ਨਗਰ ਪੰਚਾਇਤ ਦੀ ਮੀਟਿੰਗ ''ਚ ਹੰਗਾਮਾ

07/23/2017 7:14:10 AM

ਲੋਹੀਆਂ ਖਾਸ, (ਮਨਜੀਤ, ਹਰਸ਼, ਸੁਭੈਂਦੂ)- ਨਗਰ ਪੰਚਾਇਤ ਦੇ ਪ੍ਰਧਾਨ ਸ਼ਬਾਜ਼ ਸਿੰਘ ਥਿੰਦ ਵੱਲੋਂ ਸ਼ਹਿਰ ਦੇ ਜ਼ਰੂਰੀ ਕੰਮਾਂ ਅਤੇ ਹੋਰ ਸਰਕਾਰੀ ਮਤਿਆਂ ਨੂੰ ਲੈ ਕੇ ਬੁਲਾਈ ਗਈ ਹਾਊਸ ਦੀ ਮੀਟਿੰਗ ਉਸ ਵੇਲੇ ਹੰਗਾਮੇ ਦਾ ਰੂਪ ਧਾਰਨ ਕਰ ਗਈ, ਜਦੋਂ ਦੋ ਲੇਡੀਜ਼ ਕੌਂਸਲਰਾਂ ਦੇ ਨਾਲ ਆਏ ਪਰਿਵਾਰਿਕ ਮੈਂਬਰਾਂ ਨੂੰ ਮੀਟਿੰਗ ਸ਼ੁਰੂ ਹੋਣ ਵੇਲੇ ਮੀਟਿੰਗ ਹਾਲ ਵਿਚੋਂ ਬਾਹਰ ਜਾਣ ਲਈ ਕਹਿ ਦਿੱਤਾ ਗਿਆ ਤਾਂ ਇਹ ਸੁਣਦੇ ਸਾਰ ਹੀ ਅਕਾਲੀ-ਭਾਜਪਾ ਨਾਲ ਸੰਬੰਧਤ 8 ਕੌਂਸਲਰ ਰਮਨੀਕ ਕੌਰ, ਸੀਮਾ ਡਾਬਰ, ਰਜਵੰਤ ਕੌਰ, ਹੀਰਾ ਲਾਲ, ਗੋਬਿੰਦ ਲਾਲ, ਸਾਹਬ ਸਿੰਘ, ਬਲਬੀਰ ਸਿੰਘ, ਅਮਿਤ ਕੁਮਾਰ ਗੁੱਸੇ ਦਾ ਇਜ਼ਹਾਰ ਕਰਦੇ ਹੋਏ ਮੀਟਿੰਗ ਹਾਲ ਵਿਚੋਂ ਇਹ ਕਹਿੰਦੇ ਹੋਏ ਬਾਹਰ ਆ ਗਏ ਕਿ ਜੇਕਰ ਅੱਗੇ ਢਾਈ ਸਾਲ ਪਰਿਵਾਰਕ ਮੈਂਬਰ ਨਾਲ ਬੈਠ ਸਕਦੇ ਹਨ ਤਾਂ ਅੱਜ ਕਿਉਂ ਨਹੀਂ?
ਦੂਜੇ ਪਾਸੇ 8 ਕੌਂਸਲਰਾਂ ਦੇ ਮੀਟਿੰਗ ਹਾਲ 'ਚੋਂ ਬਾਹਰ ਜਾਣ ਉਪਰੰਤ ਪ੍ਰਧਾਨ ਸ਼ਬਾਜ਼ ਸਿੰਘ ਵੱਲੋਂ ਮੀਟਿੰਗ 'ਚ ਮੌਜੂਦ ਬਾਕੀ ਕੌਂਸਲਰਾਂ ਦੀ ਸਹਿਮਤੀ ਨਾਲ ਮੀਟਿੰਗ 'ਚ ਲਿਆਂਦੇ ਗਏ ਸਾਰੇ ਮਤੇ ਸਰਵਸੰਮਤੀ ਨਾਲ ਪਾਸ ਕਰ ਦਿੱਤੇ ਗਏ। ਬਾਅਦ 'ਚ ਜਦੋਂ ਬਾਹਰ ਗਏ ਕੌਂਸਲਰਾਂ ਨੇ ਮੀਟਿੰਗ ਦੀ ਕਾਰਵਾਈ ਸ਼ੁਰੂ ਕਰ ਲਈ ਕਿਹਾ ਤਾਂ ਪ੍ਰਧਾਨ ਵੱਲੋਂ ਕਿਹਾ ਗਿਆ ਕਿ ਤੁਹਾਡੇ ਬਾਈਕਾਟ ਕਰਨ ਉਪਰੰਤ ਮੀਟਿੰਗ ਦੀ ਕਾਰਵਾਈ ਪੂਰੀ ਕਰ ਲਈ ਗਈ ਹੈ, ਜਿਸ 'ਤੇ ਬਾਹਰ ਗਏ ਕੌਂਸਲਰ ਭੜਕ ਪਏ ਅਤੇ ਤੂੰ-ਤੂੰ ਮੈਂ-ਮੈਂ 'ਤੇ ਆ ਗਏ। ਕਰੀਬ ਦੋ ਘੰਟੇ ਚੱਲਿਆ ਮਾਮਲਾ ਇੰਨਾ ਭੜਕ ਗਿਆ ਕਿ ਕੁਝ ਲੋਕ ਤਾਂ ਭੱਦੀ ਸ਼ਬਦਾਵਲੀ ਵਰਤਣ ਲੱਗ ਪਏ ਜਦਕਿ ਗੁੱਸੇ 'ਚ ਆਏ ਇਕ ਕੌਂਸਲਰ ਨੇ ਕੁਰਸੀ ਚੁੱਕ ਕੇ ਸੁੱਟਣ ਦੀ ਕੋਸ਼ਿਸ਼ ਵੀ ਕੀਤੀ । ਮਾਮਲਾ ਗੰਭੀਰ ਹੁੰਦਾ ਦੇਖ ਦੋ ਧਿਰਾਂ ਵਿਚ ਵੰਡੇ ਗਏ ਕੌਂਸਲਰਾਂ ਨੇ ਆਪਣੇ-ਆਪਣੇ ਹਮਾਇਤੀਆਂ ਨੂੰ ਦਫ਼ਤਰ ਬੁਲਾਉਣਾ ਸ਼ੁਰੂ ਕਰ ਲਿਆ। ਨਾਜ਼ੁਕ ਹੁੰਦੇ ਹਾਲਾਤ ਨੂੰ ਦੇਖਦੇ ਹੋਏ ਦਫ਼ਤਰੀ ਅਮਲੇ ਵੱਲੋਂ ਸਥਾਨਕ ਪੁਲਸ ਨੂੰ ਸੂਚਿਤ ਕਰ ਕੇ ਪੁਲਸ ਮੁਲਜ਼ਮਾਂ ਨੂੰ ਬੁਲਾ ਲਿਆ ਗਿਆ। 
ਨਗਰ ਪੰਚਾਇਤ ਦੇ ਪ੍ਰਧਾਨ ਨੇ ਕਿਹਾ ਕਿ ਹਾਊਸ 'ਚ ਹਾਜ਼ਰੀ ਲਗਾਉਣ ਤੋਂ ਬਾਅਦ 8 ਕੌਂਸਲਰ ਮੀਟਿੰਗ ਦਾ ਬਾਈਕਾਟ ਕਰ ਕੇ ਬਾਹਰ ਚਲੇ ਗਏ ਜਿਸ ਤੋਂ ਬਾਦ ਕਾਨੂੰਨ ਅਨੁਸਾਰ ਕਾਰਵਾਈ ਕਰਦੇ ਹੋਏ ਹਾਊਸ 'ਚ ਮੌਜੂਦ ਕੌਂਸਲਰਾਂ ਦੀ ਸਹਿਮਤੀ ਨਾਲ ਹੀ ਸਾਰੇ ਮਤੇ ਸਰਵਸੰਮਤੀ ਨਾਲ ਪਾਸ ਕਰ ਕੇ ਮੀਟਿੰਗ ਬਰਖਾਸਤ ਕਰ ਦਿੱਤੀ ਗਈ। 
ਜਦਕਿ ਮੀਟਿੰਗ 'ਚੋਂ ਉੱਠ ਕੇ ਬਾਹਰ ਗਏ ਕੌਂਸਲਰਾਂ 'ਚੋਂ ਅਮਿਤ ਕੁਮਾਰ, ਹੀਰਾ ਲਾਲ, ਗੋਬਿੰਦ ਲਾਲ, ਸਾਹਬ ਸਿੰਘ, ਬਲਬੀਰ ਸਿੰਘ ਨੇ ਆਪਣੇ ਸਾਥੀਆਂ ਨਾਲ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਜਲੰਧਰ ਪੇਸ਼ ਹੋ ਕੇ ਮੀਟਿੰਗ ਨੂੰ ਰੱਦ ਕਰਨ ਦੀ ਅਪੀਲ ਕੀਤੀ। ਹੋਈ ਮੀਟਿੰਗ ਰੱਦ ਜਾਂ ਬਹਾਲ ਰਹਿੰਦੀ ਹੈ ਇਸ ਨੂੰ ਲੈ ਕੇ ਗੇਂਦ ਹੁਣ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਦੇ ਪਾਲੇ 'ਚ ਹੈ।


Related News