ਪਾਕਿਸਤਾਨੀ ਅਹਿਸਾਨ-ਉਲ-ਹੱਕ ਨਾਲੋਂ 25 ਸਾਲ ਛੋਟੀ ਹੈ ਮੁਕੰਦਪੁਰ ਦੀ ਬਲਵਿੰਦਰ ਕੌਰ

10/13/2017 5:27:19 AM

ਜਲੰਧਰ, (ਮਹੇਸ਼)— ਬੁੱਧਵਾਰ ਨੂੰ ਪਿੰਡ ਅਲੀਪੁਰ ਤੋਂ ਥਾਣਾ ਸਦਰ ਦੀ ਪੁਲਸ ਵੱਲੋਂ ਫੜੇ ਗਏ ਸ਼ੱਕੀ ਪਾਕਿਸਤਾਨੀ ਅਹਿਸਾਨ- -ਉਲ-ਹੱਕ ਪੁੱਤਰ ਸਵ. ਸ਼ਾਹ ਮੁਹੰਮਦ ਨੂੰ ਅੱਜ ਮਾਣਯੋਗ ਜੱਜ ਰਸ਼ਮੀ ਸ਼ਰਮਾ ਦੀ ਅਦਾਲਤ ਵਿਚ ਪੇਸ਼ ਕਰ ਕੇ 5 ਦਿਨਾਂ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ। ਅਦਾਲਤ ਵਿਚ ਮੁਲਜ਼ਮ ਅਹਿਸਾਨ-ਉਲ-ਹੱਕ ਨੂੰ ਪੇਸ਼ ਕਰਨ ਆਏ ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਸੁਖਦੇਵ ਸਿੰਘ ਔਲਖ ਨੇ ਦੱਸਿਆ ਕਿ ਪੁਲਸ ਨੇ ਮੁਲਜ਼ਮ ਦਾ 7 ਦਿਨਾਂ ਦਾ ਪੁਲਸ ਰਿਮਾਂਡ ਮੰਗਿਆ ਸੀ ਪਰ ਮਾਣਯੋਗ ਜੱਜ ਵੱਲੋਂ ਉਸ ਵਿਚ 2 ਦਿਨਾਂ ਦੀ ਕਟੌਤੀ ਕਰਦਿਆਂ 5 ਦਿਨਾਂ ਦਾ ਰਿਮਾਂਡ ਦਿੱਤਾ ਗਿਆ। ਮੁਲਜ਼ਮ ਕੋਲੋਂ ਪੁੱਛਗਿੱਛ ਵਿਚ ਪਤਾ ਲੱਗਾ ਕਿ ਉਸਦਾ ਜਨਮ 2 ਅਗਸਤ 1960 ਵਿਚ ਹੋਇਆ। 
ਉਸ ਹਿਸਾਬ ਨਾਲ ਉਸਦੀ ਉਮਰ 57 ਸਾਲ ਹੈ, ਜਦੋਂਕਿ ਉਸ ਨਾਲ ਸਾਲ 2012 ਵਿਚ ਪਰਾਗਪੁਰ ਦੇ ਨੇੜੇ ਪੈਂਦੇ ਥਾਣਾ ਸਦਰ ਦੇ ਪਿੰਡ ਕੋਟ ਕਲਾਂ ਦੇ ਗੁਰਦੁਆਰਾ ਸਾਹਿਬ ਵਿਚ ਵਿਆਹ ਕਰਨ ਵਾਲੀ ਮੁਕੰਦਪੁਰ (ਨਵਾਂਸ਼ਹਿਰ) ਦੀ ਬਲਵਿੰਦਰ ਕੌਰ ਪੁੱਤਰੀ ਗੁਰਨਾਮ ਰਾਮ ਦਾ ਜਨਮ 15 ਫਰਵਰੀ 1985 ਦਾ ਹੈ। ਇਸ ਸਮੇਂ ਉਸਦੀ ਉਮਰ 32 ਸਾਲ ਹੈ ਤੇ ਵਿਆਹ ਵੇਲੇ ਉਹ 27 ਸਾਲ ਦੀ ਤੇ ਅਹਿਸਾਨ-ਉਲ-ਹੱਕ 52 ਸਾਲ ਦਾ ਸੀ। ਬਲਵਿੰਦਰ ਕੌਰ ਆਪਣੇ ਪਾਕਿਸਤਾਨੀ ਪਤੀ ਨਾਲੋਂ 25 ਸਾਲ ਛੋਟੀ ਹੈ। 
