ਐਕਟਿਵਾ-ਮੋਟਰਸਾਈਕਲ ਚੋਰੀ ਕਰਨ ਵਾਲਾ ਗਿਰੋਹ ਬੇਨਕਾਬ

12/12/2017 5:51:25 AM

ਜਲੰਧਰ, (ਮਹੇਸ਼)- ਲੁਧਿਆਣਾ, ਜਲੰਧਰ ਤੇ ਹੋਰ ਥਾਵਾਂ ਤੋਂ ਐਕਟਿਵਾ- ਮੋਟਰਸਾਈਕਲ ਚੋਰੀ ਕਰਨ ਵਾਲੇ ਗਿਰੋਹ ਨੂੰ ਥਾਣਾ ਕੈਂਟ ਦੀ ਪੁਲਸ ਨੇ ਬੇ-ਨਕਾਬ ਕਰਦਿਆਂ ਗਿਰੋਹ ਦੇ ਸੋਨੂੰ ਤੇ ਕਾਕਾ ਨੂੰ ਗ੍ਰਿਫਤਾਰ  ਕਰਕੇ ਉਨ੍ਹਾਂ ਕੋਲੋਂ ਚੋਰੀ ਦੀਆਂ 3 ਐਕਟਿਵਾ ਤੇ 9 ਮੋਟਰਸਾਈਕਲ ਬਰਾਮਦ ਕੀਤੇ। ਉਕਤ ਜਾਣਕਾਰੀ ਏ. ਡੀ. ਸੀ. ਪੀ. ਸਿਟੀ-2 ਸੂਡਰਵਿਜੀ ਨੇ ਪੱਤਰਕਾਰ ਸੰਮੇਲਨ ਵਿਚ ਦਿੱਤੀ। 
ਇਸ ਮੌਕੇ ਏ. ਸੀ. ਪੀ. ਜਲੰਧਰ ਕੈਂਟ ਸੁਰਿੰਦਰਪਾਲ ਧੋਗੜੀ ਤੇ ਥਾਣਾ ਕੈਂਟ ਦੇ ਇੰਚਾਰਜ ਗਗਨਦੀਪ ਸਿੰਘ ਵੀ ਮੌਜੂਦ ਸਨ। ਪੁਲਸ ਅਧਿਕਾਰੀਆਂ ਅਨੁਸਾਰ ਦੋਵੇਂ ਮੁਲਜ਼ਮ ਸੁਰਿੰਦਰ ਸਿੰਘ ਉਰਫ ਸੋਨੂੰ ਪੁੱਤਰ ਅਮਰਜੀਤ ਸਿੰਘ ਵਾਸੀ ਨੇੜੇ ਚੂਨੀ ਦੀ ਚੱਕੀ (ਜਗਜੀਤ ਕਾਲੋਨੀ) ਦਕੋਹਾ ਤੇ ਹਰਵਿੰਦਰ ਕੁਮਾਰ ਉਰਫ ਕਾਕਾ ਪੁੱਤਰ ਸਰਵਣ ਦਾਸ ਉਰਫ ਮਾੜੂ ਚਾਨਣ ਚੌਕ ਦਕੋਹਾ ਥਾਣਾ ਰਾਮਾਮੰਡੀ (ਜਲੰਧਰ) ਖਿਲਾਫ ਥਾਣਾ ਕੈਂਟ ਵਿਚ ਆਈ. ਪੀ. ਸੀ. ਦੀ ਧਾਰਾ 379 ਤੇ 411 ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। 
ਜਾਅਲੀ ਨੰਬਰੀ ਮੋਟਰਸਾਈਕਲ 'ਤੇ ਘੁੰੰਮ ਰਹੇ ਸਨ ਦੋਵੇਂ ਕੈਂਟ ਵਿਚ
ਥਾਣਾ ਕੈਂਟ ਦੇ ਏ. ਐੱਸ. ਆਈ. ਜਗਦੀਸ਼ ਲਾਲ ਵੱਲੋਂ ਸਣੇ ਪੁਲਸ ਪਾਰਟੀ ਦੁਸਹਿਰਾ ਗਰਾਊਂਡ ਕੈਂਟ ਵਿਚ ਕੀਤੀ ਗਈ ਨਾਕਾਬੰਦੀ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਕਾਕਾ ਤੇ ਸੋਨੂੰ ਜਾਅਲੀ ਨੰਬਰੀ ਮੋਟਰਸਾਈਕਲ 'ਤੇ ਕੈਂਟ ਏਰੀਏ ਵਿਚ ਘੁੰਮ ਰਹੇ ਹਨ ਜਿਸ 'ਤੇ ਉਨ੍ਹਾਂ ਨੇ ਦੋਵਾਂ ਨੂੰ ਐੱਨ. ਡੀ. ਵਿਕਟਰ ਸਕੂਲ ਦੇ ਨੇੜੇ ਪੂਰਨ ਰੋਡ ਤੋਂ ਦਬੋਚ ਲਿਆ। ਉਨ੍ਹਾਂ ਨੂੰ ਰੋਕ ਕੇ ਜਾਂਚ ਕੀਤੀ ਤਾਂ ਉਨ੍ਹਾਂ ਦੇ ਮੋਟਰਸਾਈਕਲ 'ਤੇ ਲੱਗਾ ਨੰਬਰ  ਜਾਅਲੀ ਪਾਇਆ  ਗਿਆ। ਮੋਟਰਸਾਈਕਲ ਦਾ ਕੋਈ ਕਾਗਜ਼ ਪੱਤਰ ਵੀ ਉਨ੍ਹਾਂ ਕੋਲ ਨਹੀਂ ਸੀ। ਉਹ ਕੈਂਟ ਤੋਂ ਰਾਮਾਮੰਡੀ ਵੱਲ ਜਾ ਰਹੇ ਸਨ। 
ਸੋਨੂੰ ਕੋਲੋਂ ਬਰਾਮਦ ਹੋਇਆ ਨਸ਼ੀਲਾ ਪਾਊਡਰ
ਮੁਲਜ਼ਮ ਸੁਰਿੰਦਰ ਸਿੰਘ ਉਰਫ ਸੋਨੂੰ ਕੋਲੋਂ ਏ. ਐੱਸ. ਆਈ. ਕਿਸ਼ਨ ਚੰਦ ਨੇ ਤਫਤੀਸ਼ ਦੌਰਾਨ 35 ਗਰਾਮ ਨਸ਼ੀਲਾ ਪਾਊਡਰ ਵੀ ਬਰਾਮਦ ਕੀਤਾ। ਉਸ ਖਿਲਾਫ ਥਾਣਾ ਕੈਂਟ ਵਿਚ ਐੱਨ. ਡੀ. ਪੀ. ਐੱਸ. ਐਕਟ ਦਾ ਕੇਸ ਵੀ ਦਰਜ ਕੀਤਾ ਗਿਆ ਹੈ। ਸੋਨੂੰ ਤੇ ਉਸਦਾ ਸਾਥੀ ਕਾਕਾ ਨਸ਼ਾ ਕਰਨ ਦੇ ਵੀ ਆਦੀ ਹਨ। 
ਦੋਵਾਂ ਨੇ ਘਰਾਂ ਵਿਚ ਰੱਖੇ ਹੋਏ ਸਨ ਵਾਹਨ
ਏ. ਐੱਸ. ਆਈ. ਜਗਦੀਸ਼ ਲਾਲ ਨੇ ਦੱਸਿਆ ਕਿ ਦੋਵਾਂ ਨੇ ਚੋਰੀ ਦੇ ਵਾਹਨ ਆਪਣੇ ਘਰਾਂ ਵਿਚ ਰੱਖੇ ਹੋਏ ਸਨ। ਕਾਕਾ ਦੀ ਨਿਸ਼ਾਨਦੇਹੀ 'ਤੇ ਪੁਲਸ ਪਾਰਟੀ ਨੇ ਉਸਦੇ ਘਰੋਂ 2 ਐਕਟਿਵਾ ਬਰਾਮਦ ਕੀਤੀਆਂ, ਜਦੋਂ ਕਿ ਸੋਨੂੰ ਦੀ ਨਿਸ਼ਾਨਦੇਹੀ 'ਤੇ ਉਸਦੇ ਘਰੋਂ ਪੁਲਸ ਨੂੰ 8 ਮੋਟਰਸਾਈਕਲ ਤੇ 1 ਐਕਟਿਵਾ ਮਿਲੀ ਹੈ। ਸਾਰੇ ਵਾਹਨ ਪੁਲਸ ਨੇ ਕਬਜ਼ੇ ਵਿਚ ਲੈ ਲਏ ਹਨ। 
ਕਿਸੇ ਵੀ ਵਾਹਨ ਦੀ ਨਹੀਂ ਮਿਲੀ ਆਰ. ਸੀ. 
ਚੋਰੀ ਦੇ ਬਰਾਮਦ ਹੋਏ 12 ਵਾਹਨਾਂ ਵਿਚੋਂ ਥਾਣਾ ਕੈਂਟ ਦੀ ਪੁਲਸ ਨੂੰ ਕਿਸੇ ਦੀ ਵੀ ਆਰ. ਸੀ. ਨਹੀਂ ਬਰਾਮਦ ਹੋਈ। ਉਹ ਬਾਈਕ ਚੋਰੀ ਕਰਨ ਤੋਂ ਬਾਅਦ ਉਸਦੀ ਆਰ. ਸੀ. ਸੁੱਟ ਦਿੰਦੇ ਸਨ ਤੇ ਉਨ੍ਹਾਂ ਦੀਆਂ ਨੰਬਰ ਪਲੇਟਾਂ ਤੇ ਚੈਸੀ  ਬਦਲ ਕੇ ਉਨ੍ਹਾਂ ਨੂੰ ਅੱਗਿਓਂ ਸਸਤੇ ਭਾਅ ਵੇਚ ਦਿੰਦੇ ਸਨ। ਜ਼ਿਆਦਾਤਰ ਬਾਈਕਾਂ ਦੇ ਨੰਬਰ ਉਨ੍ਹਾਂ ਨੇ ਉਤਾਰੇ ਹੋਏ ਸਨ। 


Related News