ਚਾਕੂ ਮਾਰ ਕੇ ਬੇਰਹਿਮੀ ਨਾਲ ਹੱਤਿਆ ਕਰਨ ਦੇ ਮਾਮਲੇ ''ਚ 2 ਨੂੰ ਕੈਦ ਤੇ ਜੁਰਮਾਨਾ

08/18/2017 10:31:55 AM

ਮੋਗਾ - ਜ਼ਿਲਾ ਅਤੇ ਐਡੀਸ਼ਨਲ ਸੈਸ਼ਨ ਜੱਜ ਰਜਿੰਦਰ ਅਗਰਵਾਲ ਦੀ ਅਦਾਲਤ ਨੇ ਹੱਤਿਆ ਕਰਨ ਦੇ ਮਾਮਲੇ 'ਚ ਸ਼ਾਮਲ ਦੋ ਵਿਅਕਤੀਆਂ ਨੂੰ ਸਬੂਤਾਂ ਅਤੇ ਗਵਾਹਾਂ ਦੇ ਆਧਾਰ 'ਤੇ 11 ਅਗਸਤ ਨੂੰ ਦੋਸ਼ੀ ਕਰਾਰ ਦਿੰਦਿਆਂ ਫੈਸਲੇ ਲਈ 16 ਅਗਸਤ ਦੀ ਤਰੀਕ ਨਿਸ਼ਚਿਤ ਕੀਤੀ ਸੀ, ਜਿਸ ਤਹਿਤ ਬੁੱਧਵਾਰ ਨੂੰ ਅਦਾਲਤ ਨੇ ਇਸ ਮਾਮਲੇ ਵਿਚ ਆਪਣਾ ਫੈਸਲਾ ਸੁਣਾਉਂਦਿਆਂ ਉਕਤ ਦੋਵਾਂ ਦੋਸ਼ੀਆਂ ਨੂੰ ਉਮਰ ਕੈਦ ਕੱਟਣ ਦੀ ਸਜ਼ਾ ਅਤੇ 2-2 ਲੱਖ ਰੁਪਏ ਜੁਰਮਾਨਾ ਕੀਤਾ ਹੈ। ਇਸ ਦੇ ਨਾਲ ਹੀ ਅਦਾਲਤ ਨੇ ਜੁਰਮਾਨਾ ਨਾ ਅਦਾ ਕਰਨ ਦੀ ਸੂਰਤ 'ਚ ਦੋਵਾਂ ਨੂੰ 2-2 ਸਾਲ ਦੀ ਕੈਦ ਹੋਰ ਕੱਟਣ ਦਾ ਵੀ ਹੁਕਮ ਦਿੱਤਾ ਹੈ।
ਪੁਲਸ ਸੂਤਰਾਂ ਅਨੁਸਾਰ 5 ਫਰਵਰੀ, 2016 ਨੂੰ ਥਾਣਾ ਸਮਾਲਸਰ ਦੀ ਪੁਲਸ ਨੂੰ ਦਿੱਤੀ ਗਈ ਸ਼ਿਕਾਇਤ 'ਚ ਘਟਨਾ ਵਿਚ ਮਾਰੇ ਗਏ ਸੁਖਪ੍ਰੀਤ ਸਿੰਘ ਨਿਵਾਸੀ ਪਿੰਡ ਸੁਖਾਨੰਦ ਦੀ ਮਾਂ ਮਨਜੀਤ ਕੌਰ ਪਤਨੀ ਸੁਖਮੰਦਰ ਸਿੰਘ ਨੇ ਦੋਸ਼ ਲਾਇਆ ਸੀ ਕਿ ਉਸ ਦਾ ਬੇਟਾ ਸੁਖਪ੍ਰੀਤ ਸਿੰਘ ਪਿੰਡ ਦੇ ਹੀ ਗੁਰਦੁਆਰਾ ਸਾਹਿਬ 'ਚ ਧਾਰਮਿਕ ਸਮਾਗਮ ਦੌਰਾਨ ਮੱਥਾ ਟੇਕਣ ਲਈ ਗਿਆ ਸੀ ਕਿ ਪਿੰਡ ਦੇ ਹੀ ਦੋ ਵਿਅਕਤੀਆਂ ਇਕਬਾਲ ਸਿੰਘ ਅਤੇ ਸੁਖਦੀਪ ਸਿੰਘ ਨੇ ਉਸ ਨੂੰ ਫੋਨ ਕਰ ਕੇ ਪਿੰਡ ਦੀ ਅਨਾਜ ਮੰਡੀ 'ਚ ਬੁਲਾ ਲਿਆ ਅਤੇ ਉੱਥੇ ਜਾ ਕੇ ਪੈਸੇ ਦੇ ਲੈਣ-ਦੇਣ ਕਾਰਨ ਉਸ ਨੂੰ ਗਾਲੀ-ਗਲੋਚ ਕਰਨ ਤੋਂ ਇਲਾਵਾ ਉਸ ਕੋਲੋਂ ਪੈਸੇ ਖੋਹਣ ਦੀ ਕੋਸ਼ਿਸ਼ ਕੀਤੀ।
ਵਿਰੋਧ ਕਰਨ 'ਤੇ ਉਕਤ ਦੋਵਾਂ ਨੇ ਉਸ ਦੇ ਬੇਟੇ ਸੁਖਪ੍ਰੀਤ ਸਿੰਘ ਦੇ ਚਾਕੂਆਂ ਨਾਲ ਵਾਰ ਕਰ ਕੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ, ਜਿਸ ਨੂੰ ਹਸਪਤਾਲ ਲਿਜਾਂਦੇ ਸਮੇਂ ਉਸ ਨੇ ਦਮ ਤੋੜ ਦਿੱਤਾ ਸੀ, ਜਿਸ 'ਤੇ ਪੁਲਸ ਵੱਲੋਂ ਇਕਬਾਲ ਸਿੰਘ ਅਤੇ ਉਸ ਦੇ ਸਾਥੀ ਸੁਖਦੀਪ ਸਿੰਘ 'ਤੇ ਮਾਮਲਾ ਦਰਜ ਕੀਤਾ ਗਿਆ ਸੀ।


Related News