ਲੜਕੀ ਨੂੰ ਭਜਾ ਕੇ ਲਿਜਾਣ ਦੇ ਮਾਮਲੇ ''ਚ ਪੇਸ਼ੀ ਲਈ ਲਿਆਂਦਾ ਮੁਲਜ਼ਮ ਹੋਇਆ ਫਰਾਰ

08/18/2017 1:33:21 PM

ਅੰਮ੍ਰਿਤਸਰ (ਮਹਿੰਦਰ)- ਜ਼ਿਲਾ ਕਚਹਿਰੀ 'ਚ ਵੀਰਵਾਰ ਨੂੰ ਉਸ ਸਮੇਂ ਹੜਕੰਪ ਮਚ ਗਿਆ ਜਦ ਹਰ ਪਾਸਿਓਂ ਆਵਾਜ਼ਾਂ ਸੁਣਾਈ ਦੇਣ ਲੱਗੀਆਂ ਕਿ ਫੜੋ-ਫੜੋ ਦੋਸ਼ੀ ਭੱਜ ਗਿਆ। ਭੱਜਣ ਵਾਲਾ ਦੋਸ਼ੀ ਨਿਆਇਕ ਇਮਾਰਤ ਦੇ ਕਿਸੇ ਪ੍ਰਵੇਸ਼ ਦੁਆਰ ਤੋਂ ਨਹੀਂ ਬਲਕਿ ਪਹਿਲੀ ਮੰਜ਼ਿਲ ਤੋਂ ਲੋਹੇ ਦੀਆਂ ਚਾਦਰਾਂ 'ਤੇ ਛਾਲ ਮਾਰ ਕੇ ਅਤੇ ਬਾਅਦ ਵਿਚ ਦੀਵਾਰ ਲੰਘ ਕੇ ਫਰਾਰ ਹੋਇਆ। ਥਾਣਾ ਸਿਵਲ ਲਾਈਨ ਅਧੀਨ ਕਚਹਿਰੀ ਕੰਪਲੈਕਸ ਦੀ ਚੌਕੀ ਦੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਪਿੰਡ ਸ਼ਾਮ ਨਗਰ ਨਿਵਾਸੀ ਹਰਮਨਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਵਿਰੁੱਧ ਥਾਣਾ ਮਜੀਠਾ ਦੀ ਪੁਲਸ ਨੇ 8 ਅਗਸਤ 2017 ਨੂੰ ਮੁਕੱਦਮਾ ਦਰਜ ਕੀਤਾ ਸੀ। ਇਸ ਵਿਚ ਉਸ 'ਤੇ ਕਿਸੇ ਲੜਕੀ ਨੂੰ ਆਪਣੇ ਨਾਲ ਭਜਾ ਕੇ ਲਿਜਾਣ ਦਾ ਦੋਸ਼ ਲੱਗਾ ਸੀ। ਇਸ ਮਾਮਲੇ ਵਿਚ ਉਸ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਥਾਣਾ ਮਜੀਠਾ ਵਿਚ ਤਾਇਨਾਤ ਐੱਸ. ਆਈ. ਜਸਪਾਲ ਸਿੰਘ ਪੁਲਸ ਪਾਰਟੀ ਨਾਲ ਸਥਾਨਕ ਜੇ. ਐੱਸ. ਆਈ. ਸੀ. ਗਗਨਦੀਪ ਸਿੰਘ ਗਰਗ ਦੀ ਅਦਾਲਤ ਵਿਚ ਪੇਸ਼ ਕਰਨ ਲਈ ਲਿਆਏ ਸਨ। ਅਦਾਲਤ ਨੇ ਉਸ ਨੂੰ 31 ਅਗਸਤ ਤੱਕ ਲਈ ਨਿਆਇਕ ਹਿਰਾਸਤ ਵਿਚ ਭੇਜਣ ਦੇ ਹੁਕਮ ਜਾਰੀ ਕੀਤੇ ਸਨ।
