ਸਾਬਕਾ ਉਪ ਮੁੱਖ ਮੰਤਰੀ ਦੀ ਸ਼ਤਰੰਜੀ ਚਾਲ ''ਚ ਉਲਝੇ ''ਆਪ'' ਵਿਧਾਇਕ

06/26/2017 2:42:56 PM

ਚੰਡੀਗੜ੍ਹ (ਪਰਾਸ਼ਰ) - ਪੰਜਾਬ ਵਿਧਾਨ ਸਭਾ ਦੇ ਪਹਿਲੇ ਬਜਟ ਸੈਸ਼ਨ 'ਚ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਨਿਭਾਈ ਗਈ ਭੂਮਿਕਾ ਨੂੰ ਲੈ ਕੇ ਅਕਾਲੀ-ਭਾਜਪਾ ਗਠਜੋੜ ਵਿਧਾਇਕ ਫੁੱਲੇ ਨਹੀਂ ਸਮਾ ਰਹੇ।
ਉਨ੍ਹਾਂ ਦਾ ਕਹਿਣਾ ਹੈ ਕਿ ਸੈਸ਼ਨ ਦੌਰਾਨ ਸੁਖਬੀਰ ਨੇ ਕੁਝ ਅਜਿਹੀ ਸ਼ਤਰੰਜੀ ਬਿਸਾਤ ਵਿਛਾਈ ਕਿ ਜਿਥੇ ਇਕ ਪਾਸੇ ਆਮ ਆਦਮੀ ਪਾਰਟੀ ਦੇ ਨੌਸਿੱਖੀਏ ਵਿਧਾਇਕ ਉਨ੍ਹਾਂ ਦੇ ਜਾਲ 'ਚ ਫਸ ਗਏ, ਉਥੇ ਹੀ ਦੂਜੇ ਪਾਸੇ ਅਮਰਿੰਦਰ ਸਰਕਾਰ ਵੱਲ ਕਾਂਗਰਸ ਅਤੇ ਸਪੀਕਰ ਰਾਣਾ ਕੇ. ਪੀ. ਸਿੰਘ ਦੇ ਵਿਰੋਧੀ ਧਿਰ ਪ੍ਰਤੀ ਰਵੱਈਏ ਨੂੰ ਲੈ ਕੇ ਬੈਕਫੁਟ 'ਤੇ ਆ ਗਈ। ਇਸ ਸ਼ੋਰਗੁਲ ਵਿਚਕਾਰ ਅਕਾਲੀ ਦਲ ਖਾਸ ਕਰਕੇ ਸੁਖਬੀਰ, ਬਿਕਰਮ ਮਜੀਠੀਆ ਅਤੇ ਬਾਦਲ ਪਰਿਵਾਰ ਸ਼ਰਾਬ, ਮਾਫੀਆ, ਰੇਤ ਮਾਫੀਆ, ਕੇਬਲ ਮਾਫੀਆ ਆਦਿ ਵਰਗੇ ਮੁੱਦਿਆਂ 'ਤੇ ਕਾਂਗਰਸ ਅਤੇ 'ਆਪ' ਵਲੋਂ ਕੀਤੇ ਜਾਣ ਵਾਲੇ ਸਿਆਸੀ ਹਮਲਿਆਂ ਤੋਂ ਸਾਫ ਬਚ ਨਿਕਲੇ।
ਸੁਖਬੀਰ ਦੀ ਚਲਾਕੀ : 'ਆਪ' ਵਿਧਾਇਕਾਂ ਦੇ ਮੋਢੇ 'ਤੇ ਰੱਖ ਕੇ ਚਲਾਈ ਬੰਦੂਕ
ਸਪੀਕਰ ਵਲੋਂ 'ਆਪ' ਵਿਧਾਇਕਾਂ ਨੂੰ ਸਦਨ ਦੀ ਬੈਠਕ ਤੋਂ ਮੁਅੱਤਲ ਕਰਨ ਮਗਰੋਂ ਸੁਖਬੀਰ ਖੁਦ ਹਾਊਸ ਤੋਂ ਬਾਹਰ ਜਾ ਕੇ ਉਨ੍ਹਾਂ ਨੂੰ ਬੜੀ ਚਲਾਕੀ ਨਾਲ ਇਹ ਕਹਿ ਕੇ ਵਾਪਸ ਬੁਲਾ ਲਿਆਏ ਕਿ ਸਪੀਕਰ ਵਲੋਂ ਉਨ੍ਹਾਂ ਨੂੰ ਸਸਪੈਂਡ ਕੀਤੇ ਜਾਣ ਦਾ ਕੋਈ ਲਿਖਤੀ ਨਿਰਦੇਸ਼ ਨਹੀਂ ਦਿੱਤਾ ਗਿਆ। 