ਡਲਿਵਰੀ ਉਪਰੰਤ ਔਰਤ ਦੀ ਸਰਕਾਰੀ ਹਸਪਤਾਲ ''ਚ ਮੌਤ

12/11/2017 4:28:52 AM

ਹਾਜੀਪੁਰ, (ਜੋਸ਼ੀ)- ਪੀ. ਐੱਚ. ਸੀ. ਹਾਜੀਪੁਰ ਵਿਖੇ ਡਲਿਵਰੀ ਕਰਨ ਉਪਰੰਤ ਔਰਤ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਹਾਜੀਪੁਰ ਪੁਲਸ ਨੂੰ ਦਿੱਤੇ ਬਿਆਨਾਂ 'ਚ ਪੁਸ਼ਪਾ ਦੇਵੀ ਪਤਨੀ ਬਚਨ ਸਿੰਘ ਵਾਸੀ ਰਕੜੀ ਹਾਰ ਨੇ ਦੱਸਿਆ ਕਿ ਮੇਰੀ ਨੂੰਹ ਪਰਮਜੀਤ ਕੌਰ ਪਤਨੀ ਧੀਰਜ ਕੁਮਾਰ ਦੀ ਡਲਿਵਰੀ 9 ਦਸੰਬਰ ਨੂੰ ਦੁਪਹਿਰ ਸਮੇਂ ਆਪ੍ਰੇਸ਼ਨ ਨਾਲ ਹੋਈ ਸੀ। ਉਸ ਨੇ ਕਿਹਾ ਕਿ ਡਲਿਵਰੀ ਦੇ ਕੁਝ ਸਮੇਂ ਬਾਅਦ ਹੀ ਪਰਮਜੀਤ ਕੌਰ ਦੀ ਹਾਲਤ ਖ਼ਰਾਬ ਹੋ ਗਈ ਅਤੇ ਜਦੋਂ ਡਾਕਟਰ ਦੁਬਾਰਾ ਆਏ ਤਾਂ ਉਨ੍ਹਾਂ ਕਿਹਾ ਕਿ ਬਿਲਕੁਲ ਠੀਕ ਹੈ ਪਰ ਡਾਕਟਰ ਨੇ ਸਾਨੂੰ ਮਰੀਜ਼ ਨੂੰ ਮੁਕੇਰੀਆਂ ਲਿਜਾਣ ਲਈ ਕਿਹਾ। ਜਦੋਂ ਅਸੀਂ ਮੁਕੇਰੀਆਂ ਪਹੁੰਚੇ ਤਾਂ ਡਾਕਟਰ ਨੇ ਸਾਨੂੰ ਕਿਹਾ ਕਿ ਤੁਹਾਡੀ ਮਰੀਜ਼ ਦੀ ਮੌਤ ਹੋ ਚੁੱਕੀ ਹੈ। 
ਮ੍ਰਿਤਕ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਡਾਕਟਰ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਸ ਦੀ ਲਾਪ੍ਰਵਾਹੀ ਕਾਰਨ ਹੀ ਮਰੀਜ਼ ਦੀ ਮੌਤ ਹੋਈ ਹੈ। ਮ੍ਰਿਤਕਾ ਦੀ ਇਹ ਪਹਿਲੀ ਡਲਿਵਰੀ ਸੀ। ਹਾਜੀਪੁਰ ਪੁਲਸ ਨੇ ਪੁਸ਼ਪਾ ਦੇਵੀ ਦੇ ਬਿਆਨਾਂ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


Related News