ਜਿਉਂ ਹੀ ਪੁਲਸ ਪਾਰਟੀ ਦੋਸ਼ੀ ਨੂੰ ਅਦਾਲਤ ਤੋਂ ਬਾਹਰ ਲੈ ਕੇ ਆਈ ਅਤੇ ਹੋਰ ਦੋਸ਼ੀਆਂ ਨਾਲ ਉਸ ਨੂੰ ਵੀ ਹੱਥਕੜੀ ਲਾਉਣ ਦੀ ਤਿਆਰੀ ਵਿਚ ਸੀ ਤਾਂ ਦੋਸ਼ੀ ਹਰਮਨਦੀਪ ਮੌਕਾ ਪਾਉਂਦੇ ਹੀ ਅਦਾਲਤ ਤੋਂ ਥੋੜ੍ਹਾ ਹਟ ਕੇ ਨਿਆਇਕ ਇਮਾਰਤ ਦੀ ਪਹਿਲੀ ਮੰਜ਼ਿਲ ਵਾਲੀ ਬਾਲਕੋਨੀ ਵੱਲ ਭੱਜਿਆ, ਜਿਥੋਂ ਉਸ ਨੇ ਹੇਠਾਂ ਬਣੇ ਸੁਵਿਧਾ ਕੇਂਦਰ ਦੇ ਉਪਰ ਲਾਈਆਂ ਲੋਹੇ ਦੀਆਂ ਚਾਦਰਾਂ 'ਤੇ ਛਾਲ ਮਾਰ ਦਿੱਤੀ ਅਤੇ ਉਥੋਂ ਹੇਠਾਂ ਉਤਰ ਕੇ ਦੀਵਾਰ ਲੰਘ ਕੇ ਨਿਰਮਾਣ ਅਧੀਨ ਮਿੰਨੀ ਸਕੱਤਰੇਤ ਦੇ ਰਸਤੇ ਤੋਂ ਫਰਾਰ ਹੋ ਗਿਆ। ਹੈਰਾਨੀ ਦੀ ਗੱਲ ਇਹ ਵੀ ਸੀ ਕਿ ਭੱਜਦੇ ਸਮੇਂ ਉਸ ਨੂੰ ਕਿਸੇ ਨੇ ਵੀ ਫੜਨ ਦਾ ਯਤਨ ਨਹੀਂ ਕੀਤਾ, ਜਦ ਕਿ ਪੁਲਸ ਉਸ ਤੱਕ ਪਹੁੰਚ ਹੀ ਨਹੀਂ ਸਕੀ।
ਪੀੜਤਾ ਦੇ ਵੀ ਦਰਜ ਕਰਵਾਏ ਗਏ ਬਿਆਨ : ਇਸ ਮਾਮਲੇ ਵਿਚ ਪੀੜਤਾ ਨੂੰ ਵੀ ਸੀ. ਆਰ. ਪੀ. ਸੀ. ਦੀ ਧਾਰਾ 164 ਤਹਿਤ ਅਦਾਲਤ ਵਿਚ ਬਿਆਨ ਦਰਜ ਕਰਵਾਉਣ ਲਈ ਲਿਆਂਦਾ ਗਿਆ ਸੀ। ਉਸ ਨੂੰ ਕਿਸੇ ਹੋਰ ਅਦਾਲਤ ਵਿਚ ਬਿਆਨ ਦਰਜ ਕਰਵਾਉਣ ਦੀ ਐੱਸ. ਆਈ. ਤਿਆਰੀ ਕਰ ਰਹੇ ਸਨ। ਇਸ ਤੋਂ ਪਹਿਲਾਂ ਕਿ ਪੀੜਤਾ ਦੇ ਬਿਆਨ ਅਦਾਲਤ ਵਿਚ ਦਰਜ ਕਰਵਾਏ ਜਾਂਦੇ, ਦੋਸ਼ੀ ਜਾਣ ਚੁੱਕਾ ਸੀ ਕਿ ਉਸ ਨੂੰ ਜੇਲ ਭੇਜਿਆ ਜਾ ਰਿਹਾ ਹੈ।