ਐੱਸ. ਐੱਚ. ਓ. ਸੁਖਦੇਵ ਸਿੰਘ ਔਲਖ ਨੇ ਦੱਸਿਆ ਕਿ ਮੁਲਜ਼ਮ ਕੋਲੋਂ ਡੂੰਘਾਈ ਨਾਲ ਪੁਲਸ ਰਿਮਾਂਡ ਦੌਰਾਨ ਪੁੱਛਗਿੱਛ ਕੀਤੀ ਜਾਵੇਗੀ ਤੇ ਇਸ ਦੌਰਾਨ ਪੁਲਸ ਨੂੰ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ। ਪੁਲਸ ਇਸ ਗੱਲ ਦਾ ਵੀ ਪਤਾ ਲਗਾ ਰਹੀ ਹੈ ਕਿ ਉਸਨੇ ਭਾਰਤੀ ਨਾਗਰਿਕ ਹੋਣ ਦਾ ਜਾਅਲੀ ਪਤਾ ਦੇ ਕੇ ਆਪਣਾ ਆਧਾਰ ਕਾਰਡ ਤੇ ਪੈਨ ਕਾਰਡ ਕਿਉਂ ਬਣਵਾਇਆ ਸੀ? ਉਸਨੇ ਵਿਆਹ ਨਵਾਂਸ਼ਹਿਰ ਦੀ ਲੜਕੀ ਨਾਲ ਕਰਵਾਇਆ ਤੇ ਰਹਿ ਰਿਹਾ ਸੀ ਅਲੀਪੁਰ (ਜਲੰਧਰ) ਵਿਚ, ਅਜਿਹਾ ਕਿਉਂ? 
ਬੁੱਧਵਾਰ ਨੂੰ ਉਸਦੇ ਫੜੇ ਜਾਣ 'ਤੇ ਇਹ  ਸ਼ੱਕ ਪ੍ਰਗਟਾਇਆ ਜਾ ਰਿਹਾ ਸੀ ਕਿ ਉਹ ਪਾਕਿਸਤਾਨ ਤੋਂ ਭੇਜਿਆ ਗਿਆ ਕੋਈ ਜਾਸੂਸ ਤਾਂ ਨਹੀਂ ਹੈ ਜੋ ਕਿ ਇਥੇ ਰਹਿੰਦੇ ਹੋਏ ਭਾਰਤ ਵਿਰੋਧੀ ਗਤੀਵਿਧੀਆਂ ਚਲਾਉਂਦੇ ਹੋਏ ਇਸ ਦੀ ਜਾਣਕਾਰੀ ਪਾਕਿਸਤਾਨ ਨੂੰ ਭੇਜਦਾ ਹੈ ਪਰ ਅਜੇ ਤਕ ਦੀ ਪੁਲਸ ਪੁੱਛਗਿੱਛ ਵਿਚ ਅਜਿਹਾ ਕੁਝ ਵੀ ਸਾਹਮਣੇ ਨਹੀਂ ਆਇਆ ਹੈ। ਮੁਲਜ਼ਮ ਦੀ ਪਤਨੀ ਬਲਵਿੰਦਰ ਕੌਰ 'ਤੇ ਵੀ ਪੁਲਸ ਨੇ ਆਪਣੀ ਪੂਰੀ ਨਜ਼ਰ ਰੱਖੀ ਹੋਈ ਹੈ।
ਦੋਵਾਂ ਦੇ ਮੋਬਾਇਲ ਫੋਨਾਂ ਦੀ ਕਾਲ ਡਿਟੇਲ ਵੀ ਪੁਲਸ ਵੱਲੋਂ ਚੈੱਕ ਕਰਵਾਈ ਜਾ ਰਹੀ ਹੈ। ਪੁਲਸ ਨੇ ਅਹਿਸਾਨ-ਉਲ-ਹੱਕ ਤੇ ਉਸਦੇ ਪਤਨੀ ਬਲਵਿੰਦਰ ਕੌਰ ਦੋਵਾਂ ਖਿਲਾਫ ਥਾਣਾ ਸਦਰ ਵਿਚ ਆਈ. ਪੀ. ਸੀ. ਦੀ ਧਾਰਾ 419,420, 465, 467, 468, 471,120-ਬੀ ਤੋਂ ਇਲਾਵਾ 14 ਫਾਰੇਨ ਐਕਟ ਦੇ ਤਹਿਤ ਕੇਸ ਦਰਜ ਕੀਤਾ ਹੋਇਆ ਹੈ। ਪਾਕਿਸਤਾਨੀ ਅਹਿਸਾਨ- ਉਲ-ਹੱਕ 'ਤੇ ਖੁਫੀਆ ਏਜੰਸੀਆਂ ਨੇ ਵੀ ਪੂਰੀ ਨਜ਼ਰ ਰੱਖੀ ਹੋਈ ਹੈ ਤੇ ਉਸਦੇ ਬਾਰੇ ਵਿਚ ਪਲ-ਪਲ ਦੀ ਜਾਣਕਾਰੀ ਲੈ ਰਹੀਆਂ ਹਨ। 


Related News