕ ਵਿਅਕਤੀ ਲੰਡਨ ਜਾ ਰਿਹਾ ਹੈ। ਵਿਜੀਲੈਂਸ ਨੇ ਬਿਨਾਂ ਜਾਂਚ ਕੀਤੇ ਗੁਰਦੇਵ ਨੂੰ ਗ੍ਰਿਫਤਾਰ ਕਰ ਲਿਆ ਪਰ ਬਾਅਦ ਵਿਚ ਪਤਾ ਲੱਗਾ ਕਿ ਇਹ ਲੰਡਨ ਦਾ ਰਹਿਣ ਵਾਲਾ ਗੁਰਦੇਵ ਸਿੰਘ ਹੈ।


Related News