'ਆਪ' ਵਿਧਾਇਕਾਂ ਦੇ ਮੁੜ ਸਦਨ 'ਚ ਆਉਂਦੇ ਸਾਰ ਹੀ ਸਪੀਕਰ ਨੇ ਮਾਰਸ਼ਲਾਂ ਜ਼ਰੀਏ ਉਨ੍ਹਾਂ ਨੂੰ ਸਦਨ ਤੋਂ ਬਾਹਰ ਕਢਵਾ ਦਿੱਤਾ। ਇਸ ਦੌਰਾਨ ਹੋਈ ਧੱਕਾ-ਮੁੱਕੀ 'ਚ ਇਕ ਵਿਧਾਇਕ ਦੀ ਪਗੜੀ ਉਤਰ ਗਈ ਅਤੇ 'ਆਪ' ਦੀਆਂ ਕੁਝ ਮਹਿਲਾ ਵਿਧਾਇਕਾਂ ਦੀਆਂ ਚੁੰਨੀਆਂ ਲੱਥ ਗਈਆਂ।
ਇਸੇ ਗੱਲ ਨੂੰ ਲੈ ਕੇ ਸੁਖਬੀਰ ਨੇ ਇਸ ਨੂੰ ਸਿੱਖ ਪਹਿਚਾਣ ਅਤੇ ਸੱਭਿਆਚਾਰ 'ਤੇ ਹਮਲਾ ਦੱਸ ਕੇ ਇਕ ਨਵਾਂ ਮੁੱਦਾ ਖੜ੍ਹਾ ਕਰ ਦਿੱਤਾ, ਜਿਸ ਜ਼ਰੀਏ 'ਆਪ' ਵਿਧਾਇਕ ਉਨ੍ਹਾਂ ਨਾਲ ਜੁੜ ਗਏ ਅਤੇ ਅਮਰਿੰਦਰ ਸਰਕਾਰ ਇਕ ਹੋਰ ਮੁੱਦੇ 'ਤੇ ਬੈਕਫੁਟ 'ਤੇ ਆ ਗਈ। ਇਹੋ ਨਹੀਂ, ਧੱਕਾ-ਮੁੱਕੀ 'ਚ ਜ਼ਖਮੀ ਹੋਏ 'ਆਪ' ਵਿਧਾਇਕ ਪਿਰਮਲ ਸਿੰਘ ਦਾ ਹਾਲ-ਚਾਲ ਪੁੱਛਣ ਅਤੇ ਉਨ੍ਹਾਂ ਦੀ ਪੱਗੜੀ ਵਾਪਸ ਕਰਨ ਲਈ ਐੱਚ. ਐੱਸ. ਫੂਲਕਾ, ਅਮਨ ਅਰੋੜਾ ਅਤੇ ਕੰਵਰ ਸੰਧੂ ਸੁਖਬੀਰ ਦੀ ਗੱਡੀ 'ਚ ਬੈਠ ਕੇ ਹੀ ਸੈਕਟਰ-16 ਹਸਪਤਾਲ 'ਚ ਗਏ।
ਕਰੋੜਾਂ ਦੀ ਪਬਲੀਸਿਟੀ ਮੁਫਤ 'ਚ ਮਿਲੀ : ਸੁਖਬੀਰ ਬਾਦਲ
ਸਿਆਸੀ ਘਟਨਾਕ੍ਰਮ 'ਚ ਇਸ ਨਵੇਂ ਮੋੜ 'ਤੇ ਅਕਾਲੀ ਖਾਸ ਕਰਕੇ ਸੁਖਬੀਰ ਖੁਦ ਬੇਹੱਦ ਖੁਸ਼ ਹਨ। ਸੁਖਬੀਰ ਨੇ ਤਾਂ ਇਥੋਂ ਤਕ ਕਹਿ ਦਿੱਤਾ ਕਿ ਬਜਟ ਸੈਸ਼ਨ ਦੌਰਾਨ ਉਨ੍ਹਾਂ ਨੂੰ ਜਿੰਨੀ ਪਾਜ਼ੇਟਿਵ ਪਬਲੀਸਿਟੀ ਮਿਲੀ ਹੈ, ਓਨੀ 3-4 ਕਰੋੜ ਰੁਪਏ ਖਰਚ ਕੇ ਵੀ ਨਹੀਂ ਮਿਲ ਸਕਦੀ ਸੀ। ਇਸ ਦੇ ਲਈ ਉਹ 'ਆਪ' ਨੇਤਾਵਾਂ ਦਾ ਧੰਨਵਾਦ ਕਰਦੇ ਹਨ।
