ਮੱਕੜ ''ਤੇ ਕਰੋੜਾਂ ਰੁਪਏ ਗੁਰੂ ਕੀ ਗੋਲਕ ''ਚੋਂ ਖੁਰਦ-ਬੁਰਦ ਕਰਨ ਦੇ ਦੋਸ਼

08/18/2017 11:57:14 PM

ਅੰਮ੍ਰਿਤਸਰ - ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਲਦੇਵ ਸਿੰਘ ਸਿਰਸਾ ਨੇ ਦੋਸ਼ ਲਾਇਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਹਿਣ 'ਤੇ 11 ਸਾਲ ਬਾਦਲ ਪਰਿਵਾਰ ਤੇ ਇਸ ਦੇ ਚਹੇਤਿਆਂ ਨੂੰ 2-2 ਹੱਥੀਂ ਗੁਰੂ ਕੀ ਗੋਲਕ ਲੁਟਾਈ ਹੈ। ਇਸ ਦੇ ਨਾਲ-ਨਾਲ ਪ੍ਰਧਾਨ ਬਣਨ ਤੋਂ ਬਾਅਦ ਖੁਦ ਨੇ ਵੀ ਗੁਰੂ ਕੀ ਗੋਲਕ ਦੀ ਲੁੱਟ ਕਰ ਕੇ ਆਪਣੀ ਵੀ ਸੈਂਕੜੇ ਕਰੋੜਾਂ ਰੁਪਏ ਦੀ ਜਾਇਦਾਦ ਬਣਾਈ ਹੈ।
ਪ੍ਰੈੱਸ ਕਾਨਫਰੰਸ ਦੌਰਾਨ ਦਸਤਾਵੇਜ਼ ਜਾਰੀ ਕਰਦਿਆਂ ਸਿਰਸਾ ਨੇ ਕਿਹਾ ਕਿ ਸਹਿਜਧਾਰੀ ਸਿੱਖਾਂ ਵੱਲੋਂ ਹਾਈ ਕੋਰਟ 'ਚ ਸ਼੍ਰੋ. ਗੁ. ਪ੍ਰ. ਕ. ਦੀਆਂ ਚੋਣਾਂ 'ਚ ਵੋਟ ਦਾ ਅਧਿਕਾਰ ਲੈਣ ਵਾਸਤੇ ਕੇਸ ਚੱਲ ਰਿਹਾ ਸੀ, ਜਿਸ ਦਾ ਹਾਈ ਕੋਰਟ ਵੱਲੋਂ 20 ਦਸੰਬਰ 2011 ਨੂੰ ਫੈਸਲਾ ਸਹਿਜਧਾਰੀਆਂ ਦੇ ਹੱਕ ਵਿਚ ਕਰ ਦਿੱਤਾ ਗਿਆ, ਜਿਸ ਨਾਲ ਸਤੰਬਰ 2011 'ਚ ਸ਼੍ਰੋਮਣੀ ਕਮੇਟੀ ਦੀਆਂ ਹੋਈਆਂ ਜਨਰਲ ਚੋਣਾਂ ਵਿਚ ਨਵੇਂ ਬਣੇ ਹਾਊਸ 'ਤੇ ਵੀ ਇਕ ਕਿਸਮ ਦੀ ਰੋਕ ਲੱਗ ਗਈ। ਇਸ ਫੈਸਲੇ ਵਿਰੁੱਧ ਸ਼੍ਰੋਮਣੀ ਕਮੇਟੀ ਨੇ ਸੁਪਰੀਮ ਕੋਰਟ 'ਚ ਅਪੀਲ ਕਰ ਕੇ ਸਟੇਅ ਦੀ ਮੰਗ ਕੀਤੀ ਪਰ ਸ਼੍ਰੋਮਣੀ ਕਮੇਟੀ ਨੂੰ ਸਟੇਅ ਨਾ ਮਿਲਿਆ, ਸਿਰਫ ਹਰ ਰੋਜ਼ ਦੇ ਕੰਮਕਾਰ ਕਰਨ (ਰੁਟੀਨ ਦੇ ਕੰਮਾਂ) ਵਾਸਤੇ ਪੁਰਾਣੀ ਅੰਤ੍ਰਿੰਗ ਕਮੇਟੀ ਨੂੰ ਐਕਟ 1925 ਮੁਤਾਬਿਕ ਅਧਿਕਾਰ ਮਿਲ ਗਏ।
