ਸਰਦੀ ਦੀ ਪਹਿਲੀ ਬਾਰਿਸ਼ ਮਗਰੋਂ ਠੰਡ ਨੇ ਜ਼ੋਰ ਫੜਿਆ

12/12/2017 1:14:30 AM

ਮੋਗਾ, (ਪਵਨ ਗਰੋਵਰ, ਗੋਪੀ ਰਾਊਕੇ)- ਅੱਜ ਤੜਕਸਾਰ ਮਾਲਵਾ ਖਿੱਤੇ 'ਚ ਰੁਕ-ਰੁਕ ਕੇ ਪੈਣ ਲੱਗੀ ਸਰਦੀ ਦੀ ਪਹਿਲੀ ਬਾਰਿਸ਼ ਦਾ ਪਾਣੀ ਕਈ ਥਾਵਾਂ 'ਤੇ ਆਫਤ ਤੇ ਕਈ ਥਾਈਂ ਰਾਹਤ ਦਾ ਕੰਮ ਕਰਨ ਲੱਗਾ ਹੈ। ਬਾਰਿਸ਼ ਮਗਰੋਂ ਠੰਡ ਨੇ ਇਕਦਮ ਜ਼ੋਰ ਫੜ ਲਿਆ ਹੈ, ਜਦਕਿ ਹੁਣ ਤੱਕ ਦਸੰਬਰ ਮਹੀਨੇ ਦੌਰਾਨ ਦੁਪਹਿਰ ਵੇਲੇ ਲਗਦੀਆਂ ਤਿੱਖੜ ਧੁੱਪਾਂ ਕਰਕੇ ਲੋਕਾਂ ਨੂੰ ਸਰਦੀ ਦੇ ਮੌਸਮ ਦਾ ਪਤਾ ਹੀ ਨਹੀਂ ਲੱਗ ਰਿਹਾ ਸੀ। ਖੇਤੀ ਮਾਹਿਰਾਂ ਨੇ ਜਿਥੇ ਬਾਰਿਸ਼ ਨੂੰ ਹਾੜ੍ਹੀ ਦੀ ਮੁੱਖ ਫਸਲ ਕਣਕ ਸਮੇਤ ਦਾਲਾਂ, ਸਰ੍ਹੋਂ ਤੇ ਹੋਰ ਫਸਲਾਂ ਲਈ ਲਾਹੇਵੰਦ ਦੱਸਿਆ ਹੈ, ਉਥੇ ਹੀ ਮਾਹਿਰਾਂ ਦਾ ਮੰਨਣਾ ਹੈ ਕਿ ਜਿਹੜੀ ਕਣਕ ਦੀ ਬੀਜਾਈ ਐਤਕੀ ਪਛੜ ਕੇ ਸਿਰਫ 4-5 ਦਿਨ ਪਹਿਲਾਂ ਹੀ ਹੋਈ ਹੈ, ਉਸ ਲਈ ਬਾਰਿਸ਼ ਨੁਕਸਾਨ ਦਾਇਕ ਸਾਬਿਤ ਹੋ ਸਕਦੀ ਹੈ। 
ਸੂਤਰ ਦੱਸਦੇ ਹਨ ਕਿ ਭਾਵੇਂ ਇਕ ਹਫਤਾ ਪਹਿਲਾਂ ਬੀਜਾਂਦ ਕੀਤੀਆਂ ਕਣਕਾਂ ਦਾ ਰਕਬਾ ਤਾਂ ਘੱਟ ਹੈ ਪਰ ਫਿਰ ਵੀ ਜਿਹੜੇ ਕਿਸਾਨਾਂ ਨੇ ਹਫਤੇ ਦੇ ਅੰਦਰ-ਅੰਦਰ ਹੀ ਕਣਕ ਦੀ ਬੀਜਾਈ ਕੀਤੀ ਹੈ, ਉਨ੍ਹਾਂ ਕਿਸਾਨਾਂ ਲਈ ਇਹ ਬਾਰਿਸ਼ ਨਵੀਂ 'ਬਿਪਤਾ' ਖੜ੍ਹੀ ਕਰ ਸਕਦੀ ਹੈ।  ਬਾਰਿਸ਼ ਕਾਰਨ ਆਮ ਜਨਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਗਿਆ ਹੈ। ਸ਼ਹਿਰ ਦੇ ਬਹੁਤੇ ਹਿੱਸਿਆਂ ਜ਼ੀਰਾ ਰੋਡ, ਸੰਤ ਸਿੰਘ ਸਾਦਿਕ ਰੋਡ, ਅਕਾਲਸਰ ਰੋਡ, ਪਹਾੜਾ ਸਿੰਘ ਚੌਕ, ਬਹੋਨਾ ਬਾਈਪਾਸ ਸਮੇਤ ਕਈ ਹੋਰ ਇਲਾਕਿਆਂ ਦੀਆਂ ਬੇਹੱਦ ਟੁੱਟੀਆਂ ਸੜਕਾਂ ਦੇ ਟੋਇਆਂ 'ਚ ਬਾਰਿਸ਼ ਦਾ ਪਾਣੀ ਜਮ੍ਹਾ ਹੋਣ ਕਰਕੇ ਲੋਕਾਂ ਨੂੰ ਲੰਘਣ 'ਚ ਦਿੱਕਤਾਂ ਆ ਰਹੀਆਂ ਹਨ। 
ਹੌਜ਼ਰੀ, ਬੂਟਾਂ ਤੇ ਰੂਮ ਹੀਟਰਾਂ ਦੇ ਕਾਰੋਬਾਰੀਆਂ ਦੇ ਚਿਹਰਿਆਂ 'ਤੇ ਪਰਤੀ ਰੌਣਕ
ਪਿਛਲੇ ਲੰਮੇ ਸਮੇਂ ਤੋਂ ਸਰਦੀ ਉਡੀਕ ਰਹੇ ਹੌਜ਼ਰੀ, ਬੂਟਾਂ ਅਤੇ ਰੂਮ ਹੀਟਰਾਂ ਦੇ ਕਾਰੋਬਾਰੀਆਂ ਦੇ ਚਿਹਰਿਆਂ 'ਤੇ ਰੌਣਕ ਪਰਤਣ ਲੱਗੀ ਹੈ। ਅੱਜ ਹੋਈ ਠੰਡ ਮਗਰੋਂ ਹੀ ਮੋਗਾ ਸ਼ਹਿਰ 'ਚ ਇਨ੍ਹਾਂ ਕਾਰੋਬਾਰੀਆਂ ਦੀ 'ਚਾਂਦੀ' ਬਣਨ ਲੱਗੀ ਹੈ। ਲੱਖਾਂ ਰੁਪਏ ਦਾ ਸਟਾਕ ਰੱਖੀ ਬੈਠੇ ਇਕ ਹੌਜ਼ਰੀ ਕਾਰੋਬਾਰੀ ਦਾ ਕਹਿਣਾ ਸੀ ਕਿ ਇਸ ਵਾਰ ਹੁਣ ਤੱਕ ਠੰਡ ਨਾ ਪੈਣ ਕਰਕੇ ਕੋਟੀਆਂ, ਜ਼ੁਰਾਬਾਂ, ਕੋਟ ਅਤੇ ਟੌਪੀਆਂ ਦੀ ਵਿਕਰੀ ਨਾ ਮਾਤਰ ਹੀ ਸੀ ਪਰ ਹੁਣ ਉਨ੍ਹਾਂ ਦੇ ਕਾਰੋਬਾਰ ਨੂੰ ਹੁਲਾਰਾ ਮਿਲਣ ਦੀ ਆਸ ਬੱਝੀ ਹੈ।


Related News