ਸ਼੍ਰੋਮਣੀ ਅਕਾਲੀ ਦਲ ਨਾਲ ਕੋਈ ਸਿਆਸੀ ਸਮਝੌਤਾ ਨਹੀਂ ਅਤੇ ਨਾ ਹੀ 'ਆਪ' ਆਗੂ ਸੁਖਬੀਰ ਦੇ ਜਾਲ 'ਚ ਫਸੇ : ਫੂਲਕਾ
ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਤੇ ਆਮ ਆਦਮੀ ਪਾਰਟੀ ਦੇ ਲੀਡਰ ਐੱਚ. ਐੱਸ. ਫੂਲਕਾ ਨੇ ਕਿਹਾ ਕਿ ਸਦਨ ਦੇ ਬਜਟ ਸੈਸ਼ਨ ਦੌਰਾਨ ਅਕਾਲੀ-ਭਾਜਪਾ ਨੇਤਾਵਾਂ ਵਲੋਂ 'ਆਪ' ਵਿਧਾਇਕਾਂ ਦੀ ਮਦਦ ਲਈ ਅੱਗੇ ਆਉਣ ਦਾ ਇਹ ਅਰਥ ਨਹੀਂ ਹੈ ਕਿ ਦੋਵਾਂ ਵਿਚਕਾਰ ਕੋਈ ਸਿਆਸੀ ਸਮਝੌਤਾ ਜਾਂ ਤਾਲਮੇਲ ਹੋ ਗਿਆ ਹੈ। ਉਨ੍ਹਾਂ ਇਸ ਗੱਲ ਤੋਂ ਇਨਕਾਰ ਕੀਤਾ ਕਿ ਸਦਨ 'ਚ ਘਟਨਾਕ੍ਰਮ ਦੌਰਾਨ 'ਆਪ' ਨੇਤਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਵਿਛਾਏ ਗਏ ਜਾਲ 'ਚ ਫਸ ਕੇ ਰਹਿ ਗਏ ਹਨ, ਜਿਸ ਕਾਰਨ ਉਹ ਵਿਧਾਨ ਸਭਾ 'ਚ ਲੋਕਹਿਤ ਸੰਬੰਧੀ ਮੁੱਦਿਆਂ ਨੂੰ ਉਠਾਉਣ ਦੀ ਬਜਾਏ ਸਦਨ ਦੀ ਕਾਰਵਾਈ ਨੂੰ ਲੈ ਕੇ ਉਠੇ ਸੁਆਲਾਂ 'ਚ ਹੀ ਉਲਝੇ ਰਹੇ।
'ਸਪੀਕਰ ਵੱਲੋਂ ਮੁਅੱਤਲੀ ਦੇ ਨਿਰਦੇਸ਼ ਸਿਰਫ ਖਹਿਰਾ ਤੇ ਬੈਂਸ ਨਾਲ ਸੰਬੰਧਤ ਸਨ'
ਫੂਲਕਾ ਨੇ ਕਿਹਾ ਕਿ ਜਦੋਂ ਸਪੀਕਰ ਰਾਣਾ ਕੇ. ਪੀ. ਸਿੰਘ ਨੇ 'ਆਪ' ਵਿਧਾਇਕਾਂ ਨੂੰ ਨੇਮ ਕਰਨ ਮਗਰੋਂ ਸਦਨ ਤੋਂ ਚਲੇ ਜਾਣ ਲਈ ਕਿਹਾ ਤਾਂ ਉਹ ਬਾਹਰ ਚਲੇ ਗਏ ਸਨ ਪਰ ਸੁਖਬੀਰ ਨੇ ਉਨ੍ਹਾਂ ਨੂੰ ਇਹ ਕਹਿ ਕੇ ਵਾਪਸ ਸਦਨ 'ਚ ਬੁਲਾ ਲਿਆ ਕਿ ਸਪੀਕਰ ਨੇ ਉਨ੍ਹਾਂ ਨੂੰ ਸਦਨ ਤੋਂ ਕੱਢਣ ਸੰਬੰਧੀ ਕੋਈ ਆਰਡਰ ਨਹੀਂ ਦਿੱਤਾ। ਫੂਲਕਾ ਨੇ ਕਿਹਾ ਕਿ ਉਨ੍ਹਾਂ ਖੁਦ ਇਸ ਗੱਲ ਦੀ ਤਸਦੀਕ ਕੀਤੀ ਕਿ ਸਪੀਕਰ ਦਾ ਮੁਅੱਤਲੀ ਸੰਬੰਧੀ ਨੋਟਿਸ ਸਿਰਫ 'ਆਪ' ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਲੋਕ ਇਨਸਾਫ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਨਾਲ ਹੀ ਸੰਬੰਧਤ ਸੀ। ਇਸ ਲਈ ਉਹ ਵਾਪਸ ਸਦਨ 'ਚ ਆ ਗਏ, ਜਿਸ ਦਾ ਸਪੀਕਰ ਨੇ ਗੰਭੀਰ ਨੋਟਿਸ ਲੈਂਦਿਆਂ ਉਨ੍ਹਾਂ ਨੂੰ ਮਾਰਸ਼ਲਾਂ ਜ਼ਰੀਏ ਸਦਨ ਤੋਂ ਬਾਹਰ ਕਰਵਾ ਦਿੱਤਾ, ਜਿਸ ਦੌਰਾਨ ਵਾਚ ਐਂਡ ਵਾਰਡ ਸਟਾਫ ਵਿਚ ਝੜਪਾਂ ਵੀ ਹੋਈਆਂ।
ਸਦਨ 'ਚ ਆਪਣੀ ਭੂਮਿਕਾ ਨੂੰ ਲੈ ਕੇ ਵੀ ਦੋ ਧੜਿਆਂ 'ਚ ਵੰਡੀ ਗਈ ਸੀ ਆਮ ਆਦਮੀ ਪਾਰਟੀ
ਪਾਰਟੀ ਹਲਕਿਆਂ ਦਾ ਕਹਿਣਾ ਹੈ ਕਿ ਫੂਲਕਾ ਸਦਨ 'ਚ ਕਿਸੇ ਵੀ ਤਰ੍ਹਾਂ ਦੇ ਵਿਰੋਧ, ਵਾਕਆਊਟ ਜਾਂ ਧਰਨੇ ਦੇ ਪੱਖ 'ਚ ਨਹੀਂ ਹਨ। ਸਵ. ਪੰਜਾਬ ਡੀ. ਜੀ. ਪੀ. ਕੇ. ਪੀ. ਐੱਸ. ਗਿੱਲ ਨੂੰ ਸ਼ਰਧਾਂਜਲੀ ਦਿੱਤੇ ਜਾਣ ਦੇ ਮੁੱਦੇ 'ਤੇ ਫੂਲਕਾ ਦਾ ਸਟੈਂਡ ਇਹ ਸੀ ਕਿ ਸਾਨੂੰ ਇਸ ਦਾ ਵਿਰੋਧ ਨਹੀਂ ਕਰਨਾ ਚਾਹੀਦਾ, ਕਿਉਂਕਿ ਇਹ ਅਕਾਲੀਆਂ ਦਾ ਮੁੱਦਾ ਹੈ ਪਰ 'ਆਪ' ਦੇ ਬਾਗੀ ਤਬੀਅਤ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇਹ ਸਟੈਂਡ ਲਿਆ ਕਿ 'ਆਪ' ਨੂੰ ਨਾ ਸਿਰਫ ਗਿੱਲ ਨੂੰ ਸ਼ਰਧਾਂਜਲੀ, ਸਗੋਂ ਅਕਾਲੀਆਂ ਦਾ ਵੀ ਵਿਰੋਧ ਕਰਨਾ ਚਾਹੀਦਾ। ਇਸ ਮੁੱਦੇ 'ਤੇ 'ਆਪ' ਵਿਧਾਇਕ ਦਲ 'ਚ ਵੋਟਿੰਗ ਵੀ ਹੋਈ, ਜਿਸ 'ਚ 16 ਵਿਧਾਇਕਾਂ ਨੇ ਖਹਿਰਾ ਦੇ ਸਟੈਂਡ ਦਾ ਸਮਰਥਨ ਕੀਤਾ।