15 ਸਤੰਬਰ 2016 ਨੂੰ ਸੁਪਰੀਮ ਕੋਰਟ ਦੀ ਅਦਾਲਤ ਨੇ ਹਾਈ ਕੋਰਟ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਅਤੇ ਇਸ ਦੇ ਨਾਲ ਹੀ ਪੁਰਾਣੀ ਅੰਤ੍ਰਿੰਗ ਕਮੇਟੀ ਨੂੰ ਮਿਲੇ ਅਧਿਕਾਰ ਵੀ ਖਤਮ ਹੋ ਗਏ, ਇਸ ਲਈ ਇਸ ਫੈਸਲੇ ਤੋਂ ਬਾਅਦ ਨਾ ਅਵਤਾਰ ਸਿੰਘ ਮੱਕੜ ਪ੍ਰਧਾਨ ਰਿਹਾ ਤੇ ਨਾ ਹੀ ਪੁਰਾਣੀ ਅੰਤ੍ਰਿੰਗ ਕਮੇਟੀ ਦੇ ਕਿਸੇ ਅਹੁਦੇਦਾਰ ਤੇ ਮੈਂਬਰ ਨੂੰ ਸ਼੍ਰੋਮਣੀ ਕਮੇਟੀ ਦੀ ਮੀਟਿੰਗ ਕਰਨ ਦਾ ਅਧਿਕਾਰ ਰਿਹਾ ਕਿਉਂਕਿ ਇਸ ਤੋਂ ਪਹਿਲਾਂ ਨਵੇਂ ਹਾਊਸ ਦੀ ਚੋਣ ਹੋ ਚੁੱਕੀ ਸੀ ਅਤੇ ਇਨ੍ਹਾਂ ਨੂੰ ਇਨਟਰਮ ਆਰਡਰਾਂ ਰਾਹੀਂ ਜੋ ਅਧਿਕਾਰ ਮਿਲੇ ਸਨ ਉਹ ਕੇਸ ਦਾ ਫੈਸਲਾ ਹੋਣ ਨਾਲ ਹੀ ਖਤਮ ਹੋ ਗਏ ਸਨ।
ਪਰ ਅਵਤਾਰ ਸਿੰਘ ਮੱਕੜ, ਰਘੁਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ, ਕੇਵਲ ਸਿੰਘ ਜੂਨੀਅਰ ਮੀਤ ਪ੍ਰਧਾਨ, ਸੁਖਦੇਵ ਸਿੰਘ ਭੌਰ ਜਨਰਲ ਸਕੱਤਰ, ਰਾਮਪਾਲ ਸਿੰਘ, ਮੋਹਨ ਸਿੰਘ ਬੰਗੀ, ਦਿਆਲ ਸਿੰਘ ਕੋਲਿਆਂਵਾਲੀ, ਭਜਨ ਸਿੰਘ ਸ਼ੇਰਗਿੱਲ, ਸੁਰਜੀਤ ਸਿੰਘ ਗੜ੍ਹੀ, ਨਿਰਮੈਲ ਸਿੰਘ ਜੌਹਲਾਂ ਕਲਾਂ, ਮੰਗਲ ਸਿੰਘ ਸਾਰੇ ਨੰ. 5 ਤੋਂ 11 ਤੱਕ ਸਾਬਕਾ ਅੰਤ੍ਰਿੰਗ ਕਮੇਟੀ ਮੈਂਬਰ ਅਤੇ ਰਜਿੰਦਰ ਸਿੰਘ ਮਹਿਤਾ ਸਾਬਕਾ ਤੇ ਮੌਜੂਦਾ ਅੰਤ੍ਰਿੰਗ ਕਮੇਟੀ ਮੈਂਬਰ ਸਾਰਿਆਂ ਨੇ ਗੁਰਦੁਆਰਾ ਐਕਟ 1925 ਅਤੇ ਸਿੱਖੀ ਸਿਧਾਂਤਾਂ ਦਾ ਘਾਣ ਕਰਦਿਆਂ ਗੁਰੂ ਕੀ ਗੋਲਕ ਦੀ ਅਰਬਾਂ ਰੁਪਇਆਂ ਦੀ ਲੁੱਟ ਕਰਨ ਦੀ ਨੀਅਤ ਨਾਲ ਗੈਰ-ਕਾਨੂੰਨੀ ਤੌਰ 'ਤੇ 29 ਸਤੰਬਰ 2016 ਨੂੰ ਕਾਗਜ਼ੀ-ਪੱਤਰੀ ਰਸਮੀ ਤੌਰ 'ਤੇ ਮੀਟਿੰਗ ਕਰ ਕੇ 228 ਮਦਾਂ (ਭਾਵ 228 ਫੈਸਲੇ) ਜੋ ਕਿ 52 ਪੰਨਿਆਂ 'ਤੇ ਲਿਖੀਆਂ ਹੋਈਆਂ ਹਨ, ਚਾਹ ਦਾ ਕੱਪ ਪੀਂਦਿਆਂ 2 ਅੱਖ ਦੇ ਫਟਕਾਰੇ 'ਚ ਪਾਸ ਕਰ ਕੇ ਲਗਭਗ 20 ਕਰੋੜ ਰੁਪਏ ਦੇ ਬਿੱਲ ਆਦਿ ਰਾਹੀਂ ਗੁਰੂ ਕੀ ਗੋਲਕ ਲੁੱਟੀ ਤੇ ਲੁਟਾਈ ਗਈ।