ਦੋਸ਼ੀ ਦੇ ਫਰਾਰ ਹੋਣ ਤੋਂ ਬਾਅਦ ਡੀ. ਐੱਸ. ਪੀ. ਦਿਹਾਤੀ ਹਰਦੇਵ ਸਿੰਘ ਮੌਕੇ 'ਤੇ ਪਹੁੰਚੇ ਅਤੇ ਘਟਨਾ ਸਥਾਨ ਦਾ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਦੋਸ਼ੀ ਨੂੰ ਅੱਜ ਹੀ ਗ੍ਰਿਫਤਾਰ ਕੀਤਾ ਗਿਆ ਸੀ। ਜਦ ਉਨ੍ਹਾਂ ਨੂੰ ਇਹ ਕਿਹਾ ਗਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਦੋਸ਼ੀ ਨੇ ਪੁਲਸ ਦੇ ਸਾਹਮਣੇ ਖੁਦ ਸਰੰਡਰ ਕੀਤਾ ਸੀ ਤਾਂ ਫਿਰ ਉਹ ਭੱਜਿਆ ਕਿਉਂ? ਸਮਝ ਤੋਂ ਕੁਝ ਪਰ੍ਹੇ ਹੈ ਤਾਂ ਡੀ. ਐੱਸ. ਪੀ. ਹਰਦੇਵ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਰਿਕਾਰਡ ਵਿਚ ਸਰੰਡਰ ਨਹੀਂ, ਬਲਕਿ ਉਸ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਗੱਲ ਦਰਜ ਹੈ।
ਗ੍ਰਿਫਤਾਰੀ ਹੋਈ ਸੀ ਜਾਂ ਫਿਰ ਸਰੰਡਰ? : ਜਾਣਕਾਰੀ ਅਨੁਸਾਰ ਫਰਾਰ ਹੋਏ ਦੋਸ਼ੀ ਨੂੰ ਪੁਲਸ ਨੇ ਦਰਅਸਲ ਗ੍ਰਿਫਤਾਰ ਨਹੀਂ ਕੀਤਾ ਸੀ ਬਲਕਿ ਕੁਝ ਲੋਕਾਂ ਨੇ ਉਸ ਨੂੰ ਸਰੰਡਰ ਕਰਨ ਲਈ ਮਨਾਇਆ ਸੀ। ਸਰੰਡਰ ਕਰਨ ਲਈ ਮਨਾਉਂਦੇ ਸਮੇਂ ਉਸ ਨੂੰ ਇਹ ਕਿਹਾ ਗਿਆ ਸੀ ਕਿ ਪੀੜਤ ਦੱਸੀ ਜਾਣ ਵਾਲੀ ਲੜਕੀ ਵੱਲੋਂ ਅਦਾਲਤ ਵਿਚ ਬਿਆਨ ਦਰਜ ਕਰਵਾਉਣ ਤੋਂ ਬਾਅਦ ਉਸ ਨੂੰ ਵੀ ਛੱਡ ਦਿੱਤਾ ਜਾਵੇਗਾ ਪਰ ਜਿਉਂ ਹੀ ਅਦਾਲਤ ਨੇ ਉਸ ਨੂੰ 31 ਅਗਸਤ ਤੱਕ ਲਈ ਨਿਆਇਕ ਹਿਰਾਸਤ ਵਿਚ ਰੱਖੇ ਜਾਣ ਲਈ ਸਥਾਨਕ ਕੇਂਦਰੀ ਜੇਲ 'ਚ ਭੇਜਣ ਦੇ ਹੁਕਮ ਜਾਰੀ ਕੀਤੇ ਤਾਂ ਉਹ ਹੱਕਾ-ਬੱਕਾ ਰਹਿ ਗਿਆ ਅਤੇ ਮੌਕਾ ਪਾਉਂਦੇ ਹੀ ਉਥੋਂ ਭੱਜ ਜਾਣ ਵਿਚ ਸਫਲ ਹੋ ਗਿਆ।


Related News