ਸ਼ੁਰੂਆਤੀ ਦਿਨਾਂ 'ਚ ਸਦਨ ਤੋਂ ਗਾਇਬ ਸੁਖਬੀਰ-ਮਜੀਠੀਆ
ਨਤੀਜੇ ਵਜੋਂ ਸੈਸ਼ਨ ਦੇ ਪਹਿਲੇ 1-2 ਦਿਨ ਸੁਖਬੀਰ ਅਤੇ ਮਜੀਠੀਆ ਸਦਨ ਤੋਂ ਗਾਇਬ ਰਹੇ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤਾਂ ਸੈਸ਼ਨ 'ਚ ਆਏ ਹੀ ਨਹੀਂ। ਪਰ ਜਿਵੇਂ ਜਿਵੇਂ ਹੀ ਬਜਟ ਸੈਸ਼ਨ ਅੱਗੇ ਵਧਿਆ, ਤਿਵੇਂ-ਤਿਵੇਂ ਅਕਾਲੀਆਂ 'ਚ ਆਤਮ ਵਿਸ਼ਵਾਸ ਜਾਗਣ ਲੱਗਾ। 'ਆਪ' ਵਿਧਾਇਕਾਂ ਦੇ ਹਮਲਾਵਰ ਰਵੱਈਏ ਨੂੰ ਲੈ ਕੇ ਜਦੋਂ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਉਨ੍ਹਾਂ ਨੂੰ ਸਦਨ ਤੋਂ ਮੁਅੱਤਲ ਕਰਨਾ ਸ਼ੁਰੂ ਕਰ ਦਿੱਤਾ ਤਾਂ ਸੁਖਬੀਰ ਨੇ ਮੌਕਾ ਵੇਖ ਕੇ ਲੋਕਤੰਤਰ ਦੀ ਦੁਹਾਈ ਦਿੰਦੇ ਹੋਏ 'ਆਪ' ਵਿਧਾਇਕਾਂ ਦਾ ਸਾਥ ਦੇਣਾ ਸ਼ੁਰੂ ਕਰ ਦਿੱਤਾ।
'ਆਪ' ਵਿਧਾਇਕਾਂ ਵੱਲੋਂ ਸੁਖਬੀਰ ਦੀ ਗੱਡੀ 'ਚ ਬੈਠ ਕੇ ਹਸਪਤਾਲ ਜਾਣ ਦਾ ਗਲਤ ਮਤਲਬ ਨਾ ਕੱਢਿਆ ਜਾਵੇ'
ਫੂਲਕਾ ਨੇ ਕਿਹਾ ਕਿ ਵਾਚ ਐਂਡ ਵਾਰਡ ਸਟਾਫ ਨਾਲ ਧੱਕਾ-ਮੁੱਕੀ ਦੌਰਾਨ 'ਆਪ' ਵਿਧਾਇਕ ਪਿਰਮਲ ਸਿੰਘ ਦੀ ਪਗੜੀ ਉੱਤਰ ਗਈ ਸੀ, ਜਿਸ ਨੂੰ ਅਕਾਲੀਆਂ ਨੇ ਉਨ੍ਹਾਂ ਨੂੰ ਵਾਪਸ ਕੀਤਾ। ਇਹ ਕੰਮ ਕਾਂਗਰਸ ਵਿਧਾਇਕ ਵੀ ਕਰ ਸਕਦੇ ਸਨ ਪਰ ਉਨ੍ਹਾਂ ਅਜਿਹਾ ਨਹੀਂ ਕੀਤਾ। ਪਿਰਮਲ ਸਿੰਘ ਨੂੰ ਪਗੜੀ ਵਾਪਸ ਕਰਨ ਲਈ ਫੂਲਕਾ, ਅਮਨ ਅਰੋੜਾ ਅਤੇ ਕੰਵਰ ਸੰਧੂ, ਤਿੰਨੇ ਸੁਖਬੀਰ ਦੀ ਗੱਡੀ 'ਚ ਸਵਾਰ ਹੋ ਕੇ ਸੈਕਟਰ 16 ਦੇ ਹਸਪਤਾਲ ਤਕ ਗਏ। ਇਸ 'ਚ ਕੁਝ ਵੀ ਗਲਤ ਨਹੀਂ ਹੈ ਅਤੇ ਨਾ ਹੀ ਇਸ ਦੇ ਕੋਈ ਗਲਤ ਮਤਲਬ ਕੱਢੇ ਜਾਣੇ ਚਾਹੀਦੇ ਹਨ।
'ਆਪ' ਵਿਧਾਇਕਾਂ ਵੱਲੋਂ ਸੁਖਬੀਰ ਦਾ ਸਾਥ ਦੇਣ ਨਾਲ  ਜਨਤਾ 'ਚ ਗਿਆ ਗਲਤ ਸੰਦੇਸ਼ : ਬੈਂਸ
ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਫੂਲਕਾ ਅਤੇ ਹੋਰਨਾਂ 'ਆਪ' ਵਿਧਾਇਕਾਂ ਵਲੋਂ ਸੁਖਬੀਰ ਦੀ ਗੱਡੀ 'ਚ ਸਵਾਰੀ ਕਰਕੇ ਬਹੁਤ ਵੱਡੀ ਗਲਤੀ ਕੀਤੀ ਹੈ। ਇਸ ਨਾਲ ਜਨਤਾ 'ਚ ਬਹੁਤ ਗਲਤ ਸੰਦੇਸ਼ ਗਿਆ ਹੈ। ਅਕਾਲੀਆਂ ਨੇ ਆਪਣੇ 10 ਸਾਲ ਦੇ ਕਾਰਜਕਾਲ ਦੌਰਾਨ ਪਤਾ ਨਹੀਂ ਕਿੰਨੇ ਲੋਕਾਂ ਦੀਆਂ ਪੱਗਾਂ ਉਤਾਰੀਆਂ ਹਨ ਅਤੇ ਉਨ੍ਹਾਂ 'ਤੇ ਪੁਲਸ ਜ਼ਰੀਏ ਹਿੰਸਕ ਹਮਲੇ ਕਰਵਾਏ ਹਨ। ਹੁਣ ਉਹ ਕਿਸ ਮੂੰਹ ਨਾਲ ਸਿੱਖੀ ਅਤੇ ਪਗੜੀਆਂ ਦੇ ਰੱਖਿਅਕ ਬਣਨ ਦਾ ਯਤਨ ਕਰ ਰਹੇ ਹਨ।
ਆਮ ਆਦਮੀ ਪਾਰਟੀ ਅੰਦਰ ਘੁਸਰ-ਮੁਸਰ ਸ਼ੁਰੂ
ਆਮ ਆਦਮੀ ਪਾਰਟੀ 'ਚ ਫੂਲਕਾ ਵੱਲੋਂ ਬਜਟ ਸੈਸ਼ਨ ਦੌਰਾਨ ਨਿਭਾਈ ਗਈ ਭੂਮਿਕਾ ਅਤੇ ਉਨ੍ਹਾਂ ਦੀ ਲੀਡਰਸ਼ਿਪ ਨੂੰ ਲੈ ਕੇ ਘੁਸਰ-ਮੁਸਰ ਸ਼ੁਰੂ ਹੋ ਗਈ ਹੈ।
ਪਾਰਟੀ ਹਲਕਿਆਂ ਦਾ ਕਹਿਣਾ ਹੈ ਕਿ ਸਦਨ ਦੀ ਕਾਰਵਾਈ ਸੰਬੰਧੀ ਕਾਇਦੇ-ਕਾਨੂੰਨਾਂ ਤੋਂ ਨਾ-ਵਾਕਿਫ ਹੋਣ ਕਾਰਨ ਪੰਜਾਬ ਦੇ ਭਖਦੇ ਮੁੱਦਿਆਂ 'ਤੇ 'ਆਪ' ਦੇ ਵਿਧਾਇਕ ਨਾ ਸਿਰਫ ਆਪਣੀ ਆਵਾਜ਼ ਬੁਲੰਦ ਕਰਨ ਤੋਂ ਵਾਂਝੇ ਰਹਿ ਗਏ, ਸਗੋਂ ਅਕਾਲੀਆਂ ਨੂੰ ਵੀ ਸਦਨ ਦੇ ਅੰਦਰ ਤੇ ਬਾਹਰ ਵਾਹ-ਵਾਹੀ ਲੁੱਟਣ ਦਾ ਮੌਕਾ ਦੇ ਦਿੱਤਾ।


Related News