ਗੁਰਦੁਆਰਾ ਸਾਹਿਬ ਦੀ ਜ਼ਮੀਨ ਸਬੰਧੀ ਹੋਈ ਧੋਖਾਦੇਹੀ ਖਿਲਾਫ ਕਾਰਵਾਈ ਕਰੇ ਪ੍ਰਸ਼ਾਸਨ : ਪ੍ਰਬੰਧਕ ਕਮੇਟੀ

08/18/2017 7:20:02 AM

ਸਰਹਾਲੀ ਕਲਾਂ,  (ਮਨਜੀਤ, ਸੁਖਬੀਰ, ਰਸਬੀਰ)-  ਪਿੰਡ ਖਾਰਾ ਦੀ ਗੁਰਦੁਆਰਾ ਬਾਬਾ ਬਿਸ਼ਨ ਦਾਸ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ ਨੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਨੂੰ ਲਿਖਤੀ ਦਰਖਾਸਤਾਂ ਭੇਜ ਕੇ ਪਿੰਡ ਚੱਕ ਰਣੀਆ ਦੀ ਜ਼ਮੀਨ ਜੋ ਕਿ ਬਾਬਾ ਬਿਸ਼ਨ ਦਾਸ ਜੀ ਦੇ ਨਾਂ 'ਤੇ ਬੋਲਦੀ ਸੀ, ਸਬੰਧੀ ਹੋਈ ਧੋਖਾਦੇਹੀ ਦੇ ਮਾਮਲੇ ਦੀ ਜਾਂਚ ਕਰ ਕੇ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਉਕਤ ਜ਼ਮੀਨ ਲਈ ਬਕਾਇਦਾ 7 ਮੈਂਬਰੀ ਕਮੇਟੀ ਬਣੀ ਹੋਈ ਹੈ, ਜੋ ਕਿ ਉਥੇ ਸੇਵਾ ਕਰਵਾਉਂਦੀ ਹੈ। ਕਮੇਟੀ ਦੀ ਤਕਰੀਬਨ 1 ਕਨਾਲ 18 ਮਰਲੇ ਜ਼ਮੀਨ ਨੈਸ਼ਨਲ ਹਾਈਵੇ ਨੇੜੇ ਵੀ ਪਈ ਹੈ। ਇਸ ਜ਼ਮੀਨ ਦੀ ਤਕਰੀਬਨ 24 ਲੱਖ ਰੁਪਏ ਦੀ ਅਦਾਇਗੀ ਸਰਕਾਰ ਵੱਲੋਂ ਕਮੇਟੀ ਨੂੰ ਹੋਣੀ ਸੀ ਪਰ ਇਕ ਸਿਆਸੀ ਆਗੂ ਉਕਤ ਅਦਾਇਗੀ 'ਚੋਂ ਕਰੀਬ 18 ਲੱਖ ਰੁਪਏ ਦੀ ਰਕਮ ਆਪਣੇ ਤੇ ਆਪਣੇ ਰਿਸ਼ਤੇਦਾਰ ਦੇ ਨਾਂ 'ਤੇ ਧੋਖੇ ਨਾਲ ਲੈ ਗਿਆ। ਪ੍ਰਬੰਧਕ ਕਮੇਟੀ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਇਸ ਮਾਮਲੇ 'ਚ ਉਸਦਾ ਸਾਥ ਪ੍ਰਸ਼ਾਸਨ ਦੇ ਕੁਝ ਸਾਬਕਾ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਵੀ ਦਿੱਤਾ ਹੈ। ਇਸ ਲਈ ਸਾਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ। 
ਡੀ. ਸੀ. ਨੂੰ ਭੇਜੀ ਗਈ ਦਰਖਾਸਤ 'ਤੇ ਕਾਰਵਾਈ ਕਰਦਿਆਂ ਨਾਇਬ ਤਹਿਸੀਲਦਾਰ ਨਰਜੀਤ ਸਿੰਘ, ਕਾਨੂੰਨਗੋ ਸਵਰਣ ਸਿੰਘ ਤੇ ਪਟਵਾਰੀ ਅੰਗਰੇਜ਼ ਸਿੰਘ ਨੇ ਖੁਦ ਮੌਕੇ 'ਤੇ ਜਾ ਕੇ ਜ਼ਮੀਨ ਦਾ ਨਿਰੀਖਣ ਕੀਤਾ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਨਾਂ 'ਤੇ ਬਣੀ 7 ਮੈਂਬਰੀ ਕਮੇਟੀ ਦੇ ਮੈਂਬਰਾਂ ਪ੍ਰਧਾਨ ਮਨਜੀਤ ਸਿੰਘ, ਬਲਦੇਵ ਸਿੰਘ ਖਜ਼ਾਨਚੀ, ਗੁਰਚਰਨ ਸਿੰਘ ਸਕੱਤਰ, ਸਰਵਨ ਸਿੰਘ ਸਕੱਤਰ, ਕੁਲਵਿੰਦਰ ਸਿੰਘ, ਸੁਖਵਿੰਦਰ ਸਿੰਘ, ਲੱਖਾ ਸਿੰਘ ਆਦਿ ਨੇ ਪੜਤਾਲ ਕਰਨ ਆਏ ਅਧਿਕਾਰੀਆਂ ਨੂੰ ਲਿਖਤੀ ਦਰਖਾਸਤਾਂ ਅਤੇ ਜ਼ਮੀਨ ਦਾ ਮੌਕਾ ਦਿਖਾਇਆ ਅਤੇ ਧੋਖਾਦੇਹੀ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ, ਜਿਸ 'ਤੇ ਸਬੰਧਿਤ ਅਧਿਕਾਰੀਆਂ ਨੇ ਇਸ ਧੋਖਾਦੇਹੀ ਦਾ ਸਖਤ ਨੋਟਿਸ ਲੈਂਦਿਆਂ ਕਮੇਟੀ ਮੈਂਬਰਾਂ ਅਤੇ ਪਿੰਡ ਦੇ ਮੋਹਤਬਰਾਂ ਨੂੰ ਬਿਆਨ ਦਰਜ ਕਰਵਾਉਣ ਲਈ ਨਿਰਦੇਸ਼ ਦਿੱਤੇ। ਇਸ ਮੌਕੇ ਸਾਬਕਾ ਸਰਪੰਚ ਸਵਰਣ ਸਿੰਘ, ਗੁਰਦੇਵ ਸਿੰਘ ਪ੍ਰਧਾਨ, ਜਰਮਨਜੀਤ ਸਿੰਘ ਫੌਜੀ, ਨਾਇਬ ਸਿੰਘ, ਹਰਜੀਤ ਸਿੰਘ ਫੌਜੀ, ਨਿਰਵੈਲ ਸਿੰਘ ਤੇ ਜਸਵਿੰਦਰ ਸਿੰਘ ਆਦਿ ਆਗੂ ਹਾਜ਼ਰ ਸਨ। 


Related News