ਕੁਝ ਗੁਰੂ ਘਰਾਂ ਦੀਆਂ ਜ਼ਮੀਨਾਂ ਦੇ ਤਬਾਦਲੇ ਅਤੇ ਵੇਚਣ ਵਾਸਤੇ ਕਮੇਟੀਆਂ ਬਣਾਈਆਂ ਗਈਆਂ, ਜਿਵੇਂ ਕਿ ਮਦ ਨੰਬਰ 4647 ਰਾਹੀਂ ਗੁ. ਡੇਰਾ ਬਾਬਾ ਕਰਤਾਰ ਬਖਸ਼ ਬੇਦੀ ਸੁਜਾਨਪੁਰ (ਪਠਾਨਕੋਟ) ਸ਼ਹਿਰ 'ਚ 11 ਏਕੜ ਜ਼ਮੀਨ ਜਿਸ ਦੀ ਕੀਮਤ ਲਗਭਗ 175 ਕਰੋੜ ਬਣਦੀ ਹੈ, ਨੂੰ ਵੇਚਣ ਲਈ ਹਲਕਾ ਮੈਂਬਰ, ਮੁੱਖ ਸਕੱਤਰ, ਸਕੱਤਰ (ਖਰੀਦਾਂ) ਅਤੇ ਪਟਵਾਰੀ ਨੂੰ ਖੁੱਲ੍ਹੀ ਬੋਲੀ ਰਾਹੀਂ ਵੇਚਣ ਦੇ ਅਧਿਕਾਰ ਅਤੇ ਉਸ ਤੋਂ ਬਾਅਦ ਇਸ ਰਕਮ ਨਾਲ ਖੇਤੀਬਾੜੀ ਵਾਲੀ ਜ਼ਮੀਨ ਖਰੀਦਣ ਦੇ ਅਧਿਕਾਰ ਵੀ ਦਿੱਤੇ ਗਏ, ਇਸ ਤਰ੍ਹਾਂ ਇਹ ਡਬਲ ਸਕੈਂਡਲ ਭਾਵ 350 ਕਰੋੜ ਦਾ ਸਕੈਂਡਲ ਬਣਦਾ ਹੈ। 20-22 ਪੱਕੇ ਮੁਲਾਜ਼ਮ ਵੀ ਰੱਖੇ ਹਨ, ਆਪਣੇ ਚਹੇਤੇ ਮੁਲਾਜ਼ਮਾਂ ਨੂੰ ਤਰੱਕੀਆਂ ਦਿੱਤੀਆਂ ਗਈਆਂ ਹਨ, ਮੈਨੇਜਰਾਂ ਖਿਲਾਫ ਗੋਲਕ ਚੋਰੀ ਆਦਿ ਦੇ ਚੱਲ ਰਹੇ ਕੇਸਾਂ ਨੂੰ ਬੰਦ ਕੀਤਾ ਗਿਆ ਹੈ।
ਸਿਰਸਾ ਮੈਨੂੰ ਬਲੈਕਮੇਲ ਕਰਨਾ ਬੰਦ ਕਰੇ, ਪਾਗਲਖਾਨੇ ਜਾ ਕੇ ਆਪਣਾ ਚੈੱਕਅਪ ਕਰਵਾਏ : ਮੱਕੜ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਬਲਦੇਵ ਸਿੰਘ ਸਿਰਸਾ ਵੱਲੋਂ ਲਾਏ ਗਏ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਉਹ ਕਿਸੇ ਦਾ ਪੜ੍ਹਿਆ-ਪੜ੍ਹਾਇਆ ਬੋਲ ਰਿਹਾ ਹੈ। ਉਸ ਨੂੰ ਸਮਾਂ ਆਉਣ 'ਤੇ ਅਤੇ ਉਸ ਦੇ ਮਗਰ ਜੋ ਸ਼ਕਤੀਆਂ ਕੰਮ ਕਰ ਰਹੀਆਂ ਹਨ, ਨੂੰ ਜਲਦ ਹੀ ਉਹ ਸਾਹਮਣੇ ਲਿਆਉਣਗੇ। ਜਿਥੋਂ ਤੱਕ ਸਿਰਸਾ ਦਾ ਮਾਮਲਾ ਹੈ ਉਸ ਨੂੰ ਉਹ ਸੁਝਾਅ ਦਿੰਦੇ ਹਨ ਕਿ ਉਹ ਪਾਗਲਖਾਨੇ ਜਾ ਕੇ ਆਪਣਾ ਚੈੱਕਅਪ ਕਰਵਾਏ। ਉਸ ਨੂੰ ਜੋ ਕੋਈ ਕਹਿੰਦਾ ਹੈ ਉਸ ਨੂੰ ਬਿਨਾਂ ਕਿਸੇ ਸਬੂਤਾਂ ਦੇ ਉਛਾਲਣਾ ਸ਼ੁਰੂ ਕਰ ਦਿੰਦਾ ਹੈ। ਉਹ ਇਸ ਰਾਹੀਂ ਉਨ੍ਹਾਂ ਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਇਸ ਨੂੰ ਪਿਛਲੇ ਲੰਬੇ ਸਮੇਂ ਤੋਂ ਉਸ ਨੇ ਧੰਦਾ ਬਣਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜਿਸ ਸਮੇਂ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ ਸਨ, ਉਸ ਸਮੇਂ ਢਾਈ ਸੌ ਕਰੋੜ ਰੁਪਏ ਦਾ ਬਜਟ ਸੀ, ਜਿਸ ਸਮੇਂ ਉਨ੍ਹਾਂ ਨੇ ਪ੍ਰਧਾਨਗੀ ਛੱਡੀ ਉਸ ਸਮੇਂ ਕਮੇਟੀ ਦਾ ਬਜਟ 1100 ਕਰੋੜ ਰੁਪਏ ਹੋ ਗਿਆ। ਇਸ ਦੇ ਨਾਲ-ਨਾਲ ਸ਼੍ਰੋਮਣੀ ਕਮੇਟੀ ਨੇ ਸਿੱਖਿਆ, ਧਰਮ, ਸੇਵਾ ਅਤੇ ਇਤਿਹਾਸਕ ਗੁਰਦੁਆਰਿਆਂ ਦੇ ਵਿਕਾਸ ਲਈ ਰਿਕਾਰਡਤੋੜ ਕੰਮ ਕੀਤੇ। ਸ਼੍ਰੋਮਣੀ ਕਮੇਟੀ ਦੇ ਆਮਦਨ ਦੇ ਸਾਧਨ ਵਧਾਏ ਗਏ। ਹਜ਼ਾਰਾਂ ਏਕੜ ਜ਼ਮੀਨਾਂ ਕਬਜ਼ੇ 'ਚੋਂ ਛੁਡਾਈਆਂ ਗਈਆਂ। ਜਿਨ੍ਹਾਂ ਜ਼ਮੀਨਾਂ ਦੇ ਠੇਕੇ 500 ਰੁਪਏ ਸਨ, ਨੂੰ ਹਜ਼ਾਰਾਂ ਰੁਪਏ ਵਿਚ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਹ ਸਿਰਸੇ ਦੇ ਝੂਠੇ ਕੇਸਾਂ ਅਤੇ ਗੁੰਮਰਾਹਕੁੰਨ ਬਿਆਨਾਂ ਤੋਂ ਘਬਰਾਉਣ ਵਾਲੇ ਨਹੀਂ ਹਨ।  ਉਨ੍ਹਾਂ ਕਿਹਾ ਕਿ ਜਿੰਨਾ ਚਿਰ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ ਹਨ ਉਨ੍ਹਾਂ ਵੱਲੋਂ ਨਿਯਮਾਂ ਅਤੇ ਸਿਧਾਂਤਾਂ ਅਨੁਸਾਰ ਹੀ ਕੰਮ ਕੀਤਾ ਗਿਆ ਹੈ। ਸਿਰਸਾ ਲਾਏ ਜਾ ਰਹੇ ਦੋਸ਼ਾਂ ਤੋਂ ਮੁਆਫੀ ਮੰਗੇ, ਨਹੀਂ ਤਾਂ ਉਸ ਨੂੰ ਉਹ ਅਦਾਲਤ ਵਿਚ ਘੜੀਸਣਗੇ।


Related News