ਦੋਸਤ ਨੂੰ ਕਤਲ ਕਰਕੇ ਲਾਸ਼ ਖੇਤਾਂ ''ਚ ਸੁੱਟੀ

06/25/2017 11:56:01 PM

ਡੇਹਲੋਂ (ਡਾ. ਪ੍ਰਦੀਪ) - ਪਿੰਡ ਖਾਨਪੁਰ ਦੇ ਨੇੜਿਓ ਬੀਤੇ ਦਿਨੀਂ ਮਿਲੀ ਲਾਸ਼ ਦੇ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਇਸ ਸਬੰਧੀ ਪਹਿਲਾਂ ਡੇਹਲੋਂ ਪੁਲਸ ਨੇ 174 ਦੀ ਕਾਰਵਾਈ ਕੀਤੀ ਸੀ ਪਰ ਹੁਣ ਮ੍ਰਿਤਕ ਦੇ ਚਾਚੇ ਨੇ ਡੇਹਲੋਂ ਪੁਲਸ ਨੂੰ ਦਿੱਤੇ ਬਿਆਨ 'ਚ ਕਿਹਾ ਹੈ ਕਿ ਉਸਦੇ ਭਤੀਜੇ ਅਮਰਦੀਪ ਸਿੰਘ ਨੂੰ ਉਸਦੇ ਦੋਸਤ ਨੇ ਮਾਰ ਕੇ ਲਾਸ਼ ਨੂੰ ਖੁਰਦ ਬੁਰਦ ਕਰਨ ਲਈ ਖੇਤਾਂ 'ਚ ਸੁੱਟ ਦਿੱਤੀ ਸੀ। ਆਪਣੇ ਬਿਆਨ 'ਚ ਸੰਤੋਖ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਸ਼ਿਮਲਾਪੁਰੀ ਲੁਧਿਆਣਾ ਨੇ ਕਿਹਾ ਹੈ ਕਿ ਉਸਦਾ ਭਤੀਜਾ ਅਮਰਦੀਪ ਸਿੰਘ ਫਿਰੋਜ਼ ਗਾਂਧੀ ਮਾਰਕੀਟ ਲੁਧਿਆਣਾ ਵਿਖੇ ਇਕ ਬੈਂਕ 'ਚ ਰਿਕਵਰੀ ਕਰਨ ਦੀ ਨੌਕਰੀ ਕਰਦਾ ਸੀ। ਬੀਤੀ 15 ਜੂਨ ਨੂੰ ਉਹ ਸਵੇਰੇ 9 ਵਜੇ ਆਪਣੇ ਮੋਟਰਸਾਈਕਲ 'ਤੇ ਡਿਊਟੀ ਲਈ ਗਿਆ ਸੀ ਅਤੇ ਜਾਂਦੇ ਸਮੇਂ ਅਮਰਦੀਪ ਨੇ ਕਿਹਾ ਸੀ ਕਿ ਉਹ ਆਪਣੇ ਦੋਸਤ ਪਲਵਿੰਦਰ ਸਿੰਘ ਵਾਸੀ ਕਰਨੈਲ ਸਿੰਘ ਨਗਰ, ਪੱਖੋਵਾਲ ਰੋਡ ਲੁਧਿਆਣਾ ਕੋਲ ਜਾ ਰਿਹਾ ਹੈ, ਜਿਸ ਤੋਂ ਉਸਨੇ ਉਧਾਰ ਦਿੱਤੇ ਪੈਸੇ ਲੈਣੇ ਸਨ। ਉਸ ਕੋਲ ਬੈਂਕ ਦਾ ਕੈਸ਼ ਵੀ ਸੀ ਪਰ ਬੈਂਕ ਵਲੋਂ ਫੋਨ ਆਉਣ 'ਤੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਅਮਰਦੀਪ ਉਸ ਦਿਨ ਬੈਂਕ ਪਹੁੰਚਿਆ ਹੀ ਨਹੀਂ ਅਤੇ ਸ਼ਾਮ ਨੂੰ ਉਨ੍ਹਾਂ ਨੂੰ ਪਤਾ ਲੱਗਿਆ ਕਿ ਅਮਰਦੀਪ ਹਰਨਾਮਪੁਰਾ-ਖਾਨਪੁਰ ਰੋਡ 'ਤੇ ਸੜਕ ਕਿਨਾਰੇ ਬਾਜਰੇ ਦੇ ਖੇਤ 'ਚ ਉਸਦੀ ਲਾਸ਼ ਪਈ ਹੈ। ਉਹ ਮੌਕੇ 'ਤੇ ਪੁਹੰਚੇ ਜਿਥੇ ਉਸਦੀ ਲਾਸ਼ ਨੇੜੇ ਬੈਂਕ ਦੀ ਮਸ਼ੀਨ, ਦੋ ਮੋਬਾਇਲ ਅਤੇ ਸਰਿੰਜ ਪਈ ਸੀ ਅਤੇ ਉਸਦਾ ਮੋਟਰਸਾਈਕਲ ਸੜਕ ਕਿਨਾਰੇ ਖੜ੍ਹਾ ਸੀ, ਜਿਸ 'ਤੇ ਮ੍ਰਿਤਕ ਦੇ ਪਿਤਾ ਤਰਲੋਕ ਸਿੰਘ ਦੇ ਬਿਆਨਾਂ 'ਤੇ ਡੇਹਲੋਂ ਪੁਲਸ ਵਲੋਂ 174 ਦੀ ਕਾਰਵਾਈ ਅਮਲ 'ਚ ਲਿਆਂਦੀ ਗਈ ਸੀ।
ਇਸ ਸਬੰਧੀ ਡੇਹਲੋਂ ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ ਅਤੇ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਜਾਰੀ ਹੈ। ਡੇਹਲੋਂ ਦੇ ਥਾਣਾ ਮੁਖੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਕਥਿਤ ਦੋਸ਼ੀ ਪਲਵਿੰਦਰ ਸਿੰਘ ਨੇ ਮੰਨਿਆ ਹੈ ਕਿ ਉਸਨੇ ਅਮਰਦੀਪ ਦੇ ਪੈਸੇ ਦੇਣੇ ਸਨ, ਜਿਸ 'ਤੇ ਉਸਨੇ ਅਮਰਦੀਪ ਨੂੰ ਮਾਰ ਕੇ ਉਸਨੂੰ ਆਪਣੇ ਸਾਥੀਆਂ ਦੀ ਮਦਦ ਨਾਲ ਕਾਰ 'ਚ ਪਾ ਕੇ ਖਾਨਪੁਰ ਨੇੜੇ ਖੇਤਾਂ 'ਚ ਸੁੱਟ ਦਿੱਤਾ ਸੀ ਤਾਂ ਜੋ ਕਿਸੇ ਨੂੰ ਪਤਾ ਨਾ ਚੱਲੇ। ਥਾਣਾ ਮੁਖੀ ਨੇ ਦੱਸਿਆ ਕਿ ਕਥਿਤ ਦੋਸ਼ੀ ਤੋਂ ਅੱਗੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